- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਨੇ ਸੂਬਾ ਸਰਕਾਰ ਤੇ ਵਾਅਦਾ ਪੂਰਾ ਨਾ ਕਰਨ ਦਾ ਲਗਾਇਆ ਦੋਸ਼

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ
ਫਗਵਾੜਾ : ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਵੱਲੋਂ 1 ਮਾਰਚ ਨੂੰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ 6 ਕੈਬਨਿਟ ਮੰਤਰੀਆਂ ਅਤੇ ਕਾਰਜਕਾਰੀ ਪ੍ਰਧਾਨ ਦੇ ਘਰਾਂ ਵੱਲ ਰੋਸ ਮਾਰਚ ਕਰ ਕੇ ਮਾਣ ਭੱਤਾ ਵਰਕਰਾਂ ਨਾਲ ਕੀਤੇ ਚੋਣ ਵਾਅਦੇ ਯਾਦ ਕਰਵਾਉਣ ਲਈ ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਦੇ ਘਰ ਸਾਹਮਣੇ ਦੋਆਬਾ ਜ਼ੋਨ ਦੀਆਂ ਆਸ਼ਾ ਤੇ ਮਿੱਡ-ਡੇ-ਮੀਲ ਵਰਕਰਾਂ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਮਨਦੀਪ ਕੌਰ ਬਿਲਗਾ, ਸਕੁੰਤਲਾ ਸਰੋਏ, ਕੁਲਵਿੰਦਰ ਕੌਰ ਅਮਾਨਤਪੁਰ ਦੇ ਸਾਂਝੇ ਰੂਪ ਵਿੱਚ ਕੀਤੀ। ਇਸ ਰੈਲੀ ਵਿੱਚ ਜਲੰਧਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਵਰਕਰਾਂ ਨੇ ਸ਼ਮੂਲੀਅਤ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਤੋਂ ਇਲਾਵਾ ਗੁਰਜੀਤ ਕੌਰ ਸ਼ਾਹਕੋਟ, ਕਲਵਿੰਦਰ ਕੌਰ ਫਗਵਾੜਾ, ਰਾਜਵਿੰਦਰ ਕੌਰ ਫਗਵਾੜਾ, ਰਾਜਵਿੰਦਰ ਕੌਰ ਨਵਾਂ ਨਵਾਂ ਸ਼ਹਿਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਾਣ ਭੱਤਾ ਵਰਕਰਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਮਿਲਦੇ ਨਿਗੂਣੇ ਮਾਣ ਭੱਤਿਆਂ ਨੂੰ ਦੁੱਗਣਾ ਕੀਤਾ ਜਾਵੇਗਾ ਅਤੇ ਵਰਕਰਾਂ ਦੀ ਤਨਖਾਹ ਵਿੱਚ ਹਰ ਸਾਲ ਬਣਦਾ ਵਾਧਾ ਕੀਤਾ ਜਾਵੇਗਾ ਪਰ ਚਾਰ ਸਾਲ ਬਾਅਦ ਵੀ ਵਰਕਰਾਂ ਦੀਆਂ ਤਨਖਾਹਾਂ ਵਿੱਚ ਇੱਕ ਟਕੇ ਦਾ ਵੀ ਵਾਧਾ ਨਹੀਂ ਕੀਤਾ ਗਿਆ, ਬਲਕਿ ਇਸ ਦੇ ਉਲਟ ਸਿਰਫ ਝੂਠੇ ਲਾਰੇ ਲੱਪੇ ਲਗਾ ਕੇ ਮਾਣ ਭੱਤਾ ਵਰਕਰਾਂ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ।
-----
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਪੰਜਾਬ ਦੇ ਆਗੂ ਹਰਿੰਦਰ ਦੁਸਾਂਝ, ਕਲਵਿੰਦਰ ਸਿੰਘ ਜੋਸ਼ਨ, ਗੁਰਿੰਦਰਜੀਤ ਸਿੰਘ, ਗੁਰਮੁੱਖ ਸਿੰਘ, ਗੁਰਮੇਲ ਸਿੰਘ, ਲੋਕ ਪ੍ਰੇਮੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਸੱਤਾ ’ਤੇ ਕਾਬਜ਼ ਹੋਣ ਤੋਂ ਪਹਿਲਾਂ ਹਰ ਵਰਗ ਨਾਲ ਅਨੇਕਾਂ ਹੀ ਵਾਅਦੇ ਕਰ ਕੇ ਉਨ੍ਹਾਂ ਦੀ ਹਰ ਮੁਸ਼ਕਲ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਜਿਸ ਵਿੱਚ ਇਹ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ। ਜਿਸ ਕਾਰਨ ਹਰ ਵਰਗ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਤੇ ਗੁੱਸੇ ਵਿੱਚ ਹੈ ਤੇ ਸਘੰਰਸ਼ ਦੇ ਮੈਦਾਨ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਦੀ ਕੜੀ ਵਜੋਂ ਹੀ ਮਾਣ ਭੱਤਾ ਵਰਕਰਾਂ ਵੱਲੋਂ ਅੰਮ੍ਰਿਤਸਰ ਵਿਖੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਫਰੀਦਕੋਟ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਜਲੰਧਰ ਵਿਖੇ ਕੈਬਨਿਟ ਮੰਤਰੀ ਮਹਿੰਦਰ ਭਗਤ, ਲੁਧਿਆਣਾ ਵਿਖੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਪਟਿਆਲਾ ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਹੁਸ਼ਿਆਰਪੁਰ ਵਿਖੇ ਡਾ. ਰਵਜੋਤ ਸਿੰਘ ਅਤੇ ਬਟਾਲਾ ਵਿਖੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਦੇ ਘਰਾਂ ਦੇ ਸਾਹਮਣੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
- ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਕੌਰ ਨੁੱਸੀ, ਬਲਵਿੰਦਰ ਕੌਰ ਟਿੱਬਾ, ਸੀਮਾ ਸਈਪੁਰ।
-----
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਵਾਲੇ ਆਪਣੇ ਆਖ਼ਰੀ ਬਜਟ ਵਿੱਚ ਮਾਣ ਭੱਤਾ ਵਰਕਰਾਂ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਰਜਿੰਦਰਪਾਲ ਕੌਰ ਫਗਵਾੜਾ, ਸੀਤਾ ਬੁਲੰਦਪੁਰ, ਜੋਤੀ ਆਦਮਪੁਰ, ਆਂਚਲ ਹਰੀਪੁਰ, ਸਰਬਜੀਤ ਕੌਰ ਪਾਸਲਾ, ਮਨਜੀਤ ਕੌਰ ਢਿਲਵਾਂ, ਆਸ਼ਾ ਗੁਪਤਾ, ਸੁਖਨਿੰਦਰ ਕੌਰ ਬੜਾਪਿੰਡ, ਰਾਣੀ ਸਿੱਧੂ ਕਪੂਰਥਲਾ, ਰੇਸ਼ਮ ਕੌਰ ਪਾਸ਼ਟਾਂ, ਆਸਮਾ ਪਾਸ਼ਟਾਂ, ਜਸਵੀਰ ਕੌਰ ਸ਼ਾਹਕੋਟ, ਕਵਿਤਾ ਰਾਣੀ ਤੇ ਕੁਲਦੀਪ ਕੌਰ ਕਾਲਾ ਬੱਕਰਾ, ਪੂਨਮ, ਹਰਵਿੰਦਰ ਕੌਰ, ਕੰਚਨ ਕਾਲਾ ਸੰਘਿਆਂ, ਜਸਵੀਰ ਕੌਰ ਜਲੰਧਰ, ਪੇਂਡੂ ਮਜ਼ਦੂਰ ਯੂਨੀਅਨ ਦੇ ਕਸ਼ਮੀਰ ਸਿੰਘ ਘੁਗਸੋਰ ਨੇ ਸੰਬੋਧਨ ਕੀਤਾ। ਰੈਲੀ ਤੋਂ ਬਾਅਦ ਮਾਰਚ ਕਰ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ ਮੰਗ ਪੱਤਰ ਦਿੱਤਾ ਗਿਆ।