ਮੌਤ ਰੂਪੀ ਡਿਵਾਈਡਰ ਕਾਰਨ ਵਾਪਰਿਆ ਇਕ ਹੋਰ ਹਾਦਸਾ
ਸੁਲਤਾਨਪੁਰ ਲੋਧੀ - ਤਲਵੰਡੀ ਚੌਧਰੀਆਂ ਰੋਡ ਤੇ ਬਣੇ ਮੌਤ ਰੂਪੀ ਡਿਵਾਈਡਰ ਕਾਰਨ ਵਾਪਰਿਆ ਇਕ ਹੋਰ ਹਾਦਸਾ
Publish Date: Tue, 03 Mar 2026 08:22 PM (IST)
Updated Date: Tue, 03 Mar 2026 08:23 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮੁੱਖ ਸੜਕ ’ਤੇ ਬਣਾਏ ਸਟੇਟ ਹਾਈਵੇ ’ਤੇ ਬੇਤਰਤੀਬ ਢੰਗ ਨਾਲ ਪਿੰਡ ਸਰਾਏ ਜੱਟਾਂ ਨਜ਼ਦੀਕ ਬਣਾਏ ਡਿਵਾਈਡਰ ’ਤੇ ਅੱਜ ਸਵੇਰੇ ਇਕ ਕਾਰ ਨੇ ਦੋ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਿਲ ਹਸਪਤਲਾ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦੇ ਮੇਵਾ ਸਿੰਘ ਵਾਲਾ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸਰਾਏ ਜੱਟਾਂ ਦੇ ਡੇਰੇ ਦੇ ਕਰੀਬ ਸੜਕ ’ਤੇ ਖੜ੍ਹੇ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀਆਂ ਨੂੰ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਐਕਸੀਡੈਂਟ ਦਾ ਮੁੱਖ ਕਾਰਨ ਸੜਕ ਦੇ ਵਿਚਕਾਰ ਬਣਿਆ ਖੂਨੀ ਡਿਵਾਈਡਰ ਹੈ, ਜਿਸ ਕਾਰਨ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਹਨ। ਹਾਲਾਂਕਿ ਇਸ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਦੋਵਾਂ ਨੇ ਅੱਖਾਂ ਮੀਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਡਿਵਾਈਡਰ ਦੇ ਕਾਰਨ ਇਥੇ ਸਪੇਸ ਨਹੀਂ ਰਹਿੰਦੀ ਕਿ ਦੂਜੇ ਪਾਸੇ ਖੜ੍ਹਾ ਵਾਹਨ ਸੜਕ ’ਤੇ ਸੇਫ ਹੋ ਸਕੇ। ਉਨ੍ਹਾਂ ਕਿਹਾ ਕਿ ਉਹ ਡੀਸੀ ਕਪੂਰਥਲਾ ਤੇ ਸਥਾਨਕ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰ ਚੁੱਕੇ ਹਨ ਕਿ ਇਸ ਡਿਵਾਈਡਰ ਨੂੰ ਤੋੜ ਕੇ ਦੁਬਾਰਾ ਘੱਟੋ-ਘੱਟ ਚਾਰ ਤੋਂ ਪੰਜ ਫੁੱਟ ਦੀ ਸਪੇਸ ਰੱਖ ਕੇ ਇਹ ਬਣਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ’ਚ ਹੋਰ ਕਿਸੇ ਦੀ ਜਾਨ ਨਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਡਿਵਾਈਡਰ ਕਾਰਨ ਬੀਤੇ ਸਾਲ ’ਚ ਸੱਤ ਤੋਂ ਅੱਠ ਮੌਤਾਂ ਹੋ ਚੁੱਕੀਆਂ ਹਨ।