ਹਰਨੇਕ ਸਿੰਘ ਜੈਨਪੁਰੀ, ਪੰਜਾਬੀ

ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਕੈਡਰ ਦੇ 2019 ਬੈਚ ਦੇ ਆਈਏਐੱਸ ਅਧਿਕਾਰੀ ਤੇ ਜ਼ਿਲ੍ਹੇ ਦੇ ਨਵੇਂ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ ਤੋਂ ਊਰਜਾ ਖੋਜ ਦੇ ਖੇਤਰ ਵਿਚ ਐੱਮਟੈੱਕ ਕਰਨ ਤੋ ਬਾਅਦ ਆਈਏਐਸ ਬਣਨ ਦਾ ਸੁਪਨਾ ਸਾਕਾਰ ਕਰਕੇ ਕਈ ਨੌਜਵਾਨਾਂ ਲਈ ਉਦਾਹਰਣ ਬਣੇ ਹਨ। ਉਨ੍ਹਾਂ ਆਪਣੀ ਇਸ ਨਿਯੁਕਤੀ ’ਤੇ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਕਪੂਰਥਲਾ ਇਕ ਵਿਰਾਸਤੀ ਜ਼ਿਲ੍ਹਾ ਹੈ, ਜਿਸਦੀ ਅਮੀਰ ਵਿਰਾਸਤ ਬਹੁਤ ਪ੍ਰਸਿੱਧ ਹੈ। ਉਹ ਜ਼ਿਲ੍ਹੇ ਦੇ ਸੁਹਿਰਦ ਵਾਸੀਆਂ ਤੇ ਬੁੱਧਜੀਵੀਆ ਦੇ ਸੁਝਾਵਾਂ ਨੂੰ ਮਾਰਗ ਦਰਸ਼ਨ ਦੇ ਤੌਰ ’ਤੇ ਦੇਖਦੇ ਹਨ।
ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜ਼ਿਲ੍ਹੇ ਦੇ ਆਮ ਲੋਕਾਂ ਵਿਚਾਲੇ ਪੁੱਲ ਦਾ ਕੰਮ ਕਰਨਗੇ। ਉਨ੍ਹਾਂ ਦੀ ਹਰ ਸੰਭਵ ਕੋਸ਼ਿਸ਼ ਰਹੇਗੀ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਦੀਆਂ ਵੱਖ-ਵੱਖ ਭਲਾਈ ਸਕੀਮਾਂ ਨੂੰ ਅਸਲ ਲਾਭਪਾਤਰੀਆਂ ਤੱਕ ਪਹੁੰਚਾਇਆ ਜਾਏ।
-ਤਿੰਨ ਕੋਸ਼ਿਸ਼ਾਂ, ਤਿੰਨ ਕਾਮਯਾਬੀਆਂ, ਆਕਾਸ਼ ਨੇ ਹਾਰ ਨਹੀਂ ਮੰਨੀ-
ਸ਼ੁਰੂਆਤੀ ਸਫਲਤਾ ਮਿਲਣ ਦੇ ਬਾਵਜੂਦ, ਆਕਾਸ਼ ਬੰਸਲ ਦਾ ਸੁਪਨਾ ਸਾਫ਼ ਸੀ ਕਿ ਉਸਨੇ ਆਈਏਐੱਸ ਹੀ ਬਣਨਾ ਸੀ। ਉਨ੍ਹਾਂ ਦੀ ਮਿਹਨਤ ਆਖ਼ਿਰਕਾਰ ਰੰਗ ਲੈ ਕੇ ਆਈ। 2018 ਵਿਚ ਉਨ੍ਹਾਂ ਨੇ ਆਈਏਆਰ 76 ਹਾਸਲ ਕਰਕੇ ਆਪਣਾ ਸਭ ਤੋਂ ਵੱਡਾ ਸੁਪਨਾ ਪੂਰਾ ਕੀਤਾ ਤੇ ਆਈਏਐੱਸ ਬਣ ਗਏ। ਯੂਪੀਐੱਸਸੀ ਵਰਗੀ ਮੁਸ਼ਕਲ ਪ੍ਰੀਖਿਆ ਨੂੰ ਪਾਸ ਕਰਨਾ ਇਕ ਵੱਡੀ ਉਪਲੱਬਧੀ ਹੁੰਦੀ ਹੈ, ਪਰ ਆਕਾਸ਼ ਬਾਂਸਲ ਨੇ ਇਸਨੂੰ ਤਿੰਨ ਵਾਰ ਪਾਸ ਕਰਕੇ ਇਕ ਨਵਾਂ ਮਿਆਰ ਸੈੱਟ ਕੀਤਾ। 2016 ਵਿਚ ਏਆਈਆਰ 165 ਨਾਲ, ਆਈਆਰਐੱਸ 2017 ਵਿਚ ਏਆਈਆਰ 130 ਨਾਲ ਤੇ ਆਈਐੱਫਐੱਸ 2018 ਵਿਚ ਏਆਈਆਰ 76 ਨਾਲ ਪਾਸ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਰੂਪ ਦਿੱਤਾ ਹੈ। ਅਕਾਸ਼ ਬਾਂਸਲ ਮਾਨਸਾ ਵਿਚ ਬਤੌਰ ਵਧੀਕ ਡਿਪਟੀ ਕਮਿਸ਼ਨਰ (ਗ੍ਰਾਮੀਣ ਵਿਕਾਸ) ਵਜੋਂ 15 ਅਗਸਤ 2023 ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਹੁਣ ਪਦਉੱਨਤ ਹੋਕੇ ਉਹ ਵਿਰਾਸਤੀ ਜ਼ਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨਿਯੁਕਤ ਹੋਏ ਹਨ।
-ਨਸ਼ੇ ਦੇ ਹਨੇਰੇ ਤੋਂ ਗਿਆਨ ਦੀ ਰੌਸ਼ਨੀ ਫਲਾਉਦੀ ਪ੍ਰੇਰਣਾਦਾਇਕ ਕਹਾਣੀ-
ਅਕਾਸ਼ ਬਾਂਸਲ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿਚ ਇਕ ਸਮਾਂ ਸੀ ਜਦੋਂ ਨੌਜਵਾਨ ਨਸ਼ੇ ਦੀ ਗਿਰਫ਼ਤ ਵਿਚ ਫਸਦੇ ਜਾ ਰਹੇ ਸਨ। ਪਰ ਅੱਜ ਉਨ੍ਹਾਂ ਪਿੰਡਾਂ ਵਿਚ ਕਿਤਾਬਾਂ ਦੀ ਖੁਸ਼ਬੂ ਫੈਲ ਰਹੀ ਹੈ, ਪੜ੍ਹਾਈ ਦਾ ਮਾਹੌਲ ਹੈ ਤੇ ਉਮੀਦ ਦੀ ਇਕ ਨਵੀਂ ਕਿਰਨ ਦਿਸ ਰਹੀ ਹੈ। ਇਸ ਬਦਲਾਅ ਦੇ ਪਿੱਛੇ ਮੁੱਖ ਮੰਤਰੀ ਸਾਹਿਬ ਦੀ ਦੂਰਅੰਦੇਸ਼ੀ ਸੋਚ ਹੈ। ਉਨ੍ਹਾਂ ਦੀ ਕਹਾਣੀ ਸਿਰਫ਼ ਸਫਲਤਾ ਦੀ ਨਹੀਂ, ਸਗੋਂ ਹਿੰਮਤ, ਧੀਰਜ ਤੇ ਦ੍ਰਿੜ ਇਰਾਦੇ ਦੀ ਕਹਾਣੀ ਹੈ। ਆਈਏਐੱਸ ਬਣਨ ਤੋਂ ਬਾਅਦ ਉਨ੍ਹਾਂ ਨੇ ਮੈਦਾਨੀ ਪੱਧਰ 'ਤੇ ਬਦਲਾਅ ਲਿਆਉਣ ਨੂੰ ਆਪਣਾ ਮਿਸ਼ਨ ਬਣਾਇਆ।
ਮਾਨਸਾ ਦੇ ਪਿੰਡਾਂ ਵਿਚ ਨਸ਼ੇ ਦੀ ਵਧਦੀ ਸਮੱਸਿਆ ਨੂੰ ਦੇਖਦਿਆਂ, ਉਨ੍ਹਾਂ ਨੇ ਇਕ ਵੱਖਰਾ ਰਾਹ ਚੁਣਦੇ ਹੋਏ 22 ਪਿੰਡਾਂ ਵਿਚ ਆਧੁਨਿਕ ਲਾਇਬ੍ਰੇਰੀਆਂ ਬਣਾਈਆਂ। ਇਹ ਲਾਇਬ੍ਰੇਰੀਆਂ ਆਮ ਨਹੀਂ ਹਨ। ਇਨ੍ਹਾਂ ਵਿਚ ਵਾਈਫਾਈ, ਕੰਪਿਊਟਰ, ਕਿਤਾਬਾਂ, ਅਖ਼ਬਾਰ ਤੇ ਪੜ੍ਹਾਈ ਲਈ ਸ਼ਾਨਦਾਰ ਮਾਹੌਲ ਹੈ। ਇਕ ਸਮੇਂ ਵਿਚ ਲਗਭਗ 250 ਲੋਕ ਇਥੇ ਬੈਠ ਕੇ ਪੜ੍ਹ ਸਕਦੇ ਹਨ। ਇਹ ਥਾਵਾਂ ਸਿਰਫ਼ ਪੜ੍ਹਨ ਲਈ ਨਹੀਂ, ਸਗੋਂ ਸਮਾਜਿਕ ਬਦਲਾਅ ਦੇ ਕੇਂਦਰ ਬਣ ਗਈਆਂ ਹਨ, ਜਿਥੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਅਜਿਹੀ ਸੋਚ ਦੇ ਨਾਲ ਉਹ ਕਪੂਰਥਲਾ ਜ਼ਿਲ੍ਹੇ ਵਿਚ ਵੀ ਇਸ ਮੁਹਿੰਮ ਨੂੰ ਜਾਰੀ ਰੱਖਣ ਵੱਲ ਤਰਜੀਹ ਦੇਣਗੇ ਤਾਂਕਿ ਨੌਜਵਾਨਾਂ ਨੂੰ ਚੰਗਾ ਮਾਹੌਲ ਤੇ ਚੰਗੀ ਸੋਚ ਦਿੱਤੀ ਜਾ ਸਕੇ।
ਆਕਾਸ਼ ਬਾਂਸਲ ਦਾ ਮੰਨਣਾ ਹੈ ਕਿ ਨਸ਼ੇ ਨਾਲ ਲੜਨ ਲਈ ਸਜ਼ਾ ਨਹੀਂ, ਸਗੋਂ ਮੌਕੇ ਦੇਣੇ ਜ਼ਰੂਰੀ ਹਨ। ਇਹ ਲਾਇਬ੍ਰੇਰੀਆਂ ਨੌਜਵਾਨਾਂ ਨੂੰ ਉਹੀ ਮਾਹੌਲ ਦਿੰਦੀਆਂ ਹਨ ਜੋ ਸ਼ਹਿਰਾਂ ਵਿਚ ਮਿਲਦਾ ਹੈ, ਜਿਥੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਪਿੰਡਾਂ ਦੀ ਹਿੱਸੇਦਾਰੀ ਨਾਲ ਚੱਲ ਰਹੀਆਂ ਇਹ ਲਾਇਬ੍ਰੇਰੀਆਂ ਅੱਜ ਨੌਜਵਾਨਾਂ ਵਿਚ ਮਾਲਕੀ ਤੇ ਮਾਣ ਦੀ ਭਾਵਨਾ ਪੈਦਾ ਕਰ ਰਹੀਆਂ ਹਨ।
ਆਕਾਸ਼ ਬਾਂਸਲ ਦੀ ਯਾਤਰਾ ਨੂੰ ਖਾਸ ਬਣਾਉਂਦੀ ਗੱਲ ਸਿਰਫ਼ ਤਿੰਨ ਵਾਰ ਸਫਲਤਾ ਨਹੀਂ, ਸਗੋਂ ਹਰ ਫੈਸਲੇ ਦੇ ਪਿੱਛੇ ਲੁਕਿਆ ਦੂਰਦਰਸ਼ਨ ਤੇ ਅਟੱਲ ਹੌਸਲਾ ਹੈ। ਆਈਆਰਐੱਸ ਅਧਿਕਾਰੀ ਵਜੋਂ ਡਿਊਟੀ ਕਰਦੇ ਹੋਏ ਪੜ੍ਹਾਈ ਕਰਨਾ, ਕੰਮ ਦਾ ਦਬਾਅ ਤੇ ਤਿਆਰੀ ਵਿਚ ਸੰਤੁਲਨ ਬਣਾਉਣਾ ਤੇ ਮੁਸ਼ਕਲ ਫੈਸਲੇ ਲੈਣਾ, ਇਹ ਸਭ ਉਨ੍ਹਾਂ ਦੀ ਅੰਦਰਲੀ ਮਜ਼ਬੂਤੀ ਨੂੰ ਦਰਸਾਉਂਦੇ ਹਨ। ਅਕਾਸ਼ ਬਾਂਸਲ ਦਾ ਕਹਿਣਾ ਹੈ ਕਿ ਜੇ ਟਾਰਗੇਟ ਸਾਫ਼ ਹੋਵੇ, ਤਾਂ ਰਾਹਾਂ ਦੀਆਂ ਮੁਸ਼ਕਲਾਂ ਤੁਹਾਨੂੰ ਰੋਕ ਨਹੀਂ ਸਕਦੀਆਂ।