ਜੀਡੀਆਰ ਸਕੂਲ ’ਚ ਬਸੰਤ ਤੇ ਗਣਤੰਤਰ ਦਿਵਸ ਮਨਾਇਆ
ਜੀ.ਡੀ.ਆਰ ਸਕੂਲ ਵਿੱਚ ਬਸੰਤ ਪੰਚਮੀ ਅਤੇ ਗਣਤੰਤਰ ਦਿਵਸ ਮਨਾਇਆ ਗਿਆ
Publish Date: Sat, 24 Jan 2026 06:49 PM (IST)
Updated Date: Sat, 24 Jan 2026 06:52 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਨੇ ਬਸੰਤ ਪੰਚਮੀ ਤੇ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ। ਡੈਫੋਡਿਲ ਹਾਊਸ ਇੰਚਾਰਜ ਮਿਸ ਨਿਧੀ ਸ਼ਰਮਾ ਦੀ ਅਗਵਾਈ ਹੇਠ ਬੱਚਿਆਂ ਨੇ ਸਕੂਲ ਪ੍ਰਾਰਥਨਾ ਸਭਾ ਦੌਰਾਨ ਦੇਵੀ ਸਰਸਵਤੀ ਦੀ ਪੂਜਾ ਕਰਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ। ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਕੁਮਾਰ ਸ਼ਰਮਾ ਨੇ ਦੇਵੀ ਸਰਸਵਤੀ ਨੂੰ ਪ੍ਰਾਰਥਨਾ ਕਰਕੇ ਸਮਾਰੋਹ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਬਸੰਤ ਪੰਚਮੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਅੱਠਵੀਂ ਜਮਾਤ ਦੀ ਵਿਦਿਆਰਥਣ ਨਵਿਆ ਨੇ ਇਕ ਭਾਸ਼ਣ ਰਾਹੀਂ ਬੱਚਿਆਂ ਨੂੰ ਦੱਸਿਆ ਕਿ ਦੇਵੀ ਸਰਸਵਤੀ ਗਿਆਨ, ਬੁੱਧੀ ਤੇ ਸਿੱਖਿਆ ਦੀ ਦੇਵੀ ਹੈ, ਜੋ ਸਾਡੇ ਮਨਾਂ ਵਿਚ ਬੁੱਧੀ ਦੀ ਰੌਸ਼ਨੀ ਫੈਲਾਉਂਦੀ ਹੈ। ਇਸ ਦਿਨ ਨੂੰ ਸ਼ੁਭ ਮੰਨਿਆ ਜਾਂਦਾ ਹੈ ਅਤੇ ਕਈ ਥਾਵਾਂ ਤੇ ਸਿੱਖਿਆ ਦੀ ਸ਼ੁਰੂਆਤ ਹੁੰਦੀ ਹੈ। ਜੀਡੀਆਰ ਕਿਡਜ਼ ਵਰਲਡ ਸਕੂਲ ਦੇ ਛੋਟੇ ਬੱਚਿਆਂ ਨੇ ਇਸ ਦਿਨ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ। ਬਸੰਤ ਪੰਚਮੀ ਤੇ ਗਣਤੰਤਰ ਦਿਵਸ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਉਨ੍ਹਾਂ ਨੇ ਰੰਗਾਂ ਦੀ ਗਤੀਵਿਧੀ ਕੀਤੀ। ਉਨ੍ਹਾਂ ਨੇ ਦੇਵੀ ਸਰਸਵਤੀ ਤੇ ਦੇਸ਼ ਦੇ ਰਾਸ਼ਟਰੀ ਪ੍ਰਤੀਕਾਂ ਤਿਰੰਗਾ, ਅਸ਼ੋਕ ਚੱਕਰ ਤੇ ਹੋਰਾਂ ਦੀਆਂ ਤਸਵੀਰਾਂ ਬਣਾਈਆਂ। ਇਸ ਮੌਕੇ ਉਨ੍ਹਾਂ ਨੇ ਪੀਲੇ ਕੱਪੜੇ ਪਹਿਨੇ। ਸਾਰੇ ਬੱਚੇ ਇਸ ਪੀਲੇ ਪਹਿਰਾਵੇ ਵਿਚ ਬਹੁਤ ਸੁੰਦਰ ਲੱਗ ਰਹੇ ਸਨ। ਗਣਤੰਤਰ ਦਿਵਸ ਦੇ ਮੌਕੇ ਤੇ ਅੱਠਵੀਂ ਜਮਾਤ ਦੀ ਵਿਦਿਆਰਥਣ ਤਨਵੀ ਨੇ ਸਕੂਲ ਅਸੈਂਬਲੀ ਵਿਚ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਸਮਝਾਉਂਦੇ ਹੋਏ ਕਿਹਾ ਕਿ ਭਾਰਤ ਦਾ ਸੰਵਿਧਾਨ 26 ਜਨਵਰੀ, 1950 ਨੂੰ ਪੂਰੀ ਤਰ੍ਹਾਂ ਲਾਗੂ ਹੋਇਆ ਸੀ। ਇਹ ਸੰਵਿਧਾਨ ਡਾ. ਭੀਮ ਰਾਓ ਅੰਬੇਡਕਰ ਦੀ ਯੋਗ ਅਗਵਾਈ ਹੇਠ ਬਣੀ ਸੰਵਿਧਾਨ ਸਭਾ ਦੁਆਰਾ 2 ਸਾਲ, 11 ਮਹੀਨੇ ਅਤੇ 18 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਬਣਾਇਆ ਗਿਆ ਸੀ। ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਕੁਮਾਰ ਸ਼ਰਮਾ ਨੇ ਦੋਵਾਂ ਤਿਉਹਾਰਾਂ ਤੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।