ਪੰਜਾਬ ਪਬਲਿਕ ਸਕੂਲ ’ਚ ਸਫ਼ਾਈ ਬਾਰੇ ਕਰਵਾਇਆ ਜਾਗਰੂਕਤਾ ਸੈਮੀਨਾਰ
ਪੰਜਾਬ ਪਬਲਿਕ ਸਕੂਲ ਵਿੱਚ ਸਫ਼ਾਈ ਬਾਰੇ ਜਾਗਰੂਕਤਾ ਸੈਮੀਨਾਰ, ਬੱਚਿਆਂ ਨੂੰ ਮਿਿਲਆ ਸਾਫ਼ ਜੀਵਨ ਦਾ ਸੰਦੇਸ਼
Publish Date: Sat, 07 Feb 2026 09:10 PM (IST)
Updated Date: Sat, 07 Feb 2026 09:11 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਖੇੜਾ ਮਸਜਿਦ, ਫਗਵਾੜਾ ਵਿਚ ਸਫ਼ਾਈ ਵਿਸ਼ੇ ’ਤੇ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸਫ਼ਾਈ, ਵਾਤਾਵਰਣ ਸੁਰੱਖਿਆ ਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ’ਤੇ ਸਵੱਛਤਾ ਅਭਿਆਨ ਸੋਸਾਇਟੀ ਫਗਵਾੜਾ ਰਜਿਸਟਰਡ ਦੇ ਪ੍ਰਧਾਨ ਤੇ ਸਮਾਜਸੇਵੀ ਆਸ਼ੀਸ਼ ਗਾਂਧੀ ਮੁੱਖ ਵਕਤਾ ਵਜੋਂ ਹਾਜ਼ਰ ਰਹੇ। ਉਨ੍ਹਾਂ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿਚ ਬੱਚਿਆਂ ਨੂੰ ਰੋਜ਼ਾਨਾ ਜੀਵਨ ਵਿਚ ਸਫ਼ਾਈ ਅਪਣਾਉਣ ਦੀ ਸਿੱਖਿਆ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੂੜਾ ਹਮੇਸ਼ਾ ਡਸਟਬਿਨ ਵਿਚ ਪਾਉਣ, ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨ, ਕੱਪੜੇ ਜਾਂ ਕਾਗਜ਼ ਦੇ ਥੈਲਿਆਂ ਨੂੰ ਅਪਣਾਉਣ ਤੇ ਆਪਣੇ ਜਨਮਦਿਨ ਵਰਗੇ ਖਾਸ ਮੌਕਿਆਂ ’ਤੇ ਪੌਦੇ ਲਗਾ ਕੇ ਕੁਦਰਤ ਨੂੰ ਤੋਹਫ਼ਾ ਦੇਣ ਲਈ ਪ੍ਰੇਰਿਤ ਕੀਤਾ। ਆਸ਼ੀਸ਼ ਗਾਂਧੀ ਨੇ ਕਿਹਾ ਕਿ ਸਾਫ਼ ਵਾਤਾਵਰਣ ਸਾਨੂੰ ਨਾ ਸਿਰਫ਼ ਬਿਮਾਰੀਆਂ ਤੋਂ ਬਚਾਉਂਦਾ ਹੈ, ਸਗੋਂ ਇਕ ਸਿਹਤਮੰਦ ਤੇ ਸੁੰਦਰ ਸਮਾਜ ਦੀ ਨੀਂਹ ਵੀ ਰੱਖਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਸਾਫ਼ ਰਹਿਣ ਤੇ ਆਪਣੇ ਪਰਿਵਾਰ ਤੇ ਆਸ-ਪਾਸ ਦੇ ਲੋਕਾਂ ਨੂੰ ਵੀ ਸਫ਼ਾਈ ਪ੍ਰਤੀ ਜਾਗਰੂਕ ਕਰਨ। ਸਕੂਲ ਦੀ ਪ੍ਰਿੰਸੀਪਲ ਸ਼ੋਭਾ ਗੁਪਤਾ ਨੇ ਸੈਮੀਨਾਰ ਨੂੰ ਬਹੁਤ ਹੀ ਲਾਭਕਾਰੀ ਦੱਸਦੇ ਹੋਏ ਆਸ਼ੀਸ਼ ਗਾਂਧੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਤੇ ਸਮਾਜਿਕ ਸੋਚ ਨੂੰ ਮਜ਼ਬੂਤ ਕਰਦੇ ਹਨ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਮਹੇਸ਼ ਚੰਦਰ ਗੁਪਤਾ ਨੇ ਆਸ਼ੀਸ਼ ਗਾਂਧੀ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਦੀ ਸਰਾਹਨਾ ਕੀਤੀ। ਇਸ ਮੌਕੇ ਸਕੂਲ ਦੇ ਅਧਿਆਪਕ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਰਹੇ। ਸਭ ਨੇ ਸਫ਼ਾਈ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਤੇ ਵਾਤਾਵਰਣ ਦੀ ਰੱਖਿਆ ਕਰਨ ਦਾ ਸੰਕਲਪ ਲਿਆ।