ਭਾਜਪਾ ਨੇ ਸਾੜਿਆ ਲਾਲਜੀਤ ਭੁੱਲਰ ਦਾ ਪੁਤਲਾ
ਭਾਜਪਾ ਨੇ ਲਾਲਜੀਤ ਭੁੱਲਰ ਦਾ ਸਾੜਿਆ ਪੁਤਲਾ, ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ
Publish Date: Mon, 23 Mar 2026 09:26 PM (IST)
Updated Date: Mon, 23 Mar 2026 09:28 PM (IST)

ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ ਦੋਸ਼ੀਆਂ ਨੂੰ ਜਲਦੀ ਸਜ਼ਾ ਦੇਣ ਦੀ ਅਪੀਲ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਕਪੂਰਥਲਾ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਲਾਲਜੀਤ ਭੁੱਲਰ ਵਿਰੁੱਧ ਸੀਬੀਆਈ ਜਾਂਚ ਦੀ ਮੰਗ ਕੀਤੀ। ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਪ੍ਰਦਰਸ਼ਨ ਕੀਤੇ। ਕਪੂਰਥਲਾ ਜ਼ਿਲ੍ਹੇ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦਾਅਵਾ ਕੀਤਾ ਕਿ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੀਬੀਆਈ ਜਾਂਚ ਦੇ ਇਸ਼ਾਰੇ ਤੇ ਭਾਜਪਾ ਦੇ ਦਬਾਅ ਕਾਰਨ ਹੋਈ ਹੈ। ਖੋਜੇਵਾਲ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਕੇਸ ਸੀਬੀਆਈ ਨੂੰ ਨਹੀਂ ਸੌਂਪਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ, ਜਿਨ੍ਹਾਂ ਵਿਚ ਦਿੱਲੀ ਦੇ ਆਗੂ ਵੀ ਸ਼ਾਮਲ ਹਨ, ਨਾਲ ਸਬੰਧਤ ਕਈ ਪਰਤਾਂ ਬੇਨਕਾਬ ਹੋ ਜਾਣਗੀਆਂ ਤੇ ਇਹ ਵੀ ਪਤਾ ਲੱਗੇਗਾ ਕਿ ਮੰਤਰੀਆਂ ਦੁਆਰਾ ਇਕੱਠਾ ਕੀਤਾ ਗਿਆ ਪੈਸਾ ਕਿੱਥੇ ਭੇਜਿਆ ਗਿਆ ਸੀ। ਜ਼ਿਲ੍ਹਾ ਪ੍ਰਧਾਨ ਨੇ ਡੀਆਈਜੀ ਭੁੱਲਰ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ। ਪੰਜਾਬ ਸਰਕਾਰ ਨੇ ਪਹਿਲਾਂ ਜਾਂਚ ਨੂੰ ਸੀਬੀਆਈ ਕੋਲ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਗ੍ਰਿਫ਼ਤਾਰੀਆਂ ਇਸੇ ਇਰਾਦੇ ਨਾਲ ਕੀਤੀਆਂ ਗਈਆਂ ਸਨ ਕਿ ਕੇਸ ਨੂੰ ਲੰਮਾ ਕੀਤਾ ਜਾ ਸਕੇ। ਹਾਲਾਂਕਿ, ਭਾਜਪਾ ਨੇ ਸੰਘਰਸ਼ ਜਾਰੀ ਰੱਖਣ ਤੇ ਪੀੜਤ ਪਰਿਵਾਰ ਦੇ ਨਾਲ ਪੂਰਾ ਇਨਸਾਫ਼ ਮਿਲਣ ਤੱਕ ਖੜ੍ਹੇ ਰਹਿਣ ਦਾ ਪ੍ਰਣ ਲਿਆ। ਖੋਜੇਵਾਲ ਨੇ ਮੰਗ ਕੀਤੀ ਕਿ ਸੀਬੀਆਈ ਮਾਮਲੇ ਦੀ ਜਾਂਚ ਕਰੇ ਤੇ ਮੁਕੱਦਮਾ ਫਾਸਟ-ਟਰੈਕ ਅਦਾਲਤ ਵਿਚ ਚਲਾਇਆ ਜਾਵੇ ਤਾਂ ਜੋ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾ ਸਕੇ ਤੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪੀੜਤ ਪਰਿਵਾਰ ਤੇ ਅਜੇ ਵੀ ਦਬਾਅ ਪਾਇਆ ਜਾ ਰਿਹਾ ਹੈ। ਮੌਜੂਦ ਲੋਕਾਂ ਵਿਚ ਕਪੂਰਚੰਦ ਥਾਪਰ, ਜਗਦੀਸ਼ ਸ਼ਰਮਾ, ਸੰਨੀ ਬੈਂਸ, ਅਸ਼ਵਨੀ ਤੁਲੀ, ਰੋਸ਼ਨ ਸਭਰਵਾਲ, ਕਮਲ ਪ੍ਰਭਾਕਰ, ਲੱਕੀ ਸਰਪੰਚ, ਸੁਨੀਲ ਅਰੋੜਾ, ਬਲਵਿੰਦਰ ਰਾਏਵਾਲ, ਸੋਨੂੰ ਔਜਲਾ, ਸਾਹਿਲ ਵਾਲੀਆ, ਸਰਬਜੀਤ ਬੰਟੀ, ਸਾਹਿਲ ਸਹਿਗਲ ਤੇ ਗੁਰਜੀਤ ਠੀਕਰੀਵਾਲ ਸਸਾਹਿਲ ਸ਼ਰਮਾ, ਤਿੱਖੇ ਸੱਭਰਵਾਲ, ਸਰਬਜੀਤ ਸਿੰਘ ਦਿਓਲ ਸਮੇਤ ਹੋਰ ਹਾਜ਼ਰ ਸਨ।