- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਜਾਗ੍ਰਿਤੀ ਯਾਤਰਾ ਦਾ ਫਗਵਾੜਾ ਪਹੁੰਚਣ ‘ਤੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਨੇ ਕੀਤਾ ਭਰਵਾਂ ਸਵਾਗਤ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਕਿਸਾਨ ਮੋਰਚਾ ਗੈਰ-ਸਿਆਸੀ ਭਾਰਤ ਵੱਲੋਂ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਕੱਢੀ ਜਾ ਰਹੀ ਕਿਸਾਨ ਜਾਗਰੂਕਤਾ ਯਾਤਰਾ ਦਾ ਅੱਜ ਫਗਵਾੜਾ ਪੁੱਜਣ ‘ਤੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਹੇਠ ਸਰਕਲ ਫਗਵਾੜਾ ਦੇ ਸਮੂਹ ਕਿਸਾਨਾਂ ਵੱਲੋਂ ਸ਼ੁਗਰ ਮਿਲ ਚੌਕ ਜੀਟੀ ਰੋਡ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ, ਅਭਿਮਨਿਯੂ ਕੋਹਾੜ, ਸਤਨਾਮ ਸਿੰਘ ਬਹਿਰੂ, ਜਸਵੀਰ ਸਿੰਘ ਸਿੱਧੂਪੁਰ, ਅਰੁਣ ਪਟੇਲ ਮੱਧ ਪ੍ਰਦੇਸ਼, ਰਾਜਵੀਰ ਸਿੰਘ ਯੂਪੀ, ਸੋਨਵੀਰ ਚੌਧਰੀ ਯੂਪੀ, ਨਿਤਿਨ ਬਲਿਆਨ ਯੂਪੀ, ਇੰਦਰਜੀਤ ਪੰਨੀਵਾਲਾ ਰਾਜਸਥਾਨ ਤੇ ਹਰਸ਼ਦੀਪ ਸਿੰਘ ਹਰਿਆਣਾ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਾਲੇ ਹੋਣ ਵਾਲਾ ਮੁਕਤ ਵਪਾਰਕ ਸਮਝੌਤਾ ਭਾਰਤ ਦੇ ਕਿਸਾਨਾਂ ਤੇ ਖੇਤੀਬਾੜੀ ਉੱਪਰ ਵੱਡਾ ਹਮਲਾ ਹੈ, ਜਿਸਦਾ ਸਮੂਹ ਕਿਸਾਨਾਂ ਨੂੰ ਮਿਲ ਕੇ ਮੁਕਾਬਲਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਇਹ ਕਿਸਾਨ ਯਾਤਰਾ 7 ਫਰਵਰੀ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ ਤੇ ਕਿਸਾਨ ਯਾਤਰਾ ਨੂੰ ਸਾਰੇ ਰਾਜਾਂ ਵਿਚ ਵੱਡੇ ਪੱਧਰ ’ਤੇ ਜਨਤਕ ਸਮਰਥਨ ਮਿਲਿਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ 19 ਮਾਰਚ ਨੂੰ ਦੇਸ਼ ਭਰ ਤੋਂ ਲੱਖਾਂ ਕਿਸਾਨ ਦਿੱਲੀ ਦੇ ਰਾਮਲੀਲਾ ਮੈਦਾਨ ਪਹੁੰਚ ਕੇ ਭਾਰਤ ਸਰਕਾਰ ਉੱਪਰ ਖੇਤੀਬਾੜੀ, ਡੇਅਰੀ ਤੇ ਪੋਲਟਰੀ ਸੈਕਟਰ ਨੂੰ ਇਸ ਮੁਕਤ ਵਪਾਰ ਸਮਝੌਤੇ ਤੋਂ ਬਾਹਰ ਰੱਖਣ ਲਈ ਜ਼ਰੂਰੀ ਦਬਾਅ ਬਣਾਉਣ ਵਿਚ ਸਫਲ ਹੋਣਗੇ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 2006 ਵਿਚ ਜਾਰੀ ਕੀਤੀ ਗਈ ਸੀ ਤੇ ਰਿਪੋਰਟ ਆਈ ਨੂੰ ਵੀਹ ਸਾਲ ਬੀਤ ਚੁੱਕੇ ਹਨ। ਇਸ ਦੌਰਾਨ ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਇਕ ਵੀ ਸਰਕਾਰ ਵੱਲੋਂ ਉਸ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਹਰਭਜਨ ਸਿੰਘ ਬਾਜਵਾ ਮਲਕਪੁਰ, ਸਤਨਾਮ ਸਿੰਘ ਸੇਖੋਂ, ਮਨਜੀਤ ਸਿੰਘ ਖਾਲਸਾ, ਰਾਜਿੰਦਰ ਸਿੰਘ ਖੁਨਖੁਨ ਮਾਨਾਵਾਲੀ ਤੇ ਦਲਵਿੰਦਰ ਸਿੰਘ ਚੱਕ ਮੰਡੇਰ ਨੇ ਦੱਸਿਆ ਕਿ 19 ਮਾਰਚ ਨੂੰ ਭਾਰਤੀ ਕਿਸਾਨ ਯੂਨੀਅਨ ਦੋਆਬਾ ਦਾ ਵੱਡਾ ਜਥਾ ਦਿੱਲੀ ਦੇ ਰਾਮਲੀਲਾ ਮੈਦਾਨ ਪਹੁੰਚੇਗਾ। ਇਸ ਮੌਕੇ ਬਲਦੇਵ ਸਿੰਘ ਸਿਰਸਾ, ਹਰਸੁਲਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ ਰੜਾ, ਸਤਨਾਮ ਸਿੰਘ ਬਾਗੜੀਆਂ, ਸੋਨੂ ਔਲਖ, ਮਨਪ੍ਰੀਤ ਬਾਠ, ਸੁਖਪਾਲ ਸਿੰਘ ਡੱਫਰ, ਬਾਬਾ ਕੰਵਲਜੀਤ ਸਿੰਘ, ਮੱਖਣ ਸਿੰਘ, ਦਿਲਬਾਗ ਸਿੰਘ, ਸੁਰਿੰਦਰ ਸਿੰਘ ਕਾਹਲੋਂ, ਕੁਲਵੀਰ ਸਿੰਘ ਰਸੂਲਪੁਰ, ਜਤਿੰਦਰ ਪਾਲ ਸਿੰਘ ਪਲਾਹੀ, ਸੁਰਿੰਦਰ ਸਿੰਘ ਜੇ.ਈ. ਮਲਕਪੁਰ, ਸ਼ਰਨਜੀਤ ਸਿੰਘ ਅਠੌਲੀ, ਕੁਲਦੀਪ ਸਿੰਘ ਹਰਬੰਸਪੁਰ, ਕਾਮਰੇਡ ਰਣਦੀਪ ਸਿੰਘ ਰਾਣਾ, ਤਾਰਾ ਜਗਪਾਲਪੁਰ, ਤਰਸੇਮ ਸਿੰਘ ਉੱਚਾ ਪਿੰਡ, ਯੂਹੜ ਸਿੰਘ ਗੰਡਮ, ਹਰਿੰਦਰ ਸਿੰਘ ਨੰਗਲਮੱਝਾ, ਰਣਜੀਤ ਸਿੰਘ ਨਾਰੰਗਸ਼ਾਹਪੁਰ, ਸੁਖਦੇਵ ਸਿੰਘ ਜਗਪਾਲਪੁਰ, ਰਾਜਵੀਰ ਸਿੰਘ ਜਗਪਾਲਪੁਰ, ਸ਼ਾਮਾ ਜਗਪਾਲਪੁਰ, ਬਲਜਿੰਦਰ ਸਿੰਘ ਅਠੌਲੀ ਅਤੇ ਬਲਵੀਰ ਸਿੰਘ ਤੋਂ ਇਲਾਵਾ ਸਰਕਲ ਫਗਵਾੜਾ ਦੇ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਸਨ।
ਬਾਕਸ
ਕਿਸਾਨਾਂ ਦੀਆਂ ਮੁੱਖ ਮੰਗਾਂ
-ਐੱਮਐੱਸਪੀ ਗਰੰਟੀ ਕਾਨੂੰਨ ਬਣਵਾਉਣਾ
-ਕਿਸਾਨਾਂ ਦੀ ਪੂਰਨ ਕਰਜ਼ਾ ਮੁਕਤੀ
-ਭਾਰਤ-ਅਮਰੀਕਾ ਵਪਾਰ ਸਮਝੌਤਾ ਰੱਦ ਕਰਵਾਉਣਾ
-ਭੂਮੀ ਅਧਿਗ੍ਰਹਿਣ ਕਾਨੂੰਨ 2013 ਨੂੰ ਮੁੜ ਤੋਂ ਲਾਗੂ ਕਰਵਾਉਣਾ
-ਗੰਨੇ ਦਾ ਐੱਫਆਰਪੀ ਵਧਾ ਕੇ 600 ਰੁਪਏ ਪ੍ਰਤੀ ਕੁਇੰਟਲ ਕਰਵਾਉਣਾ
-ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ‘ਚ ਸੁਧਾਰ
-ਬਿਜਲੀ ਦੀਆਂ ਹਾਈਟੈਂਸ਼ਨ ਟਰਾਂਸਮਿਸ਼ਨ ਲਾਈਨਾਂ ਦਾ ਮਾਰਕੀਟ ਰੇਟ ਤੋਂ 4 ਗੁਣਾ ਵੱਧ ਮੁਆਵਜ਼ਾ
-ਬਿਜਲੀ ਬਿੱਲ ਤੇ ਸੀਡ ਬਿਲ ਨਾਲ ਸਬੰਧਤ ਕੋਈ ਵੀ ਕਾਨੂੰਨ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਲਾਗੂ ਨਾ ਕੀਤਾ ਜਾਣਾ