ਕਿਸਾਨਾਂ ‘ਤੇ ਲਾਠੀਚਾਰਜ ਨੇ ਬੇਨਕਾਬ ਕੀਤਾ ਮਾਨ ਸਰਕਾਰ ਦਾ ਚਿਹਰਾ
ਬਠਿੰਡਾ ‘ਚ ਕਿਸਾਨਾਂ ‘ਤੇ ਲਾਠੀਚਾਰਜ ਨੇ ਬੇਨਕਾਬ ਕੀਤਾ ਭਗਵੰਤ ਮਾਨ ਸਰਕਾਰ ਦਾ ਚਿਹਰਾ
Publish Date: Sat, 07 Feb 2026 07:53 PM (IST)
Updated Date: Sat, 07 Feb 2026 07:56 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਠਿੰਡਾ ਵਿਖੇ ਬੀਤੀ ਰਾਤ ਕਿਸਾਨਾਂ ਉੱਪਰ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਪੁਲਿਸ ਵੱਲੋਂ ਕੀਤੇ ਗਏ ਅੰਨ੍ਹੇ ਤਸ਼ੱਦਦ ਦੀ ਸਖਤ ਨਿਖੇਧੀ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਪ੍ਰੈੱਸ ਸਕੱਤਰ ਗੁਰਪਾਲ ਸਿੰਘ ਪਾਲਾ ਮੌਲੀ, ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਅਠੌਲੀ ਨੇ ਕਿਹਾ ਕਿ ਪੰਜਾਬ ਵਿਚ ਇਕ ਵਾਰ ਫਿਰ ਲੋਕਤੰਤਰ ‘ਤੇ ਸਵਾਲ ਖੜੇ ਹੋ ਗਏ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਰਕਰਾਂ ’ਤੇ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਲਾਠੀਚਾਰਜ ਸਾਬਤ ਕਰਦਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੀਆਂ ਕਹਾਣੀਆਂ ਤੇ ਦਾਅਵਿਆਂ ਤੋਂ ਪੂਰੀ ਤਰ੍ਹਾਂ ਮੁਕਰ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਉਕਤ ਆਗੂਆਂ ਨੇ ਕਿਹਾ ਕਿ ਇਹ ਉਹੀ ਸਰਕਾਰ ਹੈ ਜੋ ਕਦੇ ਕਹਿੰਦੀ ਸੀ ਕਿ “ਸਾਡੇ ਰਾਜ ਵਿਚ ਧਰਨਿਆਂ ਦੀ ਲੋੜ ਨਹੀਂ ਪਵੇਗੀ” ਪਰ ਅੱਜ ਹਾਲਾਤ ਇਹ ਹਨ ਕਿ ਧਰਨਿਆਂ ਵਿਚੋਂ ਜੰਮੀ ਇਹ ਸਰਕਾਰ ਖੁਦ ਅੰਦੋਲਨਕਾਰੀਆਂ ‘ਤੇ ਜ਼ੁਲਮ ਕਰ ਰਹੀ ਹੈ ਤੇ ਉਨ੍ਹਾਂ ਨੂੰ ਆਪਣੇ ਹੱਕਾਂ ਤੇ ਸੱਚ ਦੀ ਆਵਾਜ਼ ਚੁੱਕਣ ਤੋਂ ਰੋਕ ਰਹੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਕਿਸਾਨ ਹੋਣ, ਮਜ਼ਦੂਰ ਹੋਣ, ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਹੋਣ ਜਾਂ ਫਿਰ ਅਧਿਆਪਕ, ਇਸ ਸਰਕਾਰ ਨੇ ਹਰ ਵਰਗ ਨਾਲ ਧੱਕੇਸ਼ਾਹੀ ਕੀਤੀ ਹੈ। ਸਰਕਾਰ ਦੀ ਨੀਤੀ ਸਪਸ਼ਟ ਹੋ ਚੁੱਕੀ ਹੈ ਕਿ ਜੋ ਵੀ ਆਪਣੀ ਮੰਗ ਜਾਂ ਹੱਕ ਦੀ ਗੱਲ ਕਰੇਗਾ, ਉਸਨੂੰ ਲਾਠੀ ਦੇ ਜ਼ੋਰ ਨਾਲ ਚੁੱਪ ਕਰਵਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਅਜਿਹਾ ਜ਼ੁਲਮੀ ਰਵੱਈਆ ਬੰਦ ਨਾ ਕੀਤਾ ਤਾਂ ਸੂਬੇ ਭਰ ਵਿਚ ਵੱਡਾ ਅੰਦੋਲਨ ਛੇੜਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਇਹ ਸਰਕਾਰ ਪੰਜਾਬ ਦੀ ਸਭ ਤੋਂ ਮਾੜੀ ਸਰਕਾਰ ਸਾਬਤ ਹੋ ਰਹੀ ਹੈ, ਜਿਸ ਨੇ ਲੋਕਾਂ ਦੇ ਭਰੋਸੇ ਨਾਲ ਧੋਖਾ ਕੀਤਾ ਹੈ। ਇਸ ਲਈ ਅਗਲੇ ਸਾਲ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਸੂਬੇ ਦੇ ਪਿੰਡਾਂ ਵਿਚ ਆਪ ਆਗੂਆਂ ਦਾ ਪੂਰੀ ਤਰ੍ਹਾਂ ਬਾਇਕਾਟ ਕੀਤਾ ਜਾਵੇਗਾ। ਉਨ੍ਹਾਂ ਸਪਸ਼ਟ ਕਿਹਾ ਕਿ ਕਿਸੇ ਵੀ ਕਿਸਾਨ ਜਥੇਬੰਦੀ ਦੀ ਆਵਾਜ਼ ਨੂੰ ਲਾਠੀਆਂ ਨਾਲ ਦਬਾਇਆ ਨਹੀਂ ਜਾ ਸਕਦਾ ਤੇ ਪੰਜਾਬ ਦੀ ਜਨਤਾ ਇਸ ਜ਼ੁਲਮ ਦਾ ਜਵਾਬ ਸਮਾਂ ਆਉਣ ‘ਤੇ ਜ਼ਰੂਰ ਦੇਵੇਗੀ।