ਲਾਇਲਪੁਰ ਖ਼ਾਲਸਾ ਕਾਲਜ ’ਚ ਕਰਵਾਈ ਸਲਾਨਾ ਸਪੋਰਟਸ ਮੀਟ
ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਈ ਸਲਾਨਾ ਸਪੋਰਟਸ ਮੀਟ
Publish Date: Thu, 26 Feb 2026 07:27 PM (IST)
Updated Date: Thu, 26 Feb 2026 07:31 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਰਵਾਈ ਸਲਾਨਾ ਸਪੋਰਟਸ ਮੀਟ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਸਪੋਰਟਸ ਮੀਟ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ, ਜਿਸ ਵਿਚ ਕਾਲਜ ਦੇ 350 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਪੋਰਟਸ ਮੀਟ ਦਾ ਉਦਘਾਟਨ ਮੁੱਖ ਮਹਿਮਾਨ ਵਰਿੰਦਰ ਪਾਲ ਸਿੰਘ ਬਾਜਵਾ ਐਡੀਸ਼ਨਲ ਡਿਪਟੀ ਕਮਿਸ਼ਨਰ ਕਪੂਰਥਲਾ, ਵਿਸ਼ੇਸ਼ ਮਹਿਮਾਨ ਅੰਤਰਰਾਸ਼ਟਰੀ ਹਾਕੀ ਖਿਡਾਰੀ ਰਿਪੁਦਮਨਜੀਤ ਸਿੰਘ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਸਿੰਘ ਲਾਸਾਨੀ ਤੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਸਾਂਝੇ ਤੌਰ ਤੇ ਕੀਤਾ। ਖੇਡਾਂ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰੀਕ ਸਿੰਘ ਨੇ ਖੇਡਾਂ ਦੇ ਨਿਯਮਾਂ ਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਸ਼ੁਰੂਆਤ ਵਿਚ ਸਹੁੰ ਚੁੱਕੀ ਕਿ ਉਹ ਆਪਣੇ ਆਪ ਨੂੰ ਫਿੱਟ ਰੱਖਣ ਲਈ ਹਰ ਰੋਜ਼ ਤੀਹ ਮਿੰਟ ਕਿਸੇ ਨਾ ਕਿਸੇ ਖੇਡ ਵਿਚ ਹਿੱਸਾ ਲੈਣਗੇ। ਕਾਲਜ ਦੇ ਲੜਕਿਆਂ ਨੇ 100 ਮੀਟਰ ਰੇਸ, 200 ਮੀਟਰ ਰੇਸ, ਸੈਕ ਰੇਸ, ਰੱਸਾਕਸ਼ੀ, ਲੌਂਗ ਜੰਪ, ਜੈਵਲਿਨ ਥ੍ਰੋ, ਡਿਸਕਸ ਥ੍ਰੋ, ਸ਼ਾਟ ਪੁੱਟ, ਸਪੂਨ ਰੇਸ, ਵੂਸ਼ੋ ਆਦਿ ਖੇਡਾਂ ਵਿਚ ਭਾਗ ਲਿਆ ਤੇ ਲੜਕੀਆਂ ਨੇ 100 ਮੀਟਰ ਰੇਸ, 200 ਮੀਟਰ ਰੇਸ, ਸੈਕ ਰੇਸ, ਸਪੂਨ ਰੇਸ, ਥ੍ਰੀ ਲੈਗਜ਼, ਰੱਸਾਕਸ਼ੀ, ਲੌਂਗ ਜੰਪ, ਜੈਵਲਿਨ ਥ੍ਰੋ, ਡਿਸਕਸ ਥ੍ਰੋ, ਸ਼ਾਟ ਪੁੱਟ ਆਦਿ ਖੇਡਾਂ ਵਿਚ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਰਿੰਦਰ ਪਾਲ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੀਆਂ ਖੇਡਾਂ ਬੱਚਿਆਂ ਦੇ ਸਰੀਰਕ, ਬੌਧਿਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ ਤੇ ਇਨ੍ਹਾਂ ਨਾਲ ਵਿਦਿਆਰਥੀਆਂ ਦੀ ਖੇਡਾਂ ਵਿੱਚ ਹਿੱਸਾ ਲੈਣ ਦੀ ਦਿਲਚਸਪੀ ਵਧਦੀ ਹੈ। ਵਿਸ਼ੇਸ਼ ਮਹਿਮਾਨ ਰਿਪੁਦਮਨਜੀਤ ਸਿੰਘ ਨੇ ਹੋਣਹਾਰ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਸਾਡੇ ਸਰੀਰ ਤੇ ਮਨ ਨੂੰ ਤੰਦਰੁਸਤੀ ਤੇ ਤਾਜ਼ਗੀ ਦਿੰਦੀਆਂ ਹਨ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਅਤੀ ਜ਼ਰੂਰੀ ਹਨ। ਉਨ੍ਹਾਂ ਇਸ ਗੱਲ ਤੇ ਖੁਸ਼ੀ ਪ੍ਰਗਟਾਈ ਕਿ ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਬੀ ਬੀ ਏ ਦੂਜੇ ਸਮੈਸਟਰ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੂੰ ਵੱਖ ਵੱਖ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਤੇ ਬੈਸਟ ਐਥਲੀਟ ਲੜਕੀਆਂ ਵਿਚੋਂ ਤੇ ਬੀਕਾਮ ਦੂਜੇ ਸਮੈਸਟਰ ਦੇ ਵਿਦਿਆਰਥੀ ਜੋਬਨਪ੍ਰੀਤ ਸਿੰਘ ਨੂੰ ਬੈਸਟ ਐਥਲੀਟ ਲੜਕਿਆਂ ਵਿਚੋਂ ਚੁਣਿਆ ਗਿਆ। ਅੰਤ ਵਿਚ ਡੀਨ ਸਪੋਰਟਸ ਪ੍ਰੋ. ਮਨਜਿੰਦਰ ਸਿੰਘ ਜੌਹਲ ਵੱਲੋਂ ਸਲਾਨਾ ਸਪੋਰਟਸ ਮੀਟ ਦੀ ਸਫ਼ਲਤਾ ਲਈ ਸਮੂਹ ਖਿਡਾਰੀਆਂ ਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਪੋਰਟਸ ਮੀਟ ਦੌਰਾਨ ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਸੀਨੀਅਰ ਐਡਵੋਕੇਟ ਅਨੁਜ ਆਨੰਦ, ਅੰਤਰਰਾਸ਼ਟਰੀ ਕਬੱਡੀ ਕੋਚ ਚਰਨਜੀਤ ਸਿੰਘ, ਅੰਤਰਰਾਸ਼ਟਰੀ ਕਬੱਡੀ ਆਫੀਸ਼ੀਅਲ ਪਰਮਜੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।