ਜਾਅਲੀ ਦਸਤਾਵੇਜ਼ਾਂ ਨਾਲ ਜ਼ਮਾਨਤ, ਮਾਮਲਾ ਦਰਜ
ਕਪੂਰਥਲਾ ਦੀ ਅਦਾਲਤ ਵਿੱਚ ਜਾਅਲੀ ਦਸਤਾਵੇਜਾਂ ਨਾਲ ਜ਼ਮਾਨਤ
Publish Date: Fri, 27 Feb 2026 09:05 PM (IST)
Updated Date: Fri, 27 Feb 2026 09:07 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੀ ਅਦਾਲਤ ’ਚ ਜੇਐੱਮਆਈਸੀ ਦੀ ਅਦਾਲਤ ਵਿਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਇਕ ਮੁਲਜ਼ਮ ਦੀ ਜ਼ਮਾਨਤ ਕਰਵਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜੇਐੱਮਆਈਸੀ ਦੇ ਰੀਡਰ ਦੀ ਸ਼ਿਕਾਇਤ ਉੱਤੇ ਥਾਨਾ ਸਦਰ ਵਿਚ ਮੁਲਜ਼ਮ ਸਮੇਤ 4 ਲੋਕਾਂ ਦੇ ਖਿਲਾਫ ਐੱਫਆਈਆਰ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸਦੀ ਪੁਸ਼ਟੀ ਜਾਂਚ ਅਧਿਕਾਰੀ ਏਐੱਸਆਈ ਲਖਬੀਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੀ ਜੇਐੱਮਆਈਸੀ ਦੀ ਅਦਾਲਤ ਵਿਚ ਸਾਲ 2019 ਦੇ ਇਕ ਮਾਮਲੇ ਵਿਚ ਮੁਲਜ਼ਮ ਕੁਲਵਿੰਦਰ ਸਿੰਘ ਉਰਫ ਕਮਲ ਵਾਸੀ ਪਿੰਡ ਗਡਾਨੀ ਦੀ ਜ਼ਮਾਨਤ ਕਰਵਾਉਣ ਲਈ 11 ਦਸੰਬਰ 2023 ਨੂੰ ਪ੍ਰਦੀਪ ਸਿੰਘ ਪੁੱਤਰ ਨਿਰਮਲ ਸਿੰਘ, ਮਨਜੀਤ ਸਿੰਘ ਪੁੱਤਰ ਇੰਦਰ ਸਿੰਘ ਤੇ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਸਾਰੇ ਨਿਵਾਸੀ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੁਆਰਾ ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਦਾਖਲ ਕਰਕੇ ਜ਼ਮਾਨਤ ਕਰਵਾਈ ਗਈ ਹੈ। ਅਦਾਲਤ ਵਿਚ ਦਾਖਲ ਕੀਤੇ ਗਏ ਦਸਤਾਵੇਜ਼ ਜਾਂਚ ਵਿਚ ਜਾਅਲੀ ਪਾਏ ਗਏ। ਇਸ ਪੂਰੇ ਕਾਂਡ ਵਿਚ ਜੇਐੱਮਆਈਸੀ ਨਵਜੀਤ ਪਾਲ ਕੌਰ ਦੇ ਰੀਡਰ ਦੀ ਸ਼ਿਕਾਇਤ ਉੱਤੇ ਮੁਲਜ਼ਮ ਪ੍ਰਦੀਪ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਏਐੱਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਇਸ ਮਾਮਲੇ ਵਿਚ ਕੁੱਝ ਹੋਰ ਲੋਕਾਂ ਦੇ ਸ਼ਾਮਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕਪੂਰਥਲਾ ਵਿਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਜ਼ਮਾਨਤ ਕਰਵਾਉਣ ਦੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਨਾਲ ਜੁੜੇ ਇਕ ਗਿਰੋਹ ਦਾ ਕੁੱਝ ਮਹੀਨੇ ਪਹਿਲਾਂ ਖੁਲਾਸਾ ਕੀਤਾ ਜਾ ਚੁੱਕਿਆ ਹੈ, ਜਿਸ ਵਿਚ ਕੁੱਝ ਅਰਜ਼ੀ ਨਵੀਸ ਵੀ ਸ਼ਾਮਲ ਸਨ।