ਬੇਬੇ ਨਾਨਕੀ ਕਾਲਜ ’ਚ ਕਰਵਾਈ ਸਲਾਨਾ ਸਪੋਰਟਸ ਮੀਟ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਗਰਲਜ਼) ਫੱਤੂਢੀਂਗਾ ’ਚ ਜੋਸ਼ ਅਤੇ ਜਜ਼ਬੇ ਨਾਲ ਮਨਾਈ ਗਈ ਸਲਾਨਾ ਸਪੋਰਟਸ ਮੀਟ
Publish Date: Mon, 16 Feb 2026 07:22 PM (IST)
Updated Date: Mon, 16 Feb 2026 07:24 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਗਰਲਜ਼), ਫੱਤੂਢੀਂਗਾ ਵਿਚ ਸਾਲਾਨਾ ਐਥਲੈਟਿਕ ਮੀਟ ਬੇਮਿਸਾਲ ਉਤਸ਼ਾਹ, ਅਨੁਸ਼ਾਸਨ ਤੇ ਖੇਡ ਭਾਵਨਾ ਨਾਲ ਆਯੋਜਿਤ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਦੀ ਰਹਿਨੁਮਾਈ ਹੇਠ ਇਹ ਸਮਾਗਮ ਯਾਦਗਾਰ ਬਣ ਗਿਆ। ਸਮਾਰੋਹ ਦੀ ਸ਼ੁਰੂਆਤ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ। ਇਸ ਖੇਡ ਮੇਲੇ ਦੌਰਾਨ ਸੌ ਮੀਟਰ, ਦੋ ਸੌ ਮੀਟਰ ਦੌੜ, ਰੀਲੇ ਰੇਸ, ਲੈਮਨ-ਸਪੂਨ ਰੇਸ, ਸੈਕ ਰੇਸ, ਲੰਬੀ ਛਾਲ, ਸ਼ਾਟ ਪੁਟ (ਗੋਲਾ ਸੁੱਟਣਾ), ਡਿਸਕਸ ਥਰੋ, ਖੋ-ਖੋ ਤੇ ਰੱਸਾਕਸੀ ਵਰਗੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਟ੍ਰੈਕ ਮੁਕਾਬਲਿਆਂ ਵਿਚ ਬੀਏ (ਆਰਟਸ) ਵਿਭਾਗ ਨੇ ਸ਼ਾਨਦਾਰ ਦਬਦਬਾ ਬਣਾਇਆ। ਸੌ ਮੀਟਰ ਦੌੜ, ਦੋ ਸੌ ਮੀਟਰ ਦੌੜ ਤੇ ਰੀਲੇ ਰੇਸ ਵਿਚ ਬੀਏ ਵਿਭਾਗ ਨੇ ਪਹਿਲਾ ਸਥਾਨ ਹਾਸਲ ਕੀਤਾ, ਕਾਮਰਸ ਵਿਭਾਗ ਦੂਜੇ ਤੇ ਕੰਪਿਊਟਰ ਵਿਭਾਗ ਤੀਜੇ ਸਥਾਨ ‘ਤੇ ਰਿਹਾ। ਰੱਸਾਕੱਸੀ ਦੇ ਮੁਕਾਬਲੇ ਵਿਚ ਕਾਮਰਸ ਵਿਭਾਗ ਨੇ ਪਹਿਲਾ, ਬੀਏ (ਆਰਟਸ) ਵਿਭਾਗ ਨੇ ਦੂਜਾ ਤੇ ਕੰਪਿਊਟਰ ਵਿਭਾਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਵਿਚ ਵੀ ਆਰਟਸ ਵਿਭਾਗ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਖੇਡ ਕਾਬਲੀਅਤ ਦਾ ਲੋਹਾ ਮਨਵਾਇਆ, ਜਦਕਿ ਕਾਮਰਸ ਦੂਜੇ ਤੇ ਕੰਪਿਊਟਰ ਵਿਭਾਗ ਤੀਜੇ ਸਥਾਨ ’ਤੇ ਰਿਹਾ। ਓਵਰਆਲ ਟਰਾਫ਼ੀ ਆਰਟਸ ਵਿਭਾਗ ਦੇ ਨਾਮ ਰਹੀ, ਜਿਸ ਨਾਲ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਟੀਮਵਰਕ ਦੀ ਝਲਕ ਸਪਸ਼ਟ ਹੋਈ। ਕਾਮਰਸ ਵਿਭਾਗ ਦੂਜੇ ਅਤੇ ਕੰਪਿਊਟਰ ਵਿਭਾਗ ਤੀਜੇ ਸਥਾਨ ‘ਤੇ ਰਿਹਾ। ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿਚ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਸਰਗਰਮ ਹਿੱਸਾ ਲੈਣ ਤੇ ਜੀਵਨ ਵਿਚ ਅਨੁਸ਼ਾਸਨ, ਮੇਹਨਤ ਤੇ ਟੀਮਵਰਕ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।