- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੀਤੀਆਂ ਗਈਆਂ ਨਿਯੁਕਤੀਆਂ

- ਅਜੈ ਬਬਲਾ ਨੂੰ ਸ਼੍ਰੋਅਦ ਦੇ ਹਲਕਾ ਪ੍ਰਧਾਨ ਸ਼ਹਿਰੀ ਤੇ ਹਰਜਿੰਦਰ ਸਿੰਘ ਹਲਕਾ ਪ੍ਰਧਾਨ ਦਿਹਾਤੀ ਨਿਯੁਕਤ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਾਰਟੀ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨਾਲ ਵਿਚਾਰ-ਵਟਾਂਦਰਾ ਕਰਨ ਤੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਵੱਲੋਂ ਹਲਕੇ ਤੋਂ ਅਹਿਮ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਹਲਕਾ ਇੰਚਾਰਜ ਐੱਚਐੱਸ ਵਾਲੀਆ ਨੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਅਜੈ ਬਬਲਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਪ੍ਰਧਾਨ ਸ਼ਹਿਰੀ ਤੇ ਪਿੰਡ ਖ਼ਾਨੋਵਾਲ ਦੇ ਸਰਪੰਚ ਹਰਜਿੰਦਰ ਸਿੰਘ ਖ਼ਾਨੋਵਾਲ ਨੂੰ ਹਲਕਾ ਪ੍ਰਧਾਨ ਦਿਹਾਤੀ ਨਿਯੁਕਤ ਕੀਤਾ ਗਿਆ।
ਇਸ ਮੌਕੇ ਐੱਚਐੱਸ ਵਾਲੀਆ ਨੇ ਨਵੇਂ ਪ੍ਰਧਾਨਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬ ਦੇ ਹਿੱਤਾਂ ਤੇ ਪਹਿਰਾ ਦੇਣ ਵਾਲੀ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੈ, ਜਿਸ ਵਿਚ ਬਿਨਾਂ ਭੇਦਭਾਵ ਆਮ ਵਰਕਰ ਆਪਣੀ ਮਿਹਨਤ ਨਾਲ ਵੱਡੇ ਤੋਂ ਵੱਡੇ ਆਹੁੱਦੇ ਤੱਕ ਪਹੁੰਚ ਸਕਦੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਜ਼ਿਲ੍ਹਾ ਤੇ ਜਨਰਲ ਕੌਂਸ਼ਲ ਪੰਜਾਬ ਦੇ ਮੈਂਬਰ ਹਰਬੰਸ ਸਿੰਘ ਵਾਲੀਆ ਨੇ ਅਜੈ ਬਬਲਾ ਤੇ ਹਰਜਿੰਦਰ ਸਿੰਘ ਖ਼ਾਨੋਵਾਲ ਨੂੰ ਨਵੀਂ ਮਿਲੀ ਜ਼ਿੰਮੇਵਾਰੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਆਗੂ ਪਾਰਟੀ ਦੇ ਮਿਹਨਤੀ ਆਗੂ ਹਨ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਤੋਂ ਬਹੁਤ ਉਮੀਦਾਂ ਹਨ ਕਿ ਇਹ ਦੋਵੇਂ ਆਗੂ ਪਾਰਟੀਆਂ ਦੀਆ ਨੀਤੀਆਂ ਨੂੰ ਘਰ-ਘਰ ਤੇ ਪਿੰਡ-ਪਿੰਡ ਤੱਕ ਪਹੁੰਚਾ ਕੇ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਕਪੂਰਥਲਾ ਦੀ ਸੀਟ ਨੂੰ ਵੱਡੀ ਲੀਡ ਨਾਲ ਜਿੱਤਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਣਗੇ। ਇਸ ਮੌਕੇ ਅਜੈ ਬਬਲਾ ਤੇ ਹਰਜਿੰਦਰ ਸਿੰਘ ਖ਼ਾਨੋਵਾਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਇੰਚਾਰਜ ਐੱਚਐੱਸ ਵਾਲੀਆ ਤੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕੇ ਉਹ ਪਾਰਟੀ ਵੱਲੋਂ ਕੀਤੇ ਗਏ ਭਰੋਸੇ ’ਤੇ ਖਰ੍ਹਾ ਉਤਰਨਗੇ। ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਸੰਪਰਕ ਕਰਨਗੇ। ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਵੱਡੀ ਜਿੱਤ ਯਕੀਨੀ ਬਣਾਉਣ ਲਈ ਕਪੂਰਥਲਾ ਹਲਕੇ ਦੀ ਸਮੁੱਚੀ ਜਥੇਬੰਦੀ ਇਕਜੁੱਟ ਹੋ ਕੇ ਕੰਮ ਕਰੇਗੀ। ਇਹ ਜਾਣਕਾਰੀ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਜਿੰਦਰ ਸਿੰਘ ਸੇਖੋਂ ਨੇ ਦਿੱਤੀ।