ਆਪ ਆਗੂਆਂ ਦੀ ਕਹਿਣੀ ਤੇ ਕਰਣੀ ’ਚ ਫ਼ਰਕ : ਬੰਟੀ ਵਾਲੀਆ
ਆਮ ਆਦਮੀ ਪਾਰਟੀ ਦੇ ਆਗੂਆਂ ਦੀ ਕਹਿਣੀ ਅਤੇ ਕਰਣੀ ਵਿੱਚ ਵੱਡਾ ਅੰਤਰ: ਕੌਂਸਲਰ ਬੰਟੀ ਵਾਲੀਆ
Publish Date: Thu, 11 Jun 2026 06:39 PM (IST)
Updated Date: Thu, 11 Jun 2026 06:41 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਵੱਲੋਂ ਮੁਹੱਲਿਆਂ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੌਰਾਨ ਵਿਰੋਧੀ ਧਿਰ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਕਥਿਤ ਵਿਤਕਰਾ ਕਰਨ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਵਾਰਡ ਨੰਬਰ 36 ਦੇ ਇਕ ਪਾਰਕ ਵਿਚ ਵਿਕਾਸ ਕਾਰਜ ਦੇ ਨੀਂਹ ਪੱਥਰ ’ਤੇ ਕਾਂਗਰਸੀ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਦਾ ਨਾਮ ਹੀ ਦਰਜ ਨਹੀਂ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਕੌਂਸਲਰ ਬੰਟੀ ਵਾਲੀਆ ਨੇ ਦੋਸ਼ ਲਗਾਇਆ ਕਿ ਜਿਥੇ ਉਨ੍ਹਾਂ ਦੇ ਵਾਰਡ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜ ਦੇ ਨੀਂਹ ਪੱਥਰ ਤੋਂ ਉਨ੍ਹਾਂ ਦਾ ਨਾਮ ਹਟਾਇਆ ਗਿਆ ਹੈ, ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਇਕ ਕੌਂਸਲਰ ਦਾ ਨਾਮ ਨਗਰ ਨਿਗਮ ਕਮਿਸ਼ਨਰ ਦੇ ਬਰਾਬਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਚੁਣੇ ਹੋਏ ਜਨ ਪ੍ਰਤੀਨਿਧੀਆਂ ਨਾਲ ਸਪੱਸ਼ਟ ਵਿਤਕਰਾ ਹੈ ਤੇ ਲੋਕਤੰਤਰੀ ਪਰੰਪਰਾਵਾਂ ਦੇ ਖ਼ਿਲਾਫ਼ ਹੈ। ਸਖ਼ਤ ਪ੍ਰਤੀਕਿਰਿਆ ਦਿੰਦਿਆਂ ਬੰਟੀ ਵਾਲੀਆ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਉਨ੍ਹਾਂ ਦਾ ਨਾਮ ਨੀਂਹ ਪੱਥਰ ‘ਤੇ ਨਹੀਂ ਲਿਖਣਾ ਚਾਹੁੰਦੀ ਤਾਂ ਇਹ ਉਸਦੀ ਸੋਚ ਹੋ ਸਕਦੀ ਹੈ, ਪਰ ਵਾਰਡ ਦੇ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਲਈ ਪਿਆਰ, ਸਨੇਹ ਤੇ ਸਤਿਕਾਰ ਘੱਟ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਲਗਭਗ 20 ਸਾਲਾਂ ਤੋਂ ਇਲਾਕਾ ਵਾਸੀਆਂ ਦੀ ਨਿਰੰਤਰ ਸੇਵਾ ਕਰਦਾ ਆ ਰਿਹਾ ਹੈ ਤੇ ਲੋਕਾਂ ਦਾ ਭਰੋਸਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਚਾਣ ਹੈ। ਕੌਂਸਲਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਵਾਰਡ ਵਿਚ ਪਹਿਲਾਂ ਵੀ ਵਿਰੋਧੀ ਪਾਰਟੀਆਂ ਨੂੰ ਲੋਕਾਂ ਦਾ ਸਮਰਥਨ ਨਹੀਂ ਮਿਲਿਆ ਤੇ ਭਵਿੱਖ ਵਿਚ ਵੀ ਵਾਰਡ ਵਾਸੀ ਵਿਕਾਸ ਤੇ ਸੇਵਾ ਦੇ ਆਧਾਰ ‘ਤੇ ਹੀ ਫੈਸਲਾ ਕਰਨਗੇ। ਉਨ੍ਹਾਂ ਕਿਹਾ ਕਿ ਸਿਆਸੀ ਭੇਦਭਾਵ ਨਾਲ ਵਿਕਾਸ ਨਹੀਂ ਰੁਕ ਸਕਦਾ ਤੇ ਲੋਕ ਸਭ ਕੁਝ ਦੇਖ ਰਹੇ ਹਨ। ਜ਼ਿਕਰ ਯੋਗ ਹੈ ਕਿ ਨਗਰ ਨਿਗਮ ਵੱਲੋਂ ਵਾਰਡ ਨੰਬਰ 36 ਵਿਚ ਮੌਜੂਦ ਪਾਰਕ ਅੰਦਰ ਬਾਸਕਟਬਾਲ ਕੋਰਟ ਬਣਾਈ ਜਾ ਰਹੀ ਹੈ, ਜਿਸ ਦਾ ਵਿਰੋਧ ਹੋਣਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਹੈ। ਨਿਊ ਮਾਡਲ ਟਾਊਨ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਇਸ ਬਾਸਕਟਬਾਲ ਕੋਰਟ ਨੂੰ ਉਨ੍ਹਾਂ ਦੇ ਪਾਰਕ ਵਿਚ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪਾਰਕ ਹਰਿਆਲੀ ਭਰਿਆ ਤੇ ਬਹੁਤ ਹੀ ਵਧੀਆ ਬਣਿਆ ਹੋਇਆ ਹੈ, ਜਿੱਥੇ ਬੱਚੇ, ਬਜ਼ੁਰਗ ਆ ਕੇ ਸਵੇਰੇ ਤੇ ਸ਼ਾਮ ਸੈਰ ਕਰਦੇ ਹਨ। ਬਾਸਕਟਬਾਲ ਕੋਰਟ ਨਾਲ ਉੱਥੇ ਦਾ ਮਾਹੌਲ ਖਰਾਬ ਹੋਵੇਗਾ। ਉਨ੍ਹਾਂ ਬਾਸਕਟਬਾਲ ਕੋਰਟ ਨਾ ਲਗਾਉਣ ਸਬੰਧੀ ਨਗਰ ਨਿਗਮ ਕਮਿਸ਼ਨਰ ਨੂੰ ਬੇਨਤੀ ਕੀਤੀ ਤੇ ਕਿਹਾ ਕਿ ਜੋ ਉਥੇ ਮੌਜੂਦ ਬੱਚਿਆਂ ਦੇ ਝੂਲੇ ਆਦਿ ਹਨ ਉਨ੍ਹਾਂ ਦੀ ਰਿਪੇਅਰ ਕਰਵਾ ਦਿੱਤੀ ਜਾਵੇ ਤੇ ਬੱਚਿਆਂ ਤੇ ਬਜ਼ੁਰਗਾਂ ਲਈ ਓਪਨ ਜਿਮ ਲਗਵਾਇਆ ਜਾ ਸਕਦਾ ਹੈ, ਨਵੇਂ ਫੁੱਟਪਾਥ ਦੀ ਉਸਾਰੀ ਕਰਵਾਈ ਜਾ ਸਕਦੀ ਹੈ ਤੇ ਪਾਰਕ ਦੀ ਬਾਉਂਡਰੀ ਬਣਾਈ ਜਾ ਸਕਦੀ ਹੈ। ਪਰ ਇਸ ਦੇ ਉਲਟ ਇਸੇ ਪਾਰਕ ਵਿਚ ਜਿਥੇ ਕੋਰਟ ਬਣਾਇਆ ਜਾ ਰਿਹਾ ਹੈ, ਉਥੇ ਬਾਸਕਟਬਾਲ ਕੋਰਟ ਵਾਲੇ ਨੀਂਹ ਪੱਥਰ ਵਿਚ ਕਾਂਗਰਸੀ ਕੌਂਸਲਰ ਦਾ ਨਾਮ ਹੀ ਨਹੀਂ ਲਿਖਿਆ ਗਿਆ।