ਹਰ ਪਿੰਡ ਤੱਕ ਨਸ਼ਾ ਵਿਰੋਧੀ ਸੁਨੇਹਾ ਪਹੁੰਚੇਗਾ : ਚੀਮਾ
ਹਰ ਪਿੰਡ ਤੱਕ ਨਸ਼ਾ ਵਿਰੋਧੀ ਸੁਨੇਹਾ ਪਹੁੰਚੇਗਾ; ਈ-ਰਿਕਸ਼ਾ ਰਾਹੀਂ ਜਨਤਕ ਜਾਗਰੂਕਤਾ ਵਧਾਈ ਜਾਵੇਗੀ
Publish Date: Sun, 07 Jun 2026 07:17 PM (IST)
Updated Date: Sun, 07 Jun 2026 07:20 PM (IST)

- ਈ-ਰਿਕਸ਼ਾ ਰਾਹੀਂ ਜਨਤਕ ਜਾਗਰੂਕਤਾ ਵਧਾਈ ਜਾਵੇਗੀ -ਨਸ਼ਿਆਂ ਵਿਰੁੱਧ ਜੰਗ ਪਹਿਲਕਦਮੀ ਨੂੰ ਨਵੀਂ ਗਤੀ ਮਿਲੇਗੀ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ, ਪਿੰਡਾਂ ਦੇ ਲੋਕਾਂ ਨੂੰ ਈ-ਰਿਕਸ਼ਾ ਰਾਹੀਂ ਜਾਗਰੂਕ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰ ਪਿੰਡ ਤੱਕ ਨਸ਼ਾ ਵਿਰੋਧੀ ਸੁਨੇਹਾ ਪਹੁੰਚਾਉਣ ਲਈ ਈ-ਰਿਕਸ਼ਾ ਨੂੰ ਰਵਾਨਾ ਕਰਨ ਸਮੇਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ, ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ, ਮੁੱਖ ਮੰਤਰੀ ਭਗਵੰਤ ਮਾਨ ਨੇ ਦਿਖਾਇਆ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਉਨ੍ਹਾਂ ਦੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿਚੋਂ ਇਕ ਹੈ। ਸਰਕਾਰ ਦੀਆਂ ਜਾਗਰੂਕਤਾ ਮੁਹਿੰਮਾਂ, ਪੁਲਿਸ ਕਾਰਵਾਈਆਂ ਤੇ ਸਮਾਜਿਕ ਸਹਿਯੋਗ ਕਾਰਨ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਈ-ਰਿਕਸ਼ਾ ਦੀ ਵਰਤੋਂ ਪਿੰਡਾਂ ਵਿਚ ਜਾਣ, ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਤੇ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਤੇ ਸਮਾਜ ਸੇਵਾ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਲਈ ਕੀਤੀ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਲੜਾਈ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਪੂਰੇ ਸਮਾਜ ਦਾ ਸਮੂਹਿਕ ਫਰਜ਼ ਹੈ। ਇਸ ਮੌਕੇ ਏਐੱਸਪੀ ਧੀਰੇਂਦਰ ਵਰਮਾ (ਆਈਪੀਐੱਸ) ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਇਸ ਲੋਕ ਭਲਾਈ ਪਹਿਲਕਦਮੀ ਦਾ ਹਿੱਸਾ ਬਣਨ ਤੇ ਪੰਜਾਬ ਨੂੰ ਨਸ਼ਾ ਮੁਕਤ, ਸਿਹਤਮੰਦ ਤੇ ਖੁਸ਼ਹਾਲ ਬਣਾਉਣ ਵਿਚ ਯੋਗਦਾਨ ਪਾਉਣ। ਨਸ਼ਿਆਂ ਵਿਰੁੱਧ ਜੰਗ ਮੁਹਿੰਮ ਉਦੋਂ ਹੀ ਸਫਲ ਹੋਵੇਗੀ, ਜਦੋਂ ਸਮਾਜ ਦਾ ਹਰ ਵਰਗ ਇਸ ਯਤਨ ਵਿਚ ਇਕਜੁੱਟ ਹੋਵੇਗਾ। ਇਸ ਮੌਕੇ ਕੋਆਰਡੀਨੇਟਰ ਸੁਖਦੇਵ ਸਿੰਘ ਟਿੱਬਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਜੋ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਉਸ ਦੇ ਸਮੁੱਚੇ ਪੰਜਾਬ ਅੰਦਰ ਬੜੇ ਹੀ ਸਾਰਥਕ ਨਤੀਜੇ ਨਿਕਲ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਹੰਮਦ ਰਫੀ, ਪੀਏ ਲਵਪ੍ਰੀਤ ਸਿੰਘ, ਮੇਜਰ ਸਿੰਘ ਸੂਜੋਕਾਲੀਆ, ਸਤਪਾਲ ਮਦਾਨ, ਸਰਪੰਚ ਜਗਦੀਪ ਸਿੰਘ, ਜਸਕੰਵਲ ਸਿੰਘ ਤਲਵੰਡੀ ਚੌਧਰੀਆਂ, ਗੁਰਪ੍ਰੀਤ ਸਿੰਘ ਗੋਪੀ, ਸਤਨਾਮ ਸਿੰਘ ਤੇ ਹੋਰ ਮੈਂਬਰ ਮੌਜੂਦ ਸਨ।