ਬੀਕੇਯੂ ਕਾਦੀਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਕੀਤਾ ਵਿਰੋਧ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਕਿਸਾਨੀ ਮੁੱਦਿਆਂ ਸਬੰਧੀ ਮੀਟਿੰਗ, ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਕੀਤਾ ਵਿਰੋਧ
Publish Date: Thu, 12 Feb 2026 09:16 PM (IST)
Updated Date: Thu, 12 Feb 2026 09:18 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਨਡਾਲਾ ਬਲਾਕ ਪ੍ਰਧਾਨ ਜੋਗਾ ਸਿੰਘ ਇਬਰਾਹੀਮਵਾਲ ਤੇ ਨਿਰਮਲ ਸਿੰਘ ਮੰਡ ਬਲਾਕ ਪ੍ਰਧਾਨ ਬੇਗੋਵਾਲ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਕਿਸਾਨੀ ਨਾਲ ਸਬੰਧਤ ਵੱਖ-ਵੱਖ ਮਸਲਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਸਮਝੌਤਿਆਂ ’ਤੇ ਸਖ਼ਤ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਇਹ ਫ਼ੈਸਲੇ ਕਿਸਾਨਾਂ ਤੇ ਮਜ਼ਦੂਰ ਵਰਗ ਦੇ ਹਿੱਤਾਂ ਦੇ ਵਿਰੁੱਧ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਸਮਝੌਤਿਆਂ ਨਾਲ ਦੇਸ਼ ਦੇ ਡੇਅਰੀ ਤੇ ਖੇਤੀਬਾੜੀ ਖੇਤਰ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਆਗੂਆਂ ਅਨੁਸਾਰ ਵਿਦੇਸ਼ੀ ਉਤਪਾਦ ਜਿਵੇਂ ਡੇਅਰੀ ਸਮਾਨ, ਮੱਕੀ ਤੇ ਕਣਕ ਆਦਿ ਦੇ ਆਯਾਤ ਨਾਲ ਦੇਸੀ ਉਤਪਾਦਕਾਂ ਨੂੰ ਝਟਕਾ ਲੱਗੇਗਾ ਤੇ ਭਵਿੱਖ ਵਿਚ ਕੀਮਤਾਂ ’ਤੇ ਵੀ ਅਸਰ ਪੈ ਸਕਦਾ ਹੈ। ਯੂਨੀਅਨ ਨੇ ਐਲਾਨ ਕੀਤਾ ਕਿ ਉਹ ਇਸ ਨੀਤੀ ਦਾ ਮੁੱਢੋਂ ਵਿਰੋਧ ਕਰਦੀ ਹੈ ਤੇ ਸੰਯੁਕਤ ਮੋਰਚੇ ਨਾਲ ਮਿਲ ਕੇ ਵੱਡੇ ਪੱਧਰ ’ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਜ਼ਰੂਰਤ ਪੈਣ ’ਤੇ ਸੜਕਾਂ ’ਤੇ ਜਾਮ ਤੇ ਧਰਨੇ ਵੀ ਦਿੱਤੇ ਜਾਣਗੇ। ਮੀਟਿੰਗ ਦੌਰਾਨ ਪੰਜਾਬ ਵਿਚ ਸਮਾਰਟ ਬਿਜਲੀ ਮੀਟਰਾਂ ਦੀ ਲਗਾਤਾਰ ਹੋ ਰਹੀ ਸਥਾਪਨਾ ਦਾ ਵੀ ਵਿਰੋਧ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜ਼ਬਰਦਸਤੀ ਮੀਟਰ ਲਗਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਟਰਾਂਸਫ਼ਾਰਮਰਾਂ ਦੀ ਸਮਰੱਥਾ ਵਧਾਉਣ, ਪੁਰਾਣੀਆਂ ਤਾਰਾਂ ਬਦਲਣ ਤੇ ਬਿਜਲੀ ਦਫ਼ਤਰਾਂ ਵਿਚ ਨਵੇਂ ਕਰਮਚਾਰੀਆਂ ਦੀ ਭਰਤੀ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਕਰਜ਼ੇ ਹੇਠ ਦਬਦਾ ਜਾ ਰਿਹਾ ਹੈ ਤੇ ਲੋਕ ਆਉਣ ਵਾਲੀਆਂ ਚੋਣਾਂ ਵਿਚ ਇਸ ਦਾ ਜਵਾਬ ਦੇਣਗੇ। ਇਸ ਮੌਕੇ ਜੋਗਾ ਸਿੰਘ ਇਬਰਾਹੀਮਵਾਲ, ਨਿਰਮਲ ਸਿੰਘ ਮੰਡ, ਤਰਸੇਮ ਸਿੰਘ ਭੱਕੂਵਾਲ, ਗੁਰਵਿੰਦਰ ਸਿੰਘ ਤੂਰ ਮਕਸੂਦਪੁਰ, ਗੁਰਮੁਖ ਸਿੰਘ ਭੱਕੂਵਾਲ, ਗੁਰਪ੍ਰੀਤ ਸਿੰਘ, ਜਗਦੀਸ਼ ਸਿੰਘ, ਜੋਗਿੰਦਰ ਸਿੰਘ ਬਾਗੜੀਆਂ, ਮਹਿੰਦਰ ਸਿੰਘ, ਦਲੀਪ ਸਿੰਘ ਮਕਸੂਦਪੁਰ, ਸੁਖਵਿੰਦਰ ਸਿੰਘ ਫੌਜੀ ਰਾਵਾਂ, ਰਘਬੀਰ ਸਿੰਘ ਮੰਡ ਇਬਰਾਹੀਮਵਾਲ, ਦਿਲਬਾਗ ਸਿੰਘ, ਬਲਵਿੰਦਰ ਸਿੰਘ ਲਾਹੋਰੀਆ, ਨਿਸ਼ਾਨ ਸਿੰਘ ਬਾਜਵਾ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ।