ਮੋਗਾ ਰੈਲੀ ਲਈ ਭਾਜਪਾ ਪਰਿਵਾਰ ਦਿਨ-ਰਾਤ ਇਕ ਕਰ ਦੇਵੇਗਾ : ਖੋਜੇਵਾਲ
ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਜਾ ਰਹੀ ਮੋਗਾ ਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਪਰਿਵਾਰ ਦਿਨ-ਰਾਤ ਇਕ ਕਰ ਦੇਵੇਗਾ-ਖੋਜੇਵਾਲ
Publish Date: Mon, 02 Mar 2026 09:38 PM (IST)
Updated Date: Mon, 02 Mar 2026 09:40 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਫਗਵਾੜਾ : ਵਿਰਾਸਤੀ ਸ਼ਹਿਰ ਦੇ ਵਾਰਡ ਨੰਬਰ 38 ਤੋਂ ਐਤਵਾਰ ਨੂੰ ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਦੀ ਪ੍ਰੇਰਨਾ ਸਦਕਾ ਤੇ ਸੁਭਾਸ਼ ਚੰਦਰ ਸ਼ਰਮਾ ਤੇ ਗੁਲਜ਼ਾਰ ਸਿੰਘ ਗਿੱਲ ਦੀ ਅਗਵਾਈ ਹੇਠ 15 ਦੇ ਕਰੀਬ ਪਰਿਵਾਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿਚ ਪਾਰਟੀ ਵਰਕਰਾਂ ਤੇ ਸਮਰਥਕਾਂ ਨੇ ਨਵੇਂ ਮੈਂਬਰਾਂ ਸੁਭਾਸ਼ ਚੰਦਰ ਸ਼ਰਮਾ, ਗੁਲਜ਼ਾਰ ਸਿੰਘ ਗਿੱਲ, ਸਾਗਰ ਸ਼ਰਮਾ, ਕਿਰਨ ਸ਼ਰਮਾ, ਗੁਰਵਿੰਦਰ ਸਿੰਘ, ਦੀਪਕ ਭਨੋਟ, ਆਦਿਤਿਆ ਭਨੋਟ, ਜੈ ਰਾਮ, ਸਰਵਣ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੇ ਕਿਹਾ ਕਿ ਉਹ ਕੇਂਦਰ ਵਿਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੇ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਨਾਲ ਜੁੜੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਸਿੱਧਾ ਆਮ ਲੋਕਾਂ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਲੋਕਾਂ ਵਿਚ ਭਾਜਪਾ ਪ੍ਰਤੀ ਭਰੋਸਾ ਵਧਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਤੇ ਮਜ਼ਬੂਤ ਲੀਡਰਸ਼ਿਪ ਨੂੰ ਦੇਖਦੇ ਹੋਏ ਉਨ੍ਹਾਂ ਨੇ ਪਾਰਟੀ ਨਾਲ ਕਦਮ ਮਿਲਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਹਰ ਵਰਗ ਤੱਕ ਪਹੁੰਚ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਲੋਕ ਧੜਾਧੜ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਉਦੇਸ਼ ਦੇਸ਼ ਤੇ ਰਾਜ ਦਾ ਸਰਬਪੱਖੀ ਵਿਕਾਸ ਕਰਨਾ ਹੈ ਤੇ ਭਾਜਪਾ ਹਮੇਸ਼ਾ ਲੋਕ-ਭਲਾਈ ਦੇ ਕੰਮਾਂ ਲਈ ਵਚਨਬੱਧ ਰਹੀ ਹੈ। ਖੋਜੇਵਾਲ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਲੋਕ ਭਾਜਪਾ ਨੂੰ ਭਾਰੀ ਸਮਰਥਨ ਦੇਣਗੇ ਤੇ ਇਸ ਵਾਰ ਰਾਜ ਵਿਚ ਵੀ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਉਪਲਬਧੀਆਂ ਬਾਰੇ ਜਾਣੂ ਕਰਵਾ ਰਹੇ ਹਨ ਤੇ ਲੋਕਾਂ ਦਾ ਉਤਸ਼ਾਹ ਦਿਨੋਂ-ਦਿਨ ਵੱਧ ਰਿਹਾ ਹੈ। ਇਸ ਮੌਕੇ ਖੋਜੇਵਾਲ ਨੇ ਵਰਕਰਾਂ ਨੂੰ ਦੱਸਿਆ ਕਿ ਪੰਜਾਬ ਵਿਚ 2027 ਦੀ ਚੋਣ ਦਾ ਬਿਗੁਲ ਵਜਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਜਾ ਰਹੀ ਰੈਲੀ ਨੂੰ ਸਫਲ ਬਣਾਉਣ ਲਈ ਪੂਰੇ ਪੰਜਾਬ ਦਾ ਭਾਜਪਾ ਪਰਿਵਾਰ ਦਿਨ-ਰਾਤ ਇਕ ਕਰ ਦੇਵੇਗਾ। ਇਸ ਰੈਲੀ ਨੂੰ ਸਫਲ ਬਣਾਉਣ ਲਈ ਘਰ-ਘਰ ਜਾਵਾਂਗੇ। ਖੋਜੇਵਾਲ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਰੈਲੀ ਅਸਲੀਅਤ ਤੌਰ ’ਤੇ ਪੰਜਾਬ ’ਚ ਬਦਲਾਅ ਲੈ ਕੇ ਆਵੇਗੀ। ਪੰਜਾਬ ਦੇ ਸਿਸਟਮ ਨੂੰ ਲੋਕਾਂ ਦੀ ਇੱਛਾ ਅਨੁਸਾਰ ਬਦਲ ਕੇ ਡੁੱਬਦੇ ਪੰਜਾਬ ਨੂੰ ਪੈਰਾਂ ਸਿਰ ਕਰ ਕੇ ਤਰੱਕੀ ਦੀਆਂ ਲੀਹਾ ’ਤੇ ਤੋਰ ਕੇ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾਉਣਗੇ।ਖੋਜੇਵਾਲ ਨੇ ਕਿਹਾ ਕਿ ਹੁਣ ਤੱਕ ਦੀਆਂ ਸਰਕਾਰਾਂ ਤੇ ਖਾਸ ਕਰ ਕੇ ਝਾੜੂ ਸਰਕਾਰ ਨੇ ਪੰਜਾਬ ਨੂੰ ਅਜਿਹਾ ਕਰਜ਼ਾਈ ਬਣਾਇਆ ਕਿ ਕੇਂਦਰ ਦੀ ਸਰਕਾਰ ਦੀ ਮਦਦ ਤੋਂ ਬਿਨਾਂ ਪੰਜਾਬ ਕਰਜ਼ਾ ਮੁਕਤ ਨਹੀਂ ਹੋ ਸਕਦਾ। ਇਸ ਮੌਕੇ ਭਾਜਪਾ ਮੰਡਲ ਸਿਟੀ ਇਕ ਦੇ ਪ੍ਰਧਾਨ ਕਮਲ ਪ੍ਰਭਾਕਰ, ਮੰਡਲ ਦੋ ਦੇ ਪ੍ਰਧਾਨ ਲੱਕੀ ਸਰਪੰਚ, ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਬਿੱਟੂ ਧੱਮ, ਰੇਣੁ ਰਣਜੀਤ ਕੌਰ, ਮੱਸਾ ਸਿੰਘ, ਸ਼ਾਰਪ ਸੱਭਰਵਾਲ, ਅਜੈ ਅਰੋੜਾ ਕਾਲੀ ਤੋਂ ਇਲਾਵਾ ਅਨੇਕਾਂ ਆਗੂ ਵੀ ਹਾਜ਼ਰ ਸਨ।