- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀ.ਡੀ.ਓ ਦਫ਼ਤਰ ਦੇ ਕਰਮਚਾਰੀ ਲੈਣ ਨਜ਼ਾਰੇ, ਲੋਕ ਖੱਜਲ ਹੋਣ ਵਿਚਾਰੇ

--ਇਕ ਪਾਸੇ ਚੱਲੇ ਰਿਟਾਇਰਮੈਂਟ ਪਾਰਟੀ ਤੇ ਦੂਜੇ ਪਾਸੇ ਲੋਕ ਕਰ ਰਹੇ ਇੰਤਜ਼ਾਰ
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਕਪੂਰਥਲਾ : ਵਿਰਾਸਤੀ ਸ਼ਹਿਰ ਕਪੂਰਥਲਾ, ਜੋ ਕਿ ਬੀਤੇ ਤਕਰੀਬਨ ਕਈ ਦਹਾਕਿਆਂ ਤੋਂ ਆਪਣੀ ਵਿਰਾਸਤ ਸੰਭਾਲਣ ਲਈ ਕਿਸੇ ਵਾਰਿਸ ਦੀ ਉਡੀਕ ਕਰ ਰਿਹਾ ਹੈ। ਭਾਵੇਂ ਕਿ ਇਥੇ ਰਾਣਾ ਗੁਰਜੀਤ ਸਿੰਘ ਵਿਧਾਇਕ ਦਾ ਦਬਦਬਾ 2002 ਤੋਂ ਚਲਿਆ ਆ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਸ਼ਹਿਰ ਵਿਚ ਅਫ਼ਸਰਸ਼ਾਹੀ ਆਪਣੀ ਮਨਮਰਜ਼ੀ ਕਰਦੀ ਦਿਖਾਈ ਦਿੰਦੀ ਹੈ। ਇਸ ਤਰ੍ਹਾਂ ਦਾ ਮਾਮਲਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ‘ਪੰਜਾਬੀ ਜਾਗਰਣ’ ਦੀ ਟੀਮ ਵੱਲੋਂ ਫੁਹਾਰਾ ਚੌਂਕ ਦੇ ਨਜ਼ਦੀਕ ਪੈਂਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਦਫ਼ਤਰ ਦਾ ਮੁਆਇਨਾ ਕੀਤਾ ਤਾਂ 2 ਵਜੇ ਤੱਕ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦਫ਼ਤਰ ਵਿਚ ਮੌਜੂਦ ਨਹੀਂ ਸੀ। ਹਾਲਾਤ ਇਹ ਸੀ ਕਿ ਲੋਕ ਕਹਿ ਰਹੇ ਹਨ ਕਿ ‘ਮਾਨ ਸਰਕਾਰੇ ਤੇਰੇ ਕੰਮ ਨਿਆਰੇ ਨਾ ਕੋਈ ਅਧਿਕਾਰੀ ਨਾ ਕਰਮਚਾਰੀ’ ਜਦੋਂ ਉੱਥੇ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਅਧਿਕਾਰੀ ਤੇ ਕਰਮਚਾਰੀ ਹਨ, ਉਹ ਅੱਜ ਦਫ਼ਤਰ ਦੇ ਕਿਸੇ ਕਰਮਚਾਰੀ ਦੀ ਰਿਟਾਇਰਮੈਂਟ ਪਾਰਟੀ ’ਤੇ ਗਏ ਹਨ, ਇਸ ਲਈ ਉਹ ਨਹੀਂ ਮਿਲ ਸਕਦੇ।
--ਦਫ਼ਤਰ ਕੋਈ ਵੀ ਹੋਵੇ ਕਰਮਚਾਰੀ ਕੋਈ ਨਹੀਂ ਮਿਲਦਾ : ਰਾਣਾ
ਜਦੋਂ ਇਸ ਮਾਮਲੇ ਨੂੰ ਲੈ ਕੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਕਿ ਭਾਵੇਂ ਕਾਰਪੋਰੇਸ਼ਨ ਹੋਵੇ, ਬੀਡੀਪੀਓ/ਡੀਡੀਪੀਓ ਦਫ਼ਤਰ ਹੋਵੇ, ਐੱਸਡੀਐੱਮ ਦਫ਼ਤਰ ਹੋਵੇ ਜਾਂ ਡੀਸੀ ਦਫ਼ਤਰ ਨਾਲ ਸਬੰਧਤ ਕੋਈ ਵੀ ਦਫ਼ਤਰ ਹੋਵੇ, ਕੋਈ ਵੀ ਕਰਮਚਾਰੀ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਨਾ ਕਿ ਇਸ਼ਤਿਹਾਰਬਾਜ਼ੀ ਕਰਨ ਦੀ।
--ਹਲਕਾ ਇੰਚਾਰਜ ਚੰਦੀ ਬਣੇ ਮੂਕ ਦਰਸ਼ਕ
ਇਸ ਸਬੰਧ ਵਿਚ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਫੋਨ ਨਹੀਂ ਚੁੱਕਿਆ ਗਿਆ ਤੇ ਨਾ ਹੀ ਬੈਕ ਕਾਲ ਵਾਪਸ ਆਈ। ਇਸ ਤੋਂ ਲੱਗਦਾ ਹੈ ਕਿ ਉਹ ਸਿਰਫ਼ ਫੇਸਬੁੱਕ ਦੀਆਂ ਪੋਸਟਾਂ ਪਾ ਕੇ ਅਫ਼ਸਰਾਂ ਵਿਚ ਆਪਣਾ ਦਬਦਬਾ ਬਨਾਉਣਾ ਚਾਹੁੰਦੇ ਹਨ ਪਰ ਪੁੱਛਗਿੱਛ ਉਨ੍ਹਾਂ ਦੀ ਕੋਈ ਨਹੀਂ ਹੁੰਦੀ ਤੇ ਕਪੂਰਥਲਾ ਅੰਦਰ ਜੋ ਕੰਮ ਚੱਲ ਰਹੇ ਹਨ ਉਹ ਸਿਰਫ਼ ਪੈਸਿਆਂ ਦੀ ਖੇਡ ਨਾਲ ਚੱਲ ਰਹੇ ਹਨ।
--ਮਾਮਲੇ ਦੀ ਜਾਂਚ ਕਰਵਾਈ ਜਾਵੇਗੀ : ਡੀਡੀਪੀਓ
ਜਦੋਂ ਇਸ ਸਬੰਧੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀਡੀਪੀਓ) ਗੁਰਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ। ਜੇਕਰ ਵਾਕਿਆ ਹੀ ਕੋਈ ਵੀ ਮੁਲਾਜ਼ਮ ਦਫ਼ਤਰ ਵਿਚ ਮੌਜੂਦ ਨਹੀਂ ਹੈ ਤਾਂ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ।
--ਏਡੀਸੀ ਦੇ ਧਿਆਨ ਵਿਚ ਆਉਂਦੇ ਹੀ ਦਫ਼ਤਰ ਪਰਤੇ ਕਰਮਚਾਰੀ
ਇਸ ਸਬੰਧੀ ਏਡੀਸੀ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ ਦੇ ਧਿਆਨ ਵਿਚ ਉਕਤ ਸਾਰਾ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਤੁਰੰਤ ਹੀ ਸਬੰਧਤ ਅਧਿਕਾਰੀ ਨਾਲ ਗੱਲ ਕੀਤੀ ਤੇ ਕੁਝ ਮਿੰਟ ਬਾਅਦ ਹੀ ਬੀਡੀਪੀਓ ਦਫ਼ਤਰ ਦਾ ਸਾਰਾ ਅਮਲਾ ਦਫ਼ਤਰ ਵਿਖੇ ਪਹੁੰਚ ਗਿਆ।
--ਬੇਲਗਾਮ ਹੋ ਚੁੱਕੇ ਹਨ ਅਧਿਕਾਰੀ ਤੇ ਕਰਮਚਾਰੀ
ਇਸ ਸਾਰੇ ਮਾਮਲੇ ਨੂੰ ਦੇਖ ਕੇ ਲੱਗਦਾ ਹੈ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਬੇਲਗਾਮ ਹੋ ਚੁੱਕੇ ਹਨ ਜਿਨ੍ਹਾਂ ਨੂੰ ਕਿਸੇ ਦੀ ਵੀ ਪਰਵਾਹ ਨਹੀਂ। ਉਹ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ। ਇਥੋਂ ਤੱਕ ਕਿ ਜ਼ਿਲ੍ਹੇ ਦੇ ਡੀਸੀ ਵੀ ਅੰਤਰਧਿਆਨ ਹੋ ਚੁੱਕੇ ਹਨ, ਜਿਸਨੂੰ ਦੇਖ ਕੇ ਲੱਗਦਾ ਹੈ ਕਿ ਜੋ ਕਿ ਕੁਝ ਹੋ ਰਿਹਾ ਹੈ ਬੜੀ ਵੱਡੀ ਮਿਲੀਭੁਗਤ ਨਾਲ ਹੋ ਰਿਹਾ ਹੈ।