ਬੇਬੇ ਨਾਨਕੀ ਜੀ ਚਾਰ ਮਾਰਗੀ ਸੜਕ ਸਮੇਂ ਤੋਂ ਪਹਿਲਾਂ ਟੁੱਟਣ ਲੱਗੀ
ਬੇਬੇ ਨਾਨਕੀ ਜੀ ਚਾਰ ਮਾਰਗੀ ਸੜਕ ਸਮੇਂ ਤੋਂ ਪਹਿਲਾਂ ਟੁੱਟਣ ਲੱਗੀ
Publish Date: Sun, 08 Mar 2026 09:59 PM (IST)
Updated Date: Sun, 08 Mar 2026 10:03 PM (IST)

ਵਿਜੀਲੈਂਸ ਵਿਭਾਗ ਦੀ ਜਾਂਚ ਤੇ ਇਨਕੁਆਇਰੀ ਰਿਪੋਰਟ ਜਨਤਕ ਕੀਤੀ ਜਾਵੇ : ਮੁਖਤਿਆਰ ਸਿੰਘ ਸੋਢੀ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਬੇਬੇ ਨਾਨਕੀ ਜੀ ਚਾਰ ਮਾਰਗੀ ਨਵੀਂ ਬਣਾਈ ਗਈ ਸੜਕ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਰੋਡ ਤੇ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ ਤੋਂ ਫੱਤੂਢੀਂਗਾ ਤੱਕ ਬਣਾਈ ਗਈ ਚਾਰ ਮਾਰਗੀ ਨਵੀਂ ਸੜਕ ਸਮੇਂ ਤੋਂ ਪਹਿਲਾਂ ਹੀ ਕਈ ਥਾਵਾਂ ਤੋਂ ਟੁੱਟਣ ਲੱਗ ਪਈ ਹੈ। ਸੜਕ ‘ਤੇ ਕਈ ਥਾਵਾਂ ‘ਤੇ ਡੂੰਘੇ ਟੋਏ ਪੈ ਗਏ ਹਨ ਤੇ ਕਈ ਹਿੱਸਿਆਂ ‘ਚ ਸੜਕ ਉੱਚੀ-ਨੀਵੀਂ ਬਣੀ ਹੋਈ ਦਿਖਾਈ ਦਿੰਦੀ ਹੈ, ਜਿਸ ਕਾਰਨ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਰੋਜ਼ਾਨਾ ਆਉਣ-ਜਾਣ ਵਾਲੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਕੋਲ ਸ਼ਿਕਾਇਤ ਕੀਤੀ ਸੀ। ਲੋਕਾਂ ਦਾ ਦੋਸ਼ ਸੀ ਕਿ ਮਾੜੇ ਮਟੀਰੀਅਲ ਦੀ ਵਰਤੋਂ ਕਾਰਨ ਸੜਕ ਥਾਂ-ਥਾਂ ਤੋਂ ਟੁੱਟ ਰਹੀ ਹੈ, ਡੂੰਘੇ ਟੋਏ ਪੈ ਰਹੇ ਹਨ ਤੇ ਕਈ ਥਾਵਾਂ ‘ਤੇ ਬਿਨਾ ਵਜ੍ਹਾ ਤੇ ਬੇਤਰਤੀਬੇ ਤਰੀਕੇ ਨਾਲ ਡਿਵਾਇਡਰ ਕੱਟ ਵੀ ਬਣਾਏ ਗਏ ਹਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਮੁਖਤਿਆਰ ਸਿੰਘ ਸੋਢੀ ਨੇ ਕਿਹਾ ਕਿ ਜਦੋਂ ਲੋਕਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ ਤਾਂ ਚੇਅਰਮੈਨ ਸੱਜਣ ਸਿੰਘ ਚੀਮਾ ਵੱਲੋਂ ਕਿਹਾ ਗਿਆ ਸੀ ਕਿ ਮਾਮਲੇ ਦੀ ਇਨਕੁਆਇਰੀ ਕਰਵਾ ਕੇ ਸਬੰਧਤ ਠੇਕੇਦਾਰਾਂ ਦੀ ਪੇਮੈਂਟ ਰੋਕ ਦਿੱਤੀ ਗਈ ਹੈ ਤੇ ਵਿਜੀਲੈਂਸ ਜਾਂਚ ਵੀ ਕਰਵਾਈ ਗਈ ਹੈ। ਸੋਢੀ ਨੇ ਮੰਗ ਕੀਤੀ ਕਿ ਇਸ ਸਬੰਧੀ ਕੀਤੀ ਗਈ ਇਨਕੁਆਇਰੀ ਤੇ ਵਿਜੀਲੈਂਸ ਜਾਂਚ ਦੀ ਰਿਪੋਰਟ ਜਨਤਕ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਟੁੱਟੀਆਂ ਹੋਈਆਂ ਸੜਕਾਂ ਤੇ ਪਏ ਟੋਇਆਂ ਕਾਰਨ ਰੋਜ਼ਾਨਾ ਸੜਕ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਰਕੇ ਕਈ ਕੀਮਤੀ ਮਨੁੱਖੀ ਜਾਨਾਂ ਵੀ ਗਈਆਂ ਹਨ। ਸੋਢੀ ਨੇ ਕਿਹਾ ਕਿ ਜੇ ਸੜਕ ਦੇ ਨਿਰਮਾਣ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਘਪਲਾ ਸਾਹਮਣੇ ਆਉਂਦਾ ਹੈ ਤਾਂ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਪੈਸੇ ਨਾਲ ਬਣ ਰਹੇ ਵਿਕਾਸ ਕਾਰਜਾਂ ਵਿਚ ਗੁਣਵੱਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਚੇਅਰਮੈਨ ਨਗਰ ਸੁਧਾਰ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਇਕ ਮੋਬਾਈਲ ਨੰਬਰ ਬੰਦ ਆ ਰਿਹਾ ਸੀ ਤੇ ਦੂਜਾ ਮੋਬਾਈਲ ਨੰਬਰ ਉਨ੍ਹਾਂ ਵੱਲੋ ਰਿਸੀਵ ਨਹੀਂ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦਾ ਪੱਖ ਲਿਆ ਨਹੀਂ ਜਾ ਸਕਿਆ।