ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ਸ਼ਬਦ ਗੁਰੂ ਪ੍ਰਚਾਰ ਸਭਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮੂਹਿਕ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ
Publish Date: Sun, 19 Apr 2026 08:52 PM (IST)
Updated Date: Sun, 19 Apr 2026 08:54 PM (IST)

- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਬਦ ਗੁਰੂ ਪ੍ਰਚਾਰ ਸਭਾ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮੂਹਿਕ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ - ਨੌਜਵਾਨਾਂ ਨੂੰ ਬੇਲੋੜੀ ਸੋਸ਼ਲ ਮੀਡੀਆ ਤੋਂ ਵਰਜਿਤ ਹੋ ਕੇ ਗੁਰਬਾਣੀ, ਗੁਰਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ : ਭਾਟੀਆ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਬਦ ਗੁਰੂ ਪ੍ਰਚਾਰ ਸਭਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮੂਹਿਕ ਸ੍ਰੀ ਸਹਿਜ ਪਾਠਾਂ ਦੇ ਭੋਗ ਸਟੇਟ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ। ਸਮਾਗਮ ਦੀ ਆਰੰਭਤਾ ਮੌਕੇ ਭਾਈ ਪਲਵਿੰਦਰ ਸਿੰਘ ਸਾਰੰਗ ਹਜ਼ੂਰੀ ਰਾਗੀ ਸਟੇਟ ਗੁਰਦੁਆਰਾ ਸਾਹਿਬ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਜਿਨ੍ਹਾਂ ਸੰਗਤਾਂ ਨੇ ਛੇ ਮਹੀਨੇ ਪਹਿਲਾਂ ਸ੍ਰੀ ਸਹਿਜ ਪਾਠ ਆਰੰਭ ਕੀਤੇ ਸਨ, ਉਨ੍ਹਾਂ ਨੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਅਤੇ ਭਾਈ ਸਤਨਾਮ ਸਿੰਘ ਹੈੱਡ ਗ੍ਰੰਥੀ ਨੇ ਗੁਰੂ ਪਾਤਸ਼ਾਹ ਸਨਮੁੱਖ ਸਰਬੱਤ ਦੇ ਭਲੇ ਅਤੇ ਨਿਰਵਿਘਨਤਾ ਸਾਹਿਤ ਦੁਬਾਰਾ ਫਿਰ ਸ੍ਰੀ ਸਹਿਜ ਪਾਠ ਆਰੰਭ ਕਰਨ ਸਬੰਧੀ ਅਰਦਾਸ ਕੀਤੀ ਅਤੇ ਕਥਾ ਵਿਚਾਰਾ ਦੁਆਰਾ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਸਾਜਿਆ ਖਾਲਸਾ ਪੰਥ ਧਰਤੀ ਉੱਪਰ ਇਕ ਤਰ੍ਹਾਂ ਦਾ ਇਨਕਲਾਬ ਸੀ, ਜਿਸ ਨੇ ਸਦੀਆਂ ਦੀ ਕਾਇਰਤਾ ਨੂੰ ਖਤਮ ਕਰ ਕੇ ਅਣਖ਼ ਵਾਲਾ ਜੀਵਨ ਜਿਊਣ ਦੀ ਜਾਚ ਸਿਖਾਈ। ਇਸ ਮੌਕੇ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਵਿੱਤਰ ਬਾਣੀ ਸਾਰੀ ਮਨੁੱਖਤਾ ਲਈ ਕਲਿਆਣਕਾਰੀ ਹੈ, ਜੋਂ ਸਾਨੂੰ ਜੀਵਨ ਰੂਪੀ ਫ਼ਰਜ਼ਾਂ ਦੀ ਸਾਰਥਿਕਤਾ ਵੱਲ ਪ੍ਰੇਰਿਤ ਕਰਦੀ ਹੈ। ਸ਼ਬਦ ਗੁਰੂ ਪ੍ਰਚਾਰ ਸਭਾ ਦੇ ਜਨਰਲ ਸਕੱਤਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਸਟੇਜੀ ਫਰਜ਼ ਨਿਭਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਸਮੁੱਚੀ ਮਨੁੱਖਤਾ ਨੂੰ ਦੁੱਖਾਂ ਤੋਂ ਬਚਾਉਂਦਿਆਂ ਨਿਰੋਗੀ ਅਤੇ ਖੁਸਮਈ ਜੀਵਨ ਜਿਊਣ ਵੱਲ ਪ੍ਰੇਰਿਤ ਕਰਦੀ ਹੈ। ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਸਾਰੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਦੁਆਰਾ ਦਰਸਾਏ ਮਾਰਗ ’ਤੇ ਚੱਲ ਕੇ ਜੀਵਨ ਨੂੰ ਸਫਲਾ ਕੀਤਾ ਜਾ ਸਕਦਾ ਹੈ, ਗੁਰਬਾਣੀ ਨੂੰ ਹਿਰਦੇ ਦੀ ਖੁਰਾਕ ਬਣਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਜਿਨ੍ਹਾਂ ਸੰਗਤਾਂ ਨੇ ਨਵੇਂ ਸ੍ਰੀ ਸਹਿਜ ਪਾਠ ਆਰੰਭ ਕੀਤੇ ਹਨ। ਉਨ੍ਹਾਂ ਸਹਿਜ ਪਾਠਾਂ ਦੇ ਭੋਗ 25 ਅਕਤੂਬਰ ਐਤਵਾਰ ਨੂੰ ਸਟੇਟ ਗੁਰਦੁਆਰਾ ਸਾਹਿਬ ਵਿਖੇ ਸਵੇਰੇ 9 ਵਜੇ ਪੈਣਗੇ। ਇੰਚਾਰਜ ਭਾਈ ਮੋਹਕਮ ਸਿੰਘ ਨੇ ਵੀ ਨੌਜਵਾਨਾਂ ਨੂੰ ਸ੍ਰੀ ਸਹਿਜ ਪਾਠ ਆਰੰਭ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤਕਰੀਬਨ 350 ਪ੍ਰਾਣੀਆਂ ਨੇ ਸ੍ਰੀ ਸਹਿਜ ਪਾਠ ਆਰੰਭ ਕੀਤੇ। ਇਸ ਮੌਕੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਅਤੇ ਆਰੰਭਤਾ ਦੀ ਵਧਾਈ ਭੇਜੀ। ਐਡਵੋਕੇਟ ਪਰਮਜੀਤ ਸਿੰਘ ਸੇਖੂਪੁਰ, ਭਾਈ ਮੋਹਕਮ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਉਪਿੰਦਰ ਸਿੰਘ, ਸਰਬਜੀਤ ਸਿੰਘ, ਗੁਰਮੇਜ ਸਿੰਘ, ਪਰਮਿੰਦਰ ਸਿੰਘ ਹੈਪੀ, ਜਸਬੀਰ ਸਿੰਘ ਆਨੰਦ, ਹਰਵਿੰਦਰ ਸਿੰਘ, ਸੁਖਜੀਤ ਸਿੰਘ ਬਾਂਸਲ, ਭਾਈ ਜਸਵਿੰਦਰ ਸਿੰਘ, ਧੰਨਪ੍ਰੀਤ ਸਿੰਘ ਭਾਟੀਆ, ਗੁਰਸ਼ਰਨ ਸਿੰਘ, ਹਰਦਿਆਲ ਸਿੰਘ, ਭਾਈ ਹਰਜੀਤ ਸਿੰਘ ਭਾਟੀਆ, ਗ੍ਰੰਥੀ ਭਾਈ ਸ਼ੇਰ ਸਿੰਘ ਆਦਿ ਸਮੇਤ ਸਮੂਹ ਸੰਗਤਾਂ ਹਾਜ਼ਰ ਸਨ।