ਪਰਵਤ ਮਠ ’ਚ ਪ੍ਰਭਾਤ ਫੇਰੀਆਂ ਦੀ ਲੜੀ ਸ਼ੁਰੂ
ਸ਼੍ਰੀ ਸਵਾਮੀ ਸ਼ੰਕਰ ਨਾਥ ਪਰਵਤ ਮਠ ਵਿਖੇ ਪ੍ਰਭਾਤ ਫੇਰੀਆਂ ਦੀ ਲੜੀ ਦਾ ਸ਼ੁਭ ਆਰੰਭ
Publish Date: Thu, 05 Feb 2026 07:29 PM (IST)
Updated Date: Thu, 05 Feb 2026 07:32 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੀ ਸਵਾਮੀ ਸ਼ੰਕਰ ਨਾਥ ਪਰਵਤ ਚੈਰੀਟੇਬਲ ਤੇ ਵੈੱਲਫੇਅਰ ਟਰਸਟ, ਨਕੋਦਰ ਰੋਡ ਹਦਿਆਬਾਦ ਫਗਵਾੜਾ ਵੱਲੋਂ ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ ‘ਤੇ ਧਾਰਮਿਕ ਪ੍ਰੋਗਰਾਮਾਂ ਦੀ ਲੜੀ ਅੱਜ ਪ੍ਰਭਾਤ ਫੇਰੀਆਂ ਨਾਲ ਸ਼ੁਰੂ ਕੀਤੀ ਗਈ। ਇਹ ਪ੍ਰਭਾਤ ਫੇਰੀਆਂ ਹਰ ਰੋਜ਼ ਮਹਾਂਸ਼ਿਵਰਾਤਰੀ ਤੱਕ ਸਵੇਰੇ ਬਿਲੂ ਰਾਣਾ ਮੰਦਰ ਤੋਂ ਸ਼ੁਰੂ ਹੋ ਕੇ ਸ਼੍ਰੀ ਸਵਾਮੀ ਸ਼ੰਕਰ ਨਾਥ ਪਰਵਤ ਮਠ ਪਾਠਸ਼ਾਲਾ ਵਿਚ ਸੰਪੰਨ ਹੋਣਗੀਆਂ। ਪ੍ਰਭਾਤ ਫੇਰੀ ਤੋਂ ਬਾਅਦ ਭਜਨ-ਕੀਰਤਨ, ਪ੍ਰਸਾਦ ਵੰਡ ਤੇ ਮਹਾਂਰੁਦ੍ਰਾਭਿਸ਼ੇਕ ਦਾ ਆਯੋਜਨ ਕੀਤਾ ਜਾਵੇਗਾ। ਟਰਸਟ ਵੱਲੋਂ ਜਾਣਕਾਰੀ ਦਿੰਦਿਆਂ ਰਾਕੇਸ਼ ਦੁੱਗਲ ਤੇ ਐਡਵੋਕੇਟ ਲੋਕੇਸ਼ ਨਰੰਗ ਨੇ ਦੱਸਿਆ ਕਿ 13 ਫ਼ਰਵਰੀ, ਸ਼ੁੱਕਰਵਾਰ ਨੂੰ ਸ਼ਾਮ ਜਠੇਰੇ ਦੁੱਗਲਾਂ ਤੋਂ ਜਾਗੋ ਦਾ ਆਯੋਜਨ ਕੀਤਾ ਜਾਵੇਗਾ, ਜੋ ਬਿਲੂ ਰਾਣਾ ਮੰਦਰ ਤੋਂ ਚੱਲ ਕੇ ਪਾਠਸ਼ਾਲਾ ਵਿਚ ਸੰਪੰਨ ਹੋਵੇਗੀ। ਇਸ ਤੋਂ ਬਾਅਦ ਭਜਨ ਸੰਕੀਰਤਨ ਤੇ ਪ੍ਰਸਾਦ ਵੰਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 14 ਫ਼ਰਵਰੀ, ਸ਼ਨੀਚਰਵਾਰ ਨੂੰ ਦੁਪਹਿਰ ਸਮੇਂ ਸ਼੍ਰੀ ਸਵਾਮੀ ਸ਼ੰਕਰ ਨਾਥ ਪਰਵਤ ਮਠ ਪਾਠਸ਼ਾਲਾ ਤੋਂ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਪੂਰੇ ਹਦਿਆਬਾਦ ਖੇਤਰ ਦੀ ਪਰਿਕਰਮਾ ਕਰਦੀ ਹੋਈ ਮੁੜ ਪਾਠਸ਼ਾਲਾ ਵਿਚ ਪ੍ਰਵੇਸ਼ ਕਰੇਗੀ। 15 ਫ਼ਰਵਰੀ, ਐਤਵਾਰ ਨੂੰ ਮਹਾਸ਼ਿਵਰਾਤਰੀ ਦਾ ਪਾਵਨ ਤਿਉਹਾਰ ਸ਼ਰਧਾ ਤੇ ਭਗਤੀ ਨਾਲ ਮਨਾਇਆ ਜਾਵੇਗਾ। ਸਵੇਰੇ ਪ੍ਰਭਾਤ ਫੇਰੀ ਤੇ ਮਹਾਂਅਭਿਸ਼ੇਕ ਤੋਂ ਬਾਅਦ ਸਵੇਰੇ 11 ਵਜੇ ਝੰਡਾ ਚੜਾਇਆ ਜਾਵੇਗਾ। ਰਾਤ ਨੂੰ ਚਾਰ ਪਹਰ ਦੀ ਵਿਸ਼ੇਸ਼ ਪੂਜਾ-ਅਰਚਨਾ ਆਯੋਜਿਤ ਹੋਵੇਗੀ। ਇਸ ਤੋਂ ਬਾਅਦ 16 ਫ਼ਰਵਰੀ, ਸੋਮਵਾਰ ਨੂੰ ਸਵੇਰੇ ਹਵਨ ਯੱਗ ਦੀ ਪੂਰਨਾਹੁਤੀ ਤੇ ਦੁਪਹਿਰ ਸਮੇਂ ਸਾਰੇ ਭਗਤਾਂ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਰਾਕੇਸ਼ ਦੁੱਗਲ ਤੇ ਐਡਵੋਕੇਟ ਲੋਕੇਸ਼ ਨਰੰਗ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ, ਜਿਸਨੂੰ ਰੁਦ੍ਰ ਦੀ ਪਾਵਨ ਰਾਤ ਵੀ ਕਿਹਾ ਜਾਂਦਾ ਹੈ, ਆਸਥਾ, ਵਿਸ਼ਵਾਸ ਤੇ ਅਗਿਆਨ ‘ਤੇ ਗਿਆਨ ਦੀ ਜਿੱਤ ਦਾ ਪ੍ਰਤੀਕ ਹੈ। ਮਾਨਤਾ ਅਨੁਸਾਰ ਸਮੁੰਦਰ ਮੰਥਨ ਦੌਰਾਨ ਨਿਕਲੇ ਵਿਸ਼ ਨੂੰ ਭਗਵਾਨ ਸ਼ਿਵ ਨੇ ਆਪਣੇ ਕੰਠ ਵਿਚ ਧਾਰਨ ਕਰਕੇ ਸ੍ਰਿਸ਼ਟੀ ਦੀ ਰੱਖਿਆ ਕੀਤੀ ਸੀ, ਜਿਸ ਕਾਰਨ ਉਹ ਨੀਲਕੰਠ ਕਹਿਲਾਏ। ਇਸ ਮਹਾਨ ਘਟਨਾ ਦੀ ਯਾਦ ਵਿਚ ਹੀ ਮਹਾਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਭਗਤੀ ਭਾਵ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਖੇਤਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਨ੍ਹਾਂ ਧਾਰਮਿਕ ਆਯੋਜਨਾਂ ਵਿਚ ਭਾਗ ਲੈ ਕੇ ਪੁੰਨ ਦੇ ਭਾਗੀ ਬਣਨ।