ਸ਼ਿੰਘਰਾਲਾ ਸਕੂਲ ’ਚ ਕਰਵਾਇਆ ਬੇਬੀ ਸ਼ੋਅ
ਸ਼ਿੰਘਰਾਲਾ ਸਕੂਲ ਵਿਖੇ ਕਰਵਾਇਆ ਗਿਆ ਬੇਬੀ ਸ਼ੋਅ ਅਤੇ ਬਸੰਤ ਮੇਲਾ
Publish Date: Tue, 20 Jan 2026 09:29 PM (IST)
Updated Date: Tue, 20 Jan 2026 09:30 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਸਥਾਨਕ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਵਿਖੇ ਇਕ ਸ਼ਾਨਦਾਰ ਬੇਬੀ ਸ਼ੋਅ ਤੇ ਬਸੰਤ ਮੇਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਘੇ ਵਿਦਵਾਨ ਤੇ ਲੇਖਕ ਸਕੂਲ ਚੇਅਰਮੈਨ ਡਾ. ਆਸਾ ਸਿੰਘ ਘੁੰਮਣ ਅਤੇ ਵਿਸ਼ੇਸ਼ ਮਹਿਮਾਨ ਸਕੂਲ ਐੱਮਡੀ ਮੈਡਮ ਸਵਰਨ ਕੌਰ ਸਨ। ਇਸ ਮੇਲੇ ਵਿਚ ਸਕੂਲ ਵਿਚ ਨਵੇਂ ਆਏ ਨੰਨੇ-ਮੁੰਨੇ ਪ੍ਰੀ-ਨਰਸਰੀ ਦੇ ਵਿਦਿਆਰਥੀਆਂ ਨੂੰ ਜਿਥੇ ਸਕੂਲ ਵਿਚ ਜੀ ਆਇਆਂ ਨੂੰ ਆਖਿਆ ਗਿਆ, ਉੱਥੇ ਹੀ ਉਨ੍ਹਾਂ ਦੀ ਪਿਆਰੀ ਤੇ ਨਿਰਛਲ ਪ੍ਰਤਿਭਾ ਨੂੰ ਪਰਖਣ ਲਈ ਇਕ ਮੁਕਾਬਲਾ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ 100 ਦੇ ਕਰੀਬ ਪ੍ਰਤੀਯੋਗੀਆਂ ਵਿਚੋਂ ਬੱਚਿਆਂ ਨੇ ਵੱਖ-ਵੱਖ ਟਾਈਟਲ ਜਿਵੇਂ ਕਿਊਟੈਸਟ ਬੇਬੀ, ਕਿਊਟੈਸਟ ਸਮਾਈਲ, ਚੱਬੀ ਚੀਕਸ, ਫੋਟੋਜੈਨਿਕ ਫੇਸ, ਚਾਰਮਿੰਗ ਫੇਸ, ਟਰੈਂਡ ਸੈੱਟਰ ਆਦਿ ਵੱਖ਼-ਵੱਖ ਵਰਗਾਂ ਅਧੀਨ ਇਨਾਮ ਪ੍ਰਾਪਤ ਕੀਤੇ। ਸਕੂਲ ਵੱਲੋਂ ਇਨਾਮ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਮਾਂਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਵਾਂ ਲਈ ਕੁਝ ਰੌਚਕ ਖੇਡਾਂ ਵੀ ਕਰਵਾਈਆਂ ਗਈਆਂ ਤੇ ਲੱਕੀ ਡਰਾਅ ਰਾਹੀਂ ਦਸ ਟਿਕਟਾਂ ਦੇ ਜੇਤੂਆਂ ਨੂੰ ਆਕਰਸ਼ਕ ਇਨਾਮ ਪ੍ਰਦਾਨ ਕੀਤੇ ਗਏ। ਇਨਾਮ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਡਾ. ਘੁੰਮਣ ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਛੋਟੇ-ਛੋਟੇ ਬੱਚਿਆਂ ਲਈ ਅਜਿਹਾ ਨਿਵੇਕਲਾ ਤੇ ਸ਼ਾਨਦਾਰ ਪ੍ਰੋਗਰਾਮ ਉਲੀਕਣ ਲਈ ਵਾਈਸ ਪ੍ਰਿੰਸੀਪਲ ਮੈਡਮ ਰਜਨੀ ਅਰੋੜਾ ਅਤੇ ਪ੍ਰਿੰਸੀਪਲ ਮੈਡਮ ਮਨਪ੍ਰੀਤ ਕੌਰ ਦੀ ਪ੍ਰਸੰਸਾ ਕੀਤੀ। ਉਨ੍ਹਾਂ ਇਸ ਮੌਕੇ ਸਕੂਲ ਦੇ ਆਉਣ ਵਾਲੇ ਗੋਲਡਨ ਜੁਬਲੀ ਸਮਾਰੋਹ ਨੂੰ ਧਿਆਨ ਵਿਚ ਰੱਖਦਿਆਂ ਦਾਖਲ ਹੋਣ ਵਾਲੇ ਵਿਦਿਆਰਥੀਆਂ ਲਈ ਆਕਰਸ਼ਕ ਆਫ਼ਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸਾਲ ਸਕੂਲ ਵਿਚ ਨਵੇਂ ਆਉਣ ਵਾਲੇ ਵਿਦਿਆਰਥੀਆਂ ਕੋਲੋਂ ਕੋਈ ਨਵੀਂ ਦਾਖਲਾ ਫ਼ੀਸ ਨਹੀਂ ਲਈ ਜਾਵੇਗੀ, ਗਿਆਰਵੀਂ ਜਮਾਤ ਵਿਚ ਦਾਖਲ ਹੋਣ ਵਾਲੀਆਂ ਵਿਦਿਆਰਥਣਾਂ ਦਾ ਅੱਧਾ ਬੱਸ ਕਿਰਾਇਆ ਮੁਆਫ਼ ਕੀਤਾ ਜਾਵੇਗਾ। ਦਸਵੀਂ ਦੀ ਪ੍ਰੀਖਿਆ ਵਿਚੋਂ 80 ਪ੍ਰਤੀਸ਼ਤ ਤੇ ਇਸ ਤੋਂ ਵੱਧ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਦਸ ਹਜ਼ਾਰ ਰੁਪਏ ਦਾ ਸਕਾਲਰਸ਼ਿਪ ਦਿੱਤਾ ਜਾਵੇਗਾ, ਗ੍ਰੰਥੀ ਸਿੰਘਾਂ ਤੇ ਪੁਜਾਰੀਆਂ ਦੇ ਬੱਚਿਆਂ ਨੂੰ 10000 ਰੁਪਏ ਦਾ ਕਨਸੈਸ਼ਨ ਦਿੱਤਾ ਜਾਏਗਾ ਤੇ ਲੋੜਵੰਦ ਵਿਦਿਆਰਥੀਆਂ ਨੂੰ ਲੋੜ ਮੁਤਾਬਕ ਫ਼ੀਸ ਵਿਚ ਵਿਸ਼ੇਸ਼ ਰਿਆਇਤ ਦਿੱਤੀ ਜਾਵੇਗੀ। ਇਸ ਮੌਕੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਵੱਖ-ਵੱਖ ਝੂਲੇ ਵੀ ਲਗਾਏ ਗਏ ਤੇ ਖਾਣ-ਪੀਣ ਲਈ ਬਰਗਰ, ਟਿੱਕੀ, ਨੂਡਲਜ਼ ਡੋਸਾ, ਫਰੈਂਚ ਫ਼ਰਾਈਸ ਕਾਫੀ ਆਦਿ ਦੇ ਸਟਾਲਾਂ ਦਾ ਪ੍ਰਬੰਧ ਵੀ ਕੀਤਾ ਗਿਆ, ਜਿਸਦਾ ਸਭ ਨੇ ਖੂਬ ਆਨੰਦ ਮਾਣਿਆ।