ਮਜੀਠੀਆ ਦੀ ਰਿਹਾਈ ਨੇ ਪੰਜਾਬ ਦੀ ਰਾਜਨੀਤੀ ’ਚ ਨਵਾਂ ਜੋਸ਼ ਭਰਿਆ : ਜੋਸਨ
ਬਿਕਰਮਜੀਤ ਸਿੰਘ ਮਜੀਠੀਆ ਦੀ ਰਿਹਾਈ ਨੇ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਜੋਸ਼ ਭਰਿਆ ਹੈ : ਗੋਲਡੀ ਜੋਸਨ
Publish Date: Tue, 03 Feb 2026 07:35 PM (IST)
Updated Date: Tue, 03 Feb 2026 07:38 PM (IST)
ਜਨਤਾ ਦਾ ਸਮਰਥਨ ਦੇਖ ਕੇ ਸਰਕਾਰ ਦੀ ਨੀਂਦ ਉੱਡ ਗਈ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪਿੰਡ ਡੌਲਾ ਦੇ ਸਰਪੰਚ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਮਨਜੀਤ ਸਿੰਘ ਗੋਲਡੀ ਜੋਸਨ ਨੇ ਅੱਜ ਬਿਕਰਮਜੀਤ ਸਿੰਘ ਮਜੀਠੀਆ ਦੀ ਜੇਲ੍ਹ ਤੋਂ ਰਿਹਾਈ 'ਤੇ ਖੁਸ਼ੀ ਪ੍ਰਗਟ ਕਰਦਿਆਂ ਇਸਨੂੰ ਸੱਚ ਦੀ ਜਿੱਤ ਤੇ ਝੂਠੀ ਰਾਜਨੀਤੀ ਦੀ ਹਾਰ ਦੱਸਿਆ। ਮਨਜੀਤ ਸਿੰਘ ਗੋਲਡੀ ਜੋਸਨ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਪੂਰਾ ਕੇਸ ਸ਼ੁਰੂ ਤੋਂ ਹੀ ਰਾਜਨੀਤਿਕ ਬਦਲਾਖੋਰੀ ਤੋਂ ਪ੍ਰੇਰਿਤ ਸੀ। ਪੰਜਾਬ ਸਰਕਾਰ ਨੇ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਹਟਾਉਣ ਲਈ ਇਕ ਪ੍ਰਸਿੱਧ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਸੱਚ ਦਾ ਪੱਖ ਲਿਆ।
ਉਨ੍ਹਾਂ ਕਿਹਾ ਕਿ ਜਦੋਂ ਮਜੀਠੀਆ ਅੱਜ ਜੇਲ੍ਹ ਤੋਂ ਬਾਹਰ ਆਇਆ ਤੇ ਜਨਤਾ ਵਿਚ ਪੇਸ਼ ਹੋਇਆ ਤਾਂ ਹਜ਼ਾਰਾਂ ਵਰਕਰਾਂ, ਆਗੂਆਂ ਤੇ ਆਮ ਲੋਕਾਂ ਵੱਲੋਂ ਕੀਤੇ ਗਏ ਉਤਸ਼ਾਹੀ ਸਵਾਗਤ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਕਿਸ ਦੇ ਨਾਲ ਖੜ੍ਹੇ ਹਨ। ਇਹ ਸਿਰਫ਼ ਇਕ ਨੇਤਾ ਦੀ ਰਿਹਾਈ ਨਹੀਂ ਹੈ, ਸਗੋਂ ਦੇਸ਼ ਵਿਚ ਬਦਲਦੇ ਰਾਜਨੀਤਿਕ ਮਾਹੌਲ ਦਾ ਸੰਕੇਤ ਹੈ। ਗੋਲਡੀ ਜੋਸਨ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਸਰਕਾਰ ਨੇ ਝੂਠੇ ਕੇਸਾਂ, ਧਮਕੀਆਂ ਤੇ ਦਬਾਅ ਦੀ ਰਾਜਨੀਤੀ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਉਨ੍ਹਾਂ ਦੀ ਪੂਰੀ ਯੋਜਨਾ ਅਸਫਲ ਹੋ ਗਈ ਹੈ। ਜਿਹੜੇ ਲੋਕ ਸੋਚਦੇ ਸਨ ਕਿ ਮਜੀਠੀਆ ਦੀ ਆਵਾਜ਼ ਉਸਦੀ ਕੈਦ ਨਾਲ ਚੁੱਪ ਹੋ ਜਾਵੇਗੀ, ਉਹ ਹੁਣ ਜਨਤਕ ਸਮਰਥਨ ਦੇ ਵਹਾਅ ਤੋਂ ਡਰੇ ਹੋਏ ਹਨ।
ਉਨ੍ਹਾਂ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਹਮੇਸ਼ਾਂ ਪੰਜਾਬ ਤੇ ਪੰਥਕ ਹਿੱਤਾਂ ਲਈ ਲੜਾਈ ਲੜੀ ਹੈ ਤੇ ਪਹਿਲਾਂ ਨਾਲੋਂ ਵੀ ਵੱਧ ਜੋਸ਼ ਨਾਲ ਸੱਚ ਲਈ ਲੜਦੇ ਰਹਿਣਗੇ। ਅੱਜ ਦੀ ਰਿਹਾਈ ਸਾਬਤ ਕਰਦੀ ਹੈ ਕਿ ਸੱਚ ਨੂੰ ਦਬਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕੀਤੀ ਜਾਵੇ, ਇਹ ਅੰਤ ਵਿਚ ਸਾਹਮਣੇ ਆਵੇਗੀ। ਮਨਜੀਤ ਸਿੰਘ ਗੋਲਡੀ ਜੋਸਨ ਨੇ ਕਿਹਾ ਕਿ ਮਜੀਠੀਆ ਦੀ ਰਿਹਾਈ ਨੇ ਅਕਾਲੀ ਵਰਕਰਾਂ ਵਿਚ ਨਵਾਂ ਉਤਸ਼ਾਹ ਭਰਿਆ ਹੈ ਤੇ ਭਵਿੱਖ ਵਿਚ ਪੰਜਾਬ ਦੀ ਰਾਜਨੀਤੀ ਵਿਚ ਇਕ ਵੱਡਾ ਬਦਲਾਅ ਲਿਆਏਗਾ।