ਇੰਸਪੈਕਟਰ ਹਰਿੰਦਰ ਨੇ ਸਮਾਜ ਵਿਰੋਧੀ ਅਨਸਰਾਂ ’ਤੇ ਲਾਈ ਲਗਾਮ
ਇੰਸਪੈਕਟਰ ਹਰਿੰਦਰ ਦੇ ਡਰ ਤੋਂ ਸਮਾਜ ਵਿਰੋਧੀ ਅਨਸਰ ਹੋਏ ਸ਼ਹਿਰ ਤੋਂ ਗਾਇਬ
Publish Date: Thu, 26 Feb 2026 08:40 PM (IST)
Updated Date: Thu, 26 Feb 2026 08:43 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੁਲਿਸ ਵੱਲੋਂ ਇਸ ਵੇਲੇ ਵੱਡੀ ਪੱਧਰ ’ਤੇ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਪਰ ਇਸ ਮੁਹਿੰਮ ਵਿਚ ਸੁਲਤਾਨਪੁਰ ਲੋਧੀ ਵਿਚ ਤਾਇਨਾਤ ਐੱਸਐੱਚਓ ਹਰਿੰਦਰ ਸਿੰਘ ਵੱਡੀ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਹ ਪੰਜਾਬ ਪੁਲਿਸ ਦੇ ਉਹ ਇੰਸਪੈਕਟਰ ਹਨ ਜੋ ਕਿ ਬਹੁਤ ਹੀ ਵੱਡੇ ਮਾਮਲੇ ਤੇ ਹੋਰ ਵੀ ਕਈ ਤਰ੍ਹਾਂ ਦੇ ਗੰਭੀਰ ਮਾਮਲਿਆਂ ਦੀ ਗੁੱਥੀ ਨੂੰ ਸੁਲਝਾਉਂਣ ਵਿਚ ਹਮੇਸ਼ਾਂ ਕਾਮਯਾਬ ਰਹੇ ਹਨ। ਹੁਣ ਇਨ੍ਹਾਂ ਨੂੰ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਕਿ ਬਾਬੇ ਨਾਨਕ ਦੀ ਪਵਿੱਤਰ ਨਗਰੀ ਹੈ, ਪਰ ਇਸ ਵਿਚ ਵੀ ਇਹ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇੰਸਪੈਕਟਰ ਹਰਿੰਦਰ ਸਿੰਘ ਦਾ ਸਾਫ਼ ਹੀ ਕਹਿਣਾ ਹੈ ਕਿ ਜਾਂ ਤਾਂ ਨਸ਼ਾ ਤਸਕਰ ਮੇਰਾ ਇਲਾਕਾ ਛੱਡ ਦੇਣ ਜਾਂ ਦੁਨੀਆਂ ਛੱਡ ਦੇਣ ਜਾਂ ਫੇਰ ਉਨ੍ਹਾਂ ਵਾਸਤੇ ਜ਼ੇਲ੍ਹ ਦੀਆਂ ਸਲਾਖਾਂ ਹੋਣਗੀਆਂ। ਇੰਸਪੈਕਟਰ ਹਰਿੰਦਰ ਦੇ ਅਹੁਦਾ ਸੰਭਾਲਣ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਵਾਸੀਆਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ ਤੇ ਅੱਜ ਵੀ ਵੱਖ-ਵੱਖ ਪਿੰਡਾਂ ਦੇ ਲੋਕ ਇਹ ਗੱਲ ਕਰਦੇ ਦਿਖਾਈ ਦਿੰਦੇ ਹਨ ਕਿ ਉਨ੍ਹਾਂ ਦੇ ਆਉਂਣ ਤੋਂ ਬਾਅਦ ਕਈ ਨਸ਼ਾ ਤਸਕਰ ਜਾਂ ਤਾਂ ਇਲਾਕਾ ਛੱਡ ਚੁੱਕੇ ਹਨ ਜਾਂ ਫਿਰ ਛੱਡਣ ਲਈ ਮਜ਼ਬੂਰ ਹੋ ਚੁੱਕੇ ਹਨ। ਇਸ ਬਾਰੇ ਜਦੋਂ ਇੰਸਪੈਕਟਰ ਹਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸੇਵਾ ਭਾਵਨਾ ਲਈ ਹੀ ਇਸ ਸਰਵਿਸ ਵਿਚ ਆਏ ਹਨ ਤੇ ਉਨ੍ਹਾਂ ਦੀ ਹਮੇਸ਼ਾਂ ਕੋਸ਼ਿਸ਼ ਰਹੇਗੀ ਕਿ ਜਿਥੇ ਵੀ ਉਹ ਤਾਇਨਾਤ ਰਹਿਣ, ਉਥੇ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਹੋਵੇ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।