ਭਾਰਤੀ ਕਿਸਾਨ ਯੂਨੀਅਨ ਕਾਦੀਆਂ 20 ਨੂੰ ਕਰੇਗੀ ਮਹਾਂਪੰਚਾਇਤ
ਕਿਸਾਨੀ ਮੁੱਦਿਆਂ ’ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ, 20 ਮਾਰਚ ਨੂੰ ਮਹਾਂ ਪੰਚਾਇਤ ਦਾ ਐਲਾਨ
Publish Date: Thu, 12 Mar 2026 09:28 PM (IST)
Updated Date: Thu, 12 Mar 2026 09:30 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਮਹੱਤਵਪੂਰਨ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਬਲਾਕ ਪ੍ਰਧਾਨ ਜੋਗਾ ਸਿੰਘ ਇਬਰਾਹੀਮਵਾਲ ਤੇ ਨਿਰਮਲ ਸਿੰਘ ਮੰਡ ਬਲਾਕ ਪ੍ਰਧਾਨ ਬੇਗੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਿਸਾਨੀ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਨੇ ਕਿਹਾ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਇਆ ਸਮਝੌਤਾ ਕਿਸਾਨਾਂ ਦੇ ਹਿਤਾਂ ਦੇ ਖਿਲਾਫ ਹੈ ਤੇ ਇਸ ਨਾਲ ਕਿਸਾਨੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਲਈ ਘਾਤਕ ਸਾਬਤ ਹੋ ਰਹੀਆਂ ਹਨ। ਬਲਾਕ ਪ੍ਰਧਾਨ ਜੋਗਾ ਸਿੰਘ ਇਬਰਾਹੀਮਵਾਲ ਨੇ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਕਾਰਨ ਹੋਏ ਫਸਲ ਨੁਕਸਾਨ ਦਾ ਮੁਆਵਜ਼ਾ ਅਜੇ ਤੱਕ ਕਈ ਕਿਸਾਨਾਂ ਨੂੰ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖੇਤਾਂ ਵਿਚ ਹੜ੍ਹਾਂ ਨਾਲ ਰੇਤ ਜਮ੍ਹਾ ਹੋ ਗਈ ਸੀ, ਉਸਨੂੰ ਹਟਾਉਣ ਲਈ ਸਰਕਾਰ ਵੱਲੋਂ ਸਮਾਂ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਰੇਤ ਹਟਾਉਣ ਲਈ ਘੱਟੋ-ਘੱਟ ਛੇ ਮਹੀਨੇ ਦਾ ਹੋਰ ਸਮਾਂ ਦਿੱਤਾ ਜਾਵੇ। ਜਸਬੀਰ ਸਿੰਘ ਲਿੱਟਾਂ ਨੇ ਕਿਹਾ ਕਿ ਸੂਬੇ ਵਿਚ ਲਗਭਗ 60 ਫੀਸਦੀ ਨਕਲੀ ਦੁੱਧ ਵਿਕ ਰਿਹਾ ਹੈ, ਜਦਕਿ ਅਸਲੀ ਦੁੱਧ ਸਿਰਫ਼ 40 ਫੀਸਦੀ ਹੀ ਹੈ। ਇਸ ਕਾਰਨ ਕਿਸਾਨਾਂ ਤੇ ਡੇਅਰੀ ਧੰਦੇ ਨਾਲ ਜੁੜੇ ਲੋਕਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਤੇ ਪਸ਼ੂ ਪਾਲਣ ਧੰਦਾ ਵੀ ਘਾਟੇ ਵਿਚ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੁੱਧ ਦਾ ਘੱਟੋ-ਘੱਟ ਰੇਟ 100 ਰੁਪਏ ਪ੍ਰਤੀ ਕਿਲੋ ਕੀਤਾ ਜਾਵੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 20 ਮਾਰਚ ਨੂੰ ਸਵੇਰੇ 11 ਵਜੇ ਨਡਾਲਾ ਦੇ ਬੇਗੋਵਾਲ ਰੋਡ ’ਤੇ ਕਿਸਾਨ ਮਹਾਂ ਪੰਚਾਇਤ ਕਰਵਾਈ ਜਾਵੇਗੀ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਸਮੇਤ ਪੰਜਾਬ ਪੱਧਰ ਦੇ ਆਗੂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਉਨ੍ਹਾਂ ਸਮੂਹ ਕਿਸਾਨਾਂ, ਮਜ਼ਦੂਰਾਂ ਤੇ ਮਹਿਲਾਵਾਂ ਨੂੰ ਸਮੇਂ ਸਿਰ ਮਹਾਂਪੰਚਾਇਤ ਵਿਚ ਪਹੁੰਚਣ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿਚ ਕਿਸਾਨਾਂ ਲਈ ਕੋਈ ਖਾਸ ਤਵੱਜੋ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਰਜ਼ੇ ਹੇਠ ਦਬੀ ਕਿਸਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਵੱਡੇ ਫੈਸਲੇ ਕਰਨ ਦੀ ਲੋੜ ਹੈ। ਜੇਕਰ ਕੇਂਦਰ ਤੇ ਪੰਜਾਬ ਸਰਕਾਰ ਨੇ ਕਿਸਾਨੀ ਹਿੱਤਾਂ ਲਈ ਗੰਭੀਰ ਕਦਮ ਨਾ ਚੁੱਕੇ ਤਾਂ ਕਿਸਾਨੀ ਸੰਕਟ ਹੋਰ ਗਹਿਰਾ ਹੋ ਸਕਦਾ ਹੈ ਤੇ ਖਾਦ ਪਦਾਰਥਾਂ ’ਤੇ ਵੱਡੀਆਂ ਕੰਪਨੀਆਂ ਦਾ ਕਬਜ਼ਾ ਹੋ ਸਕਦਾ ਹੈ, ਜਿਸਦਾ ਪ੍ਰਭਾਵ ਆਮ ਲੋਕਾਂ ’ਤੇ ਵੀ ਪਵੇਗਾ। ਇਸ ਮੌਕੇ ਸਰਬਜੀਤ ਸਿੰਘ ਬਾਠ ਜਨਰਲ ਸਕੱਤਰ, ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਕਾਲਾ ਖੇੜਾ ਸੀਨੀਅਰ ਮੀਤ ਪ੍ਰਧਾਨ, ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ, ਗੁਲਜਾਰ ਸਿੰਘ ਖੱਸਣ ਜ਼ਿਲ੍ਹਾ ਮੈਂਬਰ, ਜੋਗਿੰਦਰ ਸਿੰਘ ਬਾਗੜੀਆਂ ਜ਼ਿਲ੍ਹਾ ਮੀਤ ਪ੍ਰਧਾਨ, ਅਮਰੀਕ ਸਿੰਘ ਘੱਗ, ਪ੍ਰਗਟ ਸਿੰਘ ਭੱਕੂਵਾਲ, ਬਲਜੀਤ ਸਿੰਘ, ਸੁਰਿੰਦਰ ਸਿੰਘ, ਸਤਨਾਮ ਸਿੰਘ, ਨਿਸ਼ਾਨ ਸਿੰਘ ਇਬਰਾਹੀਮਵਾਲ, ਜਸਵੰਤ ਸਿੰਘ ਇਬਰਾਹੀਮਵਾਲ, ਬਲਕਾਰ ਸਿੰਘ ਇਬਰਾਹੀਮਵਾਲ, ਪਰਮਜੀਤ ਸਿੰਘ ਕਮਰਾਏ, ਲਖਵਿੰਦਰ ਸਿੰਘ ਤਲਵਾੜਾ, ਤਰਲੋਕ ਸਿੰਘ ਭੱਕੂਵਾਲ, ਸੁਖਦੇਵ ਸਿੰਘ ਭੱਕੂਵਾਲ, ਕੁਲਦੀਪ ਸਿੰਘ, ਕਾਬਲ ਸਿੰਘ ਬਾਗੜੀਆਂ, ਗੁਰਮੀਤ ਸਿੰਘ ਰਾਜਪੁਰ, ਜਸਪਾਲ ਸਿੰਘ, ਮਹਿੰਦਰ ਸਿੰਘ ਇਬਰਾਹੀਮਵਾਲ, ਮਲਕੀਤ ਸਿੰਘ ਕਮਰਾਏ ਅਤੇ ਗੁਰਮੇਜਰ ਸਿੰਘ ਭੱਕੂਵਾਲ ਸਮੇਤ ਹੋਰ ਕਈ ਕਿਸਾਨ ਆਗੂ ਹਾਜ਼ਰ ਸਨ।