ਅਰੋਮਾ ਇੰਸਟੀਚਿਊਟ ਵੱਲੋਂ ਸਾਲਾਨਾ ਸਾਲਾਨਾ ਸਮਾਗਮ ਕਰਵਾਇਆ
ਅਰੋਮਾ ਇੰਸਟੀਚਿਊਟ ਵੱਲੋਂ ਸਾਲਾਨਾ ਐਨੀਵਰਸਰੀ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ
Publish Date: Sun, 01 Mar 2026 07:21 PM (IST)
Updated Date: Sun, 01 Mar 2026 07:22 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਅਰੋਮਾ ਇੰਸਟੀਚਿਊਟ ਵੱਲੋਂ ਆਪਣਾ ਸਾਲਾਨਾ ਐਨੀਵਰਸਰੀ ਸਮਾਗਮ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ, ਮਾਪਿਆਂ, ਸਟਾਫ ਮੈਂਬਰਾਂ ਅਤੇ ਖਾਸ ਮਹਿਮਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਸਮਾਗਮ ਵਿਦਿਆਰਥੀਆਂ ਦੀਆਂ ਉਪਲਬਧੀਆਂ, ਸਕਿਲ ਡਿਵੈਲਪਮੈਂਟ ਅਤੇ ਪ੍ਰੇਰਣਾ ਨੂੰ ਸਮਰਪਿਤ ਰਿਹਾ। ਇਸ ਸਮਾਗਮ ਦੀ ਸ਼ੋਭਾ ਮੁੱਖ ਮਹਿਮਾਨ ਕਰਮਜੀਤ, ਚੇਅਰਪਰਸਨ ਜ਼ਿਲ੍ਹਾ ਪਲੈਨਿੰਗ ਬੋਰਡ, ਹੁਸ਼ਿਆਰਪੁਰ ਨੇ ਵਧਾਈ। ਉਨ੍ਹਾਂ ਨੇ ਸੰਸਥਾ ਵੱਲੋਂ ਨੌਜਵਾਨਾਂ ਨੂੰ ਸਕਿਲ ਆਧਾਰਿਤ ਸਿੱਖਿਆ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਟੀਮ ਮੈਂਬਰਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਉਪਲਬਧੀਆਂ ਲਈ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਰਿਤਾ ਅਤੇ ਡਾਇਰੈਕਟਰ ਰਮਣ ਕੁਮਾਰ ਵੱਲੋਂ ਵੀ ਵਿਸ਼ੇਸ਼ ਸਨਮਾਨ ਅਤੇ ਸ਼ਲਾਘਾ ਪ੍ਰਗਟ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵੱਲੋਂ ਸਕਿਲ ਫੈਸ਼ਨ ਸ਼ੋਅ, ਰੰਗਾਰੰਗ ਭੰਗੜਾ ਅਤੇ ਗਿੱਧਾ ਪ੍ਰਦਰਸ਼ਨ, ਅਤੇ ਪ੍ਰੇਰਨਾਦਾਇਕ ਭਾਸ਼ਣ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਸੀਏ ਪਿਯੂਸ਼ ਬੰਸਲ ਵੱਲੋਂ ਇੱਕ ਖਾਸ ਮੋਟੀਵੇਸ਼ਨ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਰੀਅਰ ਵਿਕਾਸ ਅਤੇ ਜੀਵਨ ਵਿੱਚ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਸੰਸਥਾ ਵੱਲੋਂ ਜ਼ਿਲ੍ਹਾ ਪਲੇਸਮੈਂਟ ਅਫ਼ਸਰ ਡਾ. ਵਰੁਣ ਜੋਸ਼ੀ ਅਤੇ ਡਿਪਾਰਟਮੈਂਟ ਆਫ਼ ਇੰਪਲੌਇਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ, ਕਪੂਰਥਲਾ ਦਾ ਖਾਸ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਇੰਸਟੀਚਿਊਟ ਵਿੱਚ ਸਫਲ ਪਲੇਸਮੈਂਟ ਡਰਾਈਵ ਕਰਵਾਈ ਗਈ। ਸਮਾਗਮ ਦੇ ਅਖੀਰ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਨੇ ਅਰੋਮਾ ਇੰਸਟੀਚਿਊਟ ਦੀਆਂ ਕੋਸ਼ਿਸ਼ਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਇਸ ਤਰ੍ਹਾਂ ਦੇ ਸ਼ਾਨਦਾਰ ਪ੍ਰੋਗਰਾਮ ਲਈ ਸੰਸਥਾ ਨੂੰ ਵਧਾਈ ਦਿੱਤੀ।