ਬੀਐੱਡ ਅਧਿਆਪਕ ਫਰੰਟ ਨੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਦਿੱਤਾ ਮੰਗ ਪੱਤਰ
ਬੀਐੱਡ ਅਧਿਆਪਕ ਫਰੰਟ ਵੱਲੋਂ ਜ਼ਬਰਦਸਤੀ ਥੋਪੇ ਜਾ ਰਹੇ ਟੈਟ ਦੀ ਪ੍ਰੀਖਿਆ ਦੇ ਵਿਰੋਧ ਵਿੱਚ ਦਿੱਤਾ ਮੰਗ ਪੱਤਰ
Publish Date: Tue, 10 Feb 2026 08:29 PM (IST)
Updated Date: Tue, 10 Feb 2026 08:32 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਸਟੇਟ ਕਮੇਟੀ ਦੇ ਫੈਸਲੇ ਤਹਿਤ ਜ਼ਿਲ੍ਹਾ ਕਪੂਰਥਲਾ ਵਿਖੇ ਬੀਐੱਡ ਅਧਿਆਪਕ ਫਰੰਟ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਤਾਜ ਸਿੰਘ ਚੀਮਾ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਿਖੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਬਲਵਿੰਦਰ ਸਿੰਘ ਬਿੱਟੂ ਨੂੰ ਐਲੀਮੈਂਟਰੀ ਵਿਭਾਗ ਤੋਂ ਮਾਸਟਰ ਕੈਡਰ ਦੀਆਂ ਤਰੱਕੀਆਂ ਦੇ ਸਬੰਧ ਵਿਚ ਅਧਿਆਪਕਾਂ ’ਤੇ ਜ਼ਬਰਦਸਤੀ ਥੋਪੇ ਜਾ ਰਹੇ ਟੈੱਟ ਦੀ ਪ੍ਰੀਖਿਆ ਦੇ ਵਿਰੋਧ ਵਿਚ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਦੇ ਪਹਿਲਾਂ ਜਾਰੀ ਹੋਏ ਨੋਟੀਫਿਕੇਸ਼ਨ ਅਨੁਸਾਰ ਜੋ ਅਧਿਆਪਕ 2011 ਤੋਂ ਪਹਿਲਾਂ ਦੇ ਭਰਤੀ ਹਨ ਉਨਾਂ ’ਤੇ ਟੈਟ ਦੀ ਪ੍ਰੀਖਿਆ ਲਾਗੂ ਨਹੀਂ ਹੁੰਦੀ ਪਰ ਹੁਣ ਇਕ ਨਾਦਰਸ਼ਾਹੀ ਫਰਮਾਨ ਹੋਇਆ ਹੈ ਕਿ ਜਿਨ੍ਹਾਂ ਅਧਿਆਪਕਾਂ ਨੇ ਮਾਸਟਰ ਕੈਡਰ ਦੀਆਂ ਪ੍ਰਮੋਸ਼ਨਾਂ ਲੈਣੀਆਂ ਹਨ ਜਾਂ ਐੱਚਟੀ, ਸੀਐੱਚਟੀ ਦੀਆਂ ਪ੍ਰਮੋਸ਼ਨਾਂ ਲੈਣੀਆਂ ਹਨ, ਉਨਾਂ ਨੂੰ ਟੈੱਟ ਦੀ ਪ੍ਰੀਖਿਆ ਪਾਸ ਕਰਨਾ ਜ਼ਰੂਰੀ ਹੈ ਜੋ ਕਿ ਸਰਾਸਰ ਗਲਤ ਹੈ ਕਿਉਂਕਿ ਇਹ ਉਹ ਅਧਿਆਪਕ ਹਨ ਜੋ ਕਿ 2011 ਤੋਂ ਪਹਿਲਾਂ ਦੇ ਭਰਤੀ ਹੋਏ ਹਨ ਅਤੇ ਉਸ ਸਮੇਂ ਉਨ੍ਹਾਂ ਦੀ ਭਰਤੀ ਦੇ ਸਮੇਂ ਟੈੱਟ ਦੀ ਪ੍ਰੀਖਿਆ ਹੈ ਹੀ ਨਹੀਂ ਸੀ। ਇਨ੍ਹਾਂ ਦੀ ਭਰਤੀ ਬਿਨਾਂ ਟੈੱਟ ਤੋਂ ਹੀ ਹੋਈ ਸੀ, ਇਸ ਲਈ ਇਨ੍ਹਾਂ ਉੱਪਰ ਟੈੱਟ ਦੀ ਪ੍ਰੀਖਿਆ ਥੋਪਣਾ ਸਰਾਸਰ ਗਲਤ ਹੈ l ਇਨ੍ਹਾਂ ਅਧਿਆਪਕਾਂ ਨੇ 20-25 ਸਾਲ ਦੀ ਨੌਕਰੀ ਦਾ ਸਮਾਂ ਮਹਿਕਮੇ ਨੂੰ ਦਿੱਤਾ ਤੇ ਇਨ੍ਹਾਂ ਨੇ ਸਰਕਾਰ ਵੱਲੋਂ ਵੱਖ-ਵੱਖ ਸਮੇਂ ’ਤੇ ਲਗਾਈਆਂ ਗਈਆਂ ਸਾਰੀਆਂ ਟ੍ਰੇਨਿੰਗਾਂ ਪ੍ਰਾਪਤ ਕੀਤੀਆਂ ਹਨ। ਇਹ ਅਧਿਆਪਕ ਲੰਬੇ ਸਮੇਂ ਤੋਂ ਆਪਣੀਆਂ ਪ੍ਰਮੋਸ਼ਨਾਂ ਉਡੀਕ ਰਹੇ ਹਨ ਤੇ ਅੱਜ ਜਦੋਂ ਹੁਣ ਪ੍ਰਮੋਸ਼ਨਾਂ ਦੀ ਵਾਰੀ ਆਈ ਹੈ ਤਾਂ ਸਰਕਾਰ ਵੱਲੋਂ ਜ਼ਬਰਦਸਤੀ ਇਨ੍ਹਾਂ ’ਤੇ ਟੈੱਟ ਦੀ ਪ੍ਰੀਖਿਆ ਥੋਪੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ’ਤੇ ਜ਼ਬਰਦਸਤੀ ਟੈੱਟ ਦੀ ਪ੍ਰੀਖਿਆ ਥੋਪੇ ਜਾਣ ਦਾ ਫੈਸਲਾ ਵਾਪਸ ਲਿਆ ਜਾਵੇ ਤੇ ਬਿਨਾਂ ਟੈੱਟ ਦੀ ਪ੍ਰੀਖਿਆ ਦੀ ਸ਼ਰਤ ਤੋਂ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ। ਇਸ ਤੋਂ ਇਲਾਵਾ ਪਿਛਲੇ ਦਿਨੀਂ ਡੀਪੀਆਈ ਵੱਲੋਂ ਅਧਿਆਪਕਾਂ ਦੀ ਜਾਰੀ ਕੀਤੀ ਆਰਜ਼ੀ ਡਿਊਟੀਆਂ ਦੀ ਲਿਸਟ ਦੇ ਸਬੰਧ ਵਿੱਚ ਵੀ ਗੱਲਬਾਤ ਕੀਤੀ ਗਈ, ਜਿਸ ਵਿਚ ਕਿਹਾ ਗਿਆ ਕਿ ਬੱਚਿਆਂ ਦੇ ਪੇਪਰ ਆ ਰਹੇ ਹਨ ਤੇ ਅਧਿਆਪਕਾਂ ਦਾ ਧਿਆਨ ਬੱਚਿਆਂ ਨੂੰ ਪੜਾਉਣ ਵਿਚ ਲੱਗਾ ਹੋਇਆ ਹੈ। ਇਸ ਤੋਂ ਇਲਾਵਾ ਨਵੇਂ ਦਾਖਲਿਆਂ ਦੇ ਸਬੰਧ ਵਿਚ ਵੀ ਪਿੰਡਾਂ ਵਿਚ ਕਨਵੈਂਸਿੰਗ ਕੀਤੀ ਜਾ ਰਹੀ ਹੈ। ਇਸ ਲਈ ਫਿਲਹਾਲ ਇਸ ਆਰਜ਼ੀ ਡਿਊਟੀਆਂ ਨੂੰ ਰੱਦ ਕੀਤਾ ਜਾਵੇ ਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਸਕੂਲਾਂ ਵਿਚ ਹੀ ਰਹਿਣ ਦਿੱਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਤਾਜ ਸਿੰਘ ਚੀਮਾ ਤੋਂ ਇਲਾਵਾ ਚੇਅਰਮੈਨ ਕਮਲਜੀਤ ਸਿੰਘ ਨੰਗਲ ਲੁਬਾਣਾ, ਹੈੱਡ ਟੀਚਰ ਸੁਰਿੰਦਰ ਸਿੰਘ ਜਥੇਬੰਧਕ ਸਲਾਹਕਾਰ, ਸਰਪ੍ਰਸਤ ਪਵਨ ਕੁਮਾਰ, ਹਰਪ੍ਰੀਤ ਸਿੰਘ ਨੰਗਲ ਲੁਬਾਣਾ, ਖਜ਼ਾਨਚੀ ਮਨੋਜ ਕੁਮਾਰ, ਬਲਜੀਤ ਸਿੰਘ, ਰੋਹਿਤ ਕਾਲੀਆ, ਸਟੇਟ ਕਮੇਟੀ ਮੈਂਬਰ ਸ਼ਿਵ ਕੁਮਾਰ, ਸੀਨੀਅਰ ਮੀਤ ਪ੍ਰਧਾਨ ਅਮਰ ਠਾਕੁਰ, ਮੀਤ ਪ੍ਰਧਾਨ ਦਮਨਜੀਤ ਸਿੰਘ, ਬਲਾਕ ਪ੍ਰਧਾਨ ਅਮਿਤ ਸ਼ਰਮਾ ਆਦਿ ਹਾਜ਼ਰ ਸਨ।