8 ਨੂੰ ਹੋਵੇਗਾ ਬੇਸਿਕ ਲਾਈਫ ਸਪੋਰਟ ਟ੍ਰੇਨਿੰਗ ਪ੍ਰੋਗਰਾਮ : ਧੀਮਾਨ
ਸ਼੍ਰੀ ਵਿਸ਼ਵਕਰਮਾ ਮੰਦਰ ਵਿੱਚ 8 ਮਾਰਚ ਨੂੰ ਹੋਵੇਗਾ ਬੇਸਿਕ ਲਾਈਫ ਸਪੋਰਟ ਟ੍ਰੇਨਿੰਗ ਪ੍ਰੋਗਰਾਮ : ਪ੍ਰਦੀਪ ਧੀਮਾਨ
Publish Date: Fri, 06 Mar 2026 07:42 PM (IST)
Updated Date: Fri, 06 Mar 2026 07:45 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਤੇ ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਫਗਵਾੜਾ ਵੱਲੋਂ ਐਮਰਜੈਂਸੀ ਹਲਾਤਾਂ ਵਿਚ ਜੀਵਨ ਬਚਾਉਣ ਲਈ ਮੁੱਢਲੀ ਜਾਣਕਾਰੀ ਦੇਣ ਦੇ ਉਦੇਸ਼ ਨਾਲ “ਬੇਸਿਕ ਲਾਈਫ ਸਪੋਰਟ” ਟ੍ਰੇਨਿੰਗ ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਆਈਐੱਮਏ ਫਗਵਾੜਾ ਤੇ ਰਾਮਗੜ੍ਹੀਆ ਨਰਸਿੰਗ ਕਾਲਜ ਸਤਨਾਮਪੁਰਾ ਫਗਵਾੜਾ ਦੇ ਸਹਿਯੋਗ ਨਾਲ 8 ਮਾਰਚ, ਐਤਵਾਰ ਸਵੇਰੇ 9 ਵਜੇ ਸ਼੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਦੇ ਗੋਲਡਨ ਜੁਬਲੀ ਹਾਲ ਵਿਚ ਕਰਵਾਇਆ ਜਾਵੇਗਾ। ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਦੱਸਿਆ ਕਿ ਕਈ ਵਾਰ ਸੜਕ ਹਾਦਸੇ, ਦਿਲ ਦਾ ਦੌਰਾ ਪੈਣਾ, ਸਾਹ ਰੁਕਣਾ ਜਾਂ ਅਚਾਨਕ ਕਿਸੇ ਹੋਰ ਸਿਹਤ ਸਮੱਸਿਆ ਦੇ ਮੌਕੇ ‘ਤੇ ਜੇਕਰ ਨੇੜੇ ਮੌਜੂਦ ਲੋਕਾਂ ਨੂੰ ਮੁੱਢਲੇ ਇਲਾਜ ਤੇ ਬੇਸਿਕ ਲਾਈਫ ਸਪੋਰਟ ਦੀ ਜਾਣਕਾਰੀ ਹੋਵੇ ਤਾਂ ਮੌਕੇ ‘ਤੇ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਇਸੇ ਮਕਸਦ ਨਾਲ ਇਹ ਇਕ ਦਿਨ ਦਾ ਟ੍ਰੇਨਿੰਗ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਪ੍ਰੋਗਰਾਮ ਵਿਚ ਮੁੱਖ ਬੁਲਾਰਿਆਂ ਵਜੋਂ ਡਾ. ਮੁਕੇਸ਼ ਗੁਪਤਾ (ਨੈਸ਼ਨਲ ਕੋਆਰਡੀਨੇਟਰ, ਆਈਆਰਆਈਏ ਬੇਸਿਕ ਲਾਈਫ ਸਪੋਰਟ) ਤੋਂ ਇਲਾਵਾ ਡਾ. ਅਵਿਨਾਸ਼ ਸਿੰਘ ਚੌਹਾਨ (ਐੱਮਸੀਐੱਚ ਆਰਥੋ) ਤੇ ਆਈਐੱਮਏ ਫਗਵਾੜਾ ਸ਼ਾਖਾ ਦੇ ਪ੍ਰਧਾਨ ਡਾ. ਤੁਸ਼ਾਰ ਅਗਰਵਾਲ ਹਾਜ਼ਰ ਰਹਿਣਗੇ। ਪ੍ਰੋਗਰਾਮ ਦੌਰਾਨ ਡੈਮੋ ਸਮੇਤ ਹੋਰ ਮਹੱਤਵਪੂਰਨ ਤੇ ਲਾਭਕਾਰੀ ਜਾਣਕਾਰੀਆਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਦਾ ਐਮਰਜੈਂਸੀ ਸਮੇਂ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਕਿਸੇ ਕੀਮਤੀ ਜੀਵਨ ਨੂੰ ਬਚਾਇਆ ਜਾ ਸਕਦਾ ਹੈ। ਟ੍ਰੇਨਿੰਗ ਪ੍ਰਾਪਤ ਕਰਨ ਵਾਲਿਆਂ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਸਰਟੀਫਿਕੇਟ ਵੀ ਦਿੱਤੇ ਜਾਣਗੇ। ਪ੍ਰਦੀਪ ਧੀਮਾਨ ਤੋਂ ਇਲਾਵਾ ਟਰੱਸਟ ਦੇ ਸਰਪ੍ਰਸਤ ਜਸਪਾਲ ਸਿੰਘ ਲਾਲ ਤੇ ਗੁਰਨਾਮ ਸਿੰਘ ਜੁਤਲਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹੱਤਵਪੂਰਨ ਪ੍ਰੋਗਰਾਮ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਬੇਸਿਕ ਲਾਈਫ ਸਪੋਰਟ ਕੋਰਸ ਦੀ ਜਾਣਕਾਰੀ ਪ੍ਰਾਪਤ ਕਰਨ, ਤਾਂ ਜੋ ਜ਼ਰੂਰਤ ਪੈਣ ‘ਤੇ ਸਮਾਜ ਦੇ ਕਿਸੇ ਵੀ ਵਿਅਕਤੀ ਦੀ ਮਦਦ ਕੀਤੀ ਜਾ ਸਕੇ। ਇਸ ਮੌਕੇ ਅਮੋਲਕ ਸਿੰਘ ਝੀਤਾ, ਡਾ. ਸਮਦੀਸ਼ਾ, ਡਾ. ਕੋਮਲ, ਡਾ. ਗੋਪਾਲ ਕੌਸ਼ਲ, ਡਾ. ਓਸ਼ਿਨ ਮਿੱਡਾ, ਡਾ. ਦੀਪਾ ਯਾਦਵ, ਜਰਨੈਲ ਸਿੰਘ ਤੇ ਆਫਿਸ ਇੰਚਾਰਜ ਬਲਵਿੰਦਰ ਸਿੰਘ ਰਤਨ ਵੀ ਮੌਜੂਦ ਸਨ।