ਸੁਲਤਾਨਪੁਰ ਲੋਧੀ ’ਚ ਗੈਸ ਸਿਲੰਡਰ ਚੋਰੀ ਦਾ ਵੱਡਾ ਖੁਲਾਸਾ, ਵੀਡੀਓ ਵਾਇਰਲ
ਸੁਲਤਾਨਪੁਰ ਲੋਧੀ ਹਲਕੇ ’ਚ ਗੈਸ ਸਿਲੰਡਰ ਚੋਰੀ ਦਾ ਵੱਡਾ ਖੁਲਾਸਾ, ਵੀਡੀਓ ਵਾਇਰਲ
Publish Date: Sun, 11 Jan 2026 09:13 PM (IST)
Updated Date: Sun, 11 Jan 2026 09:15 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸੁਲਤਾਨਪੁਰ ਲੋਧੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਗੈਸ ਏਜੰਸੀਆਂ ਵੱਲੋਂ ਗੈਸ ਸਿਲੰਡਰਾਂ ਦੀ ਹੋ ਰਹੀ ਕਥਿਤ ਮਿਲੀਭੁਗਤ ਤੇ ਲੋਕਾਂ ਨਾਲ ਲੁੱਟ ਦਾ ਮਾਮਲਾ ਗੰਭੀਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਲੋਕਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਗੋਦਾਮਾਂ ਅੰਦਰ ਗੈਸ ਸਿਲੰਡਰਾਂ ਵਿਚੋਂ ਗੈਸ ਕੱਢ ਕੇ ਘੱਟ ਭਾਰ ਵਾਲੇ ਸਿਲੰਡਰ ਖਪਤਕਾਰਾਂ ਤੱਕ ਪਹੁੰਚਾਏ ਜਾ ਰਹੇ ਹਨ। ਇਸ ਮਾਮਲੇ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਦਾਮ ਅੰਦਰ ਸਿਲੰਡਰਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਇਹ ਖੁਲਾਸਾ ਇਕ ਮਸ਼ਹੂਰ ਪੰਜਾਬੀ ਟੀਵੀ ਚੈਨਲ ਦੇ ਪੱਤਰਕਾਰ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਲਾਕੇ ‘ਚ ਕਾਫੀ ਹਲਚਲ ਮਚ ਗਈ ਹੈ। ਸੁਲਤਾਨਪੁਰ ਲੋਧੀ ਦੇ ਆਸਪਾਸ ਦੇ ਇਲਾਕਿਆਂ ਦੇ ਪਿੰਡਾਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਗੈਸ ਸਿਲੰਡਰ ਸਮੇਂ ਤੋਂ ਪਹਿਲਾਂ ਖਤਮ ਹੋਣ ਦੀ ਸ਼ਿਕਾਇਤ ਮਿਲ ਰਹੀ ਸੀ ਪਰ ਹੁਣ ਵੀਡੀਓ ਸਾਹਮਣੇ ਆਉਣ ਨਾਲ ਉਨ੍ਹਾਂ ਦੇ ਸ਼ੱਕ ਨੂੰ ਮਜ਼ਬੂਤੀ ਮਿਲੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਗੈਸ ਏਜੰਸੀਆਂ ਅਤੇ ਕਰਮਚਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਗੈਸ ਏਜੰਸੀ ਨਾਲ ਜੁੜੇ ਅਧਿਕਾਰੀਆਂ ਨੇ ਆਪਣੇ ਬਿਆਨ ਵਿਚ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗੋਦਾਮਾਂ ਵਿਚ ਸਾਰੇ ਸਿਲੰਡਰ ਮਿਆਰੀ ਨਿਯਮਾਂ ਅਨੁਸਾਰ ਹੀ ਭਰੇ ਜਾਂਦੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਗੈਸ ਚੋਰੀ ਨਹੀਂ ਕੀਤੀ ਜਾਂਦੀ। ਅਧਿਕਾਰੀਆਂ ਮੁਤਾਬਕ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਵੀ ਕਰਮਚਾਰੀ ਦੀ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਉਪਭੋਗਤਾ ਸੁਰੱਖਿਆ ਵਿਭਾਗ ਅਤੇ ਸਪਲਾਈ ਵਿਭਾਗ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ, ਤਾਂ ਜੋ ਆਮ ਲੋਕਾਂ ਨਾਲ ਹੋ ਰਹੀ ਲੁੱਟ ‘ਤੇ ਰੋਕ ਲੱਗ ਸਕੇ। ਫਿਲਹਾਲ ਇਹ ਮਾਮਲਾ ਸੁਲਤਾਨਪੁਰ ਲੋਧੀ ਸਮੇਤ ਪੂਰੇ ਇਲਾਕੇ ‘ਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਤੇ ਲੋਕ ਇਨਸਾਫ਼ ਦੀ ਉਡੀਕ ਕਰ ਰਹੇ ਹਨ।