ਮਜ਼ਦੂਰ ਵਿਰੋਧੀ ਹੈ ਜੀ ਰਾਮ ਜੀ : ਬਸਪਾ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਨਵੀਂ ਸਕੀਮ ਦੀ ਬਹੁਜਨ ਸਮਾਜ ਪਾਰਟੀ ਨੇ ਕੀਤੀ ਨਿੰਦਾ
Publish Date: Sat, 03 Jan 2026 10:38 PM (IST)
Updated Date: Sat, 03 Jan 2026 10:41 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੀਟਿੰਗ ਪਾਰਟੀ ਦੇ ਪੰਜਾਬ ਜਰਨਲ ਸਕੱਤਰ ਤਰਸੇਮ ਥਾਪਰ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਨਵੀਂ ਸਕੀਮ ‘ਵਿਕਸਤ ਭਾਰਤ-ਗਰੰਟੀ ਫਾਰ ਰੋਜ਼ਗਾਰ ਐਂਡ ਅਜੀਵਿਕਾ ਮਿਸ਼ਨ (ਗ੍ਰਾਮੀਣ) ਐਕਟ-2025’ ਦੀ ਨਿੰਦਾ ਕਰਦੇ ਹੋਏ ਉਕਤ ਬਿੱਲ ਵਿਚ ਸੋਧ ਕਰਨ ਲਈ ਸਹਾਇਕ ਕਮਿਸ਼ਨਰ ਕਪੂਰਥਲਾ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਦਾ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਦੇ ਹੋਏ ਪੰਜਾਬ ਜਨਰਲ ਸਕੱਤਰ ਤਰਸੇਮ ਥਾਪਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਨਾਗਰਿਕਾਂ ਦੇ ਹੱਕਾਂ ਨੂੰ ਅਣਗੋਲਿਆਂ ਕਰਦੇ ਹੋਏ ਰੋਜ਼ਗਾਰ ਸਕੀਮ ‘ਮਨਰੇਗਾ’ ਨੂੰ ਬਦਲ ਕੇ ਨਵਾਂ ‘ਵਿਕਸਤ ਭਾਰਤ-ਗਰੰਟੀ ਫਾਰ ਰੋਜ਼ਗਾਰ ਐਂਡ ਅਜੀਵਿਕਾ ਮਿਸ਼ਨ (ਗ੍ਰਾਮੀਣ) ਐਕਟ-2025’ ਬਣਾਇਆ ਗਿਆ ਹੈ, ਜੋ ਸਾਫ ਤੌਰ ’ਤੇ ਮਜ਼ਦੂਰ ਵਿਰੋਧੀ ਬਿੱਲ ਹੈ। ਉਨ੍ਹਾਂ ਕਿਹਾ ਕਿ ਇਸ ਐਕਟ ਅਨੁਸਾਰ ਸਾਰੇ ਸੂਬਿਆਂ ਦਾ 40% ਹਿੱਸਾ ਨਿਰਧਾਰਿਤ ਕਰ ਦਿੱਤਾ ਗਿਆ ਹੈ, ਜਿਸ ਨਾਲ ਰੋਜ਼ਗਾਰ ’ਤੇ ਮਾੜਾ ਅਸਰ ਪਵੇਗਾ ਅਤੇ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਸੰਭਵਨਾ ਘੱਟ ਜਾਵੇਗੀ। ਇਸ ਸਕੀਮ ਅਧੀਨ ਹੁਣ ਜਿਥੇ ਪ੍ਰੋਜੈਕਟ ਲਗੇਗਾ, ਉਥੇ ਹੀ ਕੰਮ ਦੇ ਮੌਕੇ ਉਪਲਬਧ ਹੋਣਗੇ ਨਾ ਕਿ ਰੋਜ਼ਗਾਰ ਦੀ ਗਰੰਟੀ ਹੋਵੇਗੀ। ਇਸ ਸਕੀਮ ਅਧੀਨ ਪ੍ਰੋਜੈਕਟ ਦੀ ਮੰਜ਼ੂਰੀ ਤੋਂ ਲੈ ਕੇ ਫੰਡ ਐਲੋਕੇਸ਼ਨ, ਪੰਚਾਇਤ ਜਾਂ ਸੂਬਾ ਸਰਕਾਰ ਕੋਲ ਨਾ ਹੋ ਕੇ ਸਿੱਧਾ ਕੇਂਦਰ ਦੀ ਕਮਾਂਡ ਹੇਠ ਹੋਵੇਗਾ, ਜਿਸ ਨਾਲ ਰੋਜ਼ਗਾਰ ਸਿਰਫ ਪ੍ਰੋਜੈਕਟ ਦੇ ਚੱਲਣ ’ਤੇ ਹੀ ਉਪਲਬਧ ਹੋਵੇਗਾ ਨਾ ਕਿ ਰੋਜ਼ਗਾਰ ਦੀ ਗਰੰਟੀ ਅਨੁਸਾਰ। ਉਨ੍ਹਾਂ ਕਿਹਾ ਕਿ ਇਸ ਐਕਟ ਦੇ ਅਧੀਨ ਕੰਮ ਕਰਨ ਵਾਲੇ ਹਰੇਕ ਕਰਮਚਾਰੀ ਦੀ ਕੰਮ ਵਾਲੀ ਥਾਂ ’ਤੇ ਚਿਹਰੇ ਦੀ ਪਹਿਚਾਣ ਵਗਰੇ ਡਿਜੀਟਲ ਤਕਨੀਕ ਦੀ ਵਰਤੋਂ ਨਾਲ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਤਕਨੀਕ ਨਾ ਉਪਲਬਧ ਹੋਵੇ ਜਾਂ ਕੁਨੈਕਸ਼ਨ ਨਾ ਹੋਵੇ ਤਾਂ ਕਾਮੇ ਦਾ ਸਿਰਫ ਸ਼ੋਸ਼ਣ ਹੀ ਵਧੇਗਾ। ਪੰਜਾਬ ਜਨਰਲ ਸਕੱਤਰ ਤਰਸੇਮ ਥਾਪਰ ਨੇ ਕਿਹਾ ਕਿ ਪੇਂਡੂ ਰੋਜ਼ਗਾਰ ਗਰੰਟੀ ਯੋਜਨਾ ਤਹਿਤ ਮਜ਼ਦੂਰ ਨੂੰ ਘੱਟੋ-ਘੱਟ 300 ਦਿਨ ਪ੍ਰਤੀ ਸਾਲ ਰੋਜ਼ਗਾਰ ਦੇਣ ਦੀ ਵਿਵਸਥਾ ਕਰਨੀ ਚਾਹੀਦੀ ਹੈ। ਰੋਜ਼ਗਾਰ ਗਰੰਟੀ ਯੋਜਨਾ ਵਰਗੀਆਂ ਸਕੀਮਾਂ ਸਮੇਤ ਹਰ ਕਾਮੇ ਲਈ ਸਹੁਲਤਾਂ ਵੀ ਸਰਕਾਰੀ ਕਰਮਚਾਰੀਆਂ ਵਾਲੀਆਂ ਦੇਣ ਦਾ ਪ੍ਰਬੰਧ ਕੀਤਾ ਜਾਵੇ। ਮਜ਼ਦੂਰੀ ਕਾਮਿਆਂ ਲਈ ਬੇ-ਰੋਜ਼ਗਾਰੀ ਭੱਤਾ ਲਾਜ਼ਮੀ ਬਣਾਇਆ ਜਾਵੇ। ਹਰੇਕ ਅਦਾਰੇ ਅੰਦਰ ਮਜ਼ਦੂਰੀ ਕਾਮਿਆਂ ਕੋਲੋਂ ਇਕ ਦਿਨ ਅੰਦਰ ਸਿਰਫ 8 ਘੰਟੇ ਕੰਮ ਲੈਣ ਦਾ ਪ੍ਰਬੰਧ ਕੀਤਾ ਜਾਵੇ। ਮਜ਼ਦੂਰੀ 346 ਰੁਪਏ ਪ੍ਰਤੀ ਦਿਹਾੜੀ ਤੋਂ ਵਧਾ ਕੇ ਘੱਟੋ-ਘੱਟ 700/-ਰੁਪਏ ਕੀਤਾ ਜਾਵੇ। ਮਨਰੇਗਾ ਸਕੀਮ ਤਹਿਤ ਕੰਮ ਕਰ ਚੁੱਕੇ ਕਾਮਿਆਂ ਦੇ ਬਕਾਏ ਬਿਨ੍ਹਾਂ ਕਿਸੇ ਦੇਰੀ ਤੋਂ ਜਾਰੀ ਕੀਤੇ ਜਾਣ। ਇਸ ਮੌਕੇ ਪੰਜਾਬ ਸਕੱਤਰ ਰਾਕੇਸ਼ ਕੁਮਾਰ ਦਾਤਾਰਪੁਰੀ, ਸਟੇਟ ਕਮੇਟੀ ਮੈਂਬਰ ਲੇਖ ਰਾਜ ਜਮਾਲਪੁਰੀ, ਐੱਮਸੀ ਚਿਰੰਜੀਲਾਲ ਕਾਲਾ ਹਲਕਾ ਪ੍ਰਧਾਨ ਫਗਵਾੜਾ, ਰਾਮ ਲਾਲ ਹਲਕਾ ਪ੍ਰਧਾਨ ਸੁਲਤਾਪੁਰ ਲੋਧੀ, ਬਲਵੀਰ ਸਿੱਧਵਾਂ ਹਲਕਾ ਪ੍ਰਧਾਨ ਕਪੂਰਥਲਾ ਵਿਧਾਨ ਸਭਾ, ਜਸਵਿੰਦਰ ਬਿੱਟਾ ਪ੍ਰਧਾਨ ਮਸੀਹ ਭਾਈਚਾਰਾ ਜ਼ਿਲ੍ਹਾ ਕਪੂਰਥਲਾ, ਡਾ. ਜਸਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਗੁਰਦਿੱਤਾ ਬੰਗੜ੍ਹ ਜਨਰਲ ਸਕੱਤਰ ਜ਼ਿਲ੍ਹਾ ਕਪੂਰਥਲਾ, ਅਮਨਦੀਪ ਕੌਰ ਐੱਮਸੀ ਫਗਵਾੜਾ, ਦਲਜੀਤ ਕੁਮਾਰ ਬਲਾਕ ਸੰਮਤੀ ਮੈਂਬਰ ਚੱਕ ਹਕੀਮ, ਧਰਮਵੀਰ ਰਾਜੂ, ਐਡਵੋਕੇਟ ਉਂਕਾਰ ਬਸਰਾ, ਸੰਤੋਖ ਡੱਢਾ, ਗੁਰਦਿੱਤਾ ਬੰਗੜ ਜ਼ਿਲ੍ਹਾ ਜਨਰਲ ਸਕੱਤਰ, ਅਮਰਜੀਤ, ਮਦਨ ਲਾਲ ਲੱਖਣ ਕਲਾਂ, ਹਰਿੰਦਰ ਸ਼ੀਤਲ, ਕਸ਼ਮੀਰ ਸਿੰਘ, ਵੇਦ ਪ੍ਰਕਾਸ਼ ਗਿੱਲ, ਅਸ਼ੋਕ ਗਿੱਲ, ਮੇਜ਼ਰ ਸਿੰਘ ਢਿੱਲਵਾਂ, ਜਸਵਿੰਦਰ ਕੌਰ, ਰਾਣੀ, ਸੁਖਵਿੰਦਰ ਕੌਰ, ਬਿਬੀ ਸਿੰਬੋ, ਕੁਲਦੀਪ ਕੌਰ, ਜਗੀਰ ਸਿੰਘ ਤੇ ਹੋਰ ਸ਼ਾਮਲ ਹਨ।