ਸਲਾਨਾ ਗੁਰਮਤਿ ਸਮਾਗਮ ਕਰਵਾਇਆ
ਸਲਾਨਾ ਗੁਰਮਤਿ ਸਮਾਗਮ ਕਰਵਾਇਆ
Publish Date: Thu, 02 Apr 2026 07:39 PM (IST)
Updated Date: Thu, 02 Apr 2026 07:43 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਿੱਖ ਧਰਮ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੋਹਤਾ ਬਾਣੀ ਕਾ ਬੋਹਿਥਾ ਕਹਿ ਕੇ ਵੀ ਪੁਕਾਰਿਆ ਜਾਂਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕੀਰਤਨ ਪ੍ਰਤੀ ਦਿਲੋਂ ਸਮਰਪਿਤ ਰਹਿੰਦੇ ਸਨ ਤੇ ਉਨ੍ਹਾਂ ਵੱਲੋਂ ਆਪਣੇ ਦਰਬਾਰ ਵਿਚ ਦੋ ਮਹਾਨ ਕੀਰਤਨੀਏ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਮੁੱਖ ਕੀਰਤਨੀਏ ਦੇ ਤੌਰ ’ਤੇ ਨਿਯੁਕਤ ਕੀਤੇ ਹੋਏ ਸਨ। ਗੁਰੂ ਸਾਹਿਬ ਜੀ ਦੇ ਹਜ਼ੂਰੀ ਰਬਾਬੀ ਕੀਰਤਨੀਏ ਸਤਕਾਰ ਯੋਗ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੀ ਮਿੱਠੀ-ਪਿਆਰੀ ਯਾਦ ਨੂੰ ਸਮਰਪਿਤ ਇਲਾਕੇ ਤੇ ਦੇਸ਼-ਵਿਦੇਸ਼ ਦੀਆਂ ਸਤਿਕਾਰਯੋਗ ਸੰਗਤਾਂ ਦੇ ਸਹਿਯੋਗ ਸਦਕਾ ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰਦੀਪ ਸਿੰਘ ਪ੍ਰੇਮਪੁਰ ਵਾਲਿਆਂ ਵੱਲੋਂ ਸਾਲਾਨਾ ਗੁਰਮਤਿ ਸਮਾਗਮ ਤਹਿਤ ਇਕ ਵਿਸ਼ੇਸ਼ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਛੇਵੀਂ ਪਾਤਿਸ਼ਾਹੀ ਸਾਹਿਬ ਸ਼੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਕਰਵਾਇਆ ਗਿਆ। ਇਸ ਪਵਿੱਤਰ ਸਮਾਗਮ ਵਿਚ ਉਚੇਚੇ ਤੌਰ ’ਤੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਵਾਲਿਆਂ ਵੱਲੋਂ ਕਥਾ ਵਿਚਾਰ ਨਾਲ ਸੰਗਤਾਂ ਨੂੰ ਨਿਹਾਲ ਕਰਦਿਆਂ ਗੁਰਬਾਣੀ ਨਾਲ ਜੋੜਿਆ ਗਿਆ। ਭਾਈ ਨਿਰਮਲ ਸਿੰਘ ਜੀ ਨਾਗਪੁਰੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਵੱਲੋਂ ਵੀ ਆਪਣੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏ ਗਏ। ਪੰਥ ਪ੍ਰਸਿੱਧ ਕੀਰਤਨੀਏ ਭਾਈ ਭਾਈ ਗੁਰਦੀਪ ਸਿੰਘ ਜੀ ਪ੍ਰੇਮਪੁਰ ਕੀਰਤਨ ਦੇ ਨਾਲ ਨਾਲ ਸੰਗਤਾਂ ਤੇ ਹੋਰ ਛੋਟੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਹਮੇਸ਼ਾਂ ਵਿਸ਼ੇਸ਼ ਉਪਰਾਲੇ ਕਰਨ ਪ੍ਰਤੀ ਤੱਤਪਰ ਰਹਿੰਦੇ ਹਨ। ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਵੱਲੋਂ ਗੁਰਮਤਿ ਤੇ ਸਿੱਖੀ ਪ੍ਰਤੀ ਨਿਭਾਈਆਂ ਜਾ ਰਹੀਆਂ ਵਿਸ਼ੇਸ਼ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਵੱਲੋਂ ਬਾਬਾ ਤਲਵਿੰਦਰ ਸਿੰਘ ਪ੍ਰਮੇਸ਼ਰ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਛੇਵੀਂ ਪਾਤਿਸ਼ਾਹੀ ਤਪ ਅਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਸ਼੍ਰੀ ਹਰਗੋਬਿੰਦਗੜ੍ਹ ਭੋਗਪੁਰ ਸਾਹਿਬ ਵਾਲਿਆਂ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਤੇ ਹੋਰ ਸਤਿਕਾਰਯੋਗ ਸ਼ਖ਼ਸ਼ੀਅਤਾਂ ਦੀ ਹਾਜ਼ਰੀ ਵਿਚ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਜੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਪ੍ਰਮੇਸ਼ਰ ਸਿੰਘ ਜੀ ਨੇ ਕਿਹਾ ਕਿ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਪੂਰੀ ਤਰ੍ਹਾਂ ਗੁਰਮਤਿ ਤੇ ਸਿੱਖੀ ਪ੍ਰਤੀ ਸਮਰਪਿਤ ਹਨ ਤੇ ਸੰਗਤਾਂ ਨੂੰ ਗੁਰਮਤਿ ਨਾਲ ਜੋੜਨਾ ਆਪਣਾ ਪਵਿੱਤਰ ਫਰਜ਼ ਸਮਝਦੇ ਹਨ। ਸਟੇਜ ਦੀ ਸੇਵਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਖੁਰਮਪੁਰ ਵੱਲੋਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਨਿਭਾਈ ਗਈ। ਇਸ ਮੌਕੇ ਐਡਵੋਕੇਟ ਜਰਨੈਲ ਸਿੰਘ ਵਾਹਦ, ਜਤਿੰਦਰਪਾਲ ਸਿੰਘ ਪਲਾਹੀ, ਭਾਈ ਦਲਜੀਤ ਸਿੰਘ ਹੈੱਡ ਗ੍ਰੰਥੀ, ਗਿਆਨੀ ਅਜੀਤ ਸਿੰਘ ਹੈੱਡ ਗ੍ਰੰਥੀ ਪ੍ਰੇਮ ਪੁਰ, ਹਰਭਜਨ ਸਿੰਘ ਸਾਬਕਾ ਸਰਪੰਚ ਰਘਬੀਰ ਸਿੰਘ ਸੈਕਟਰੀ, ਭਾਈ ਬਲਕਾਰ ਸਿੰਘ ਸੀਕਰੀ, ਭਾਈ ਜਸਵੀਰ ਸਿੰਘ ਸ਼ੀਰਾ, ਮਾਸਟਰ ਅਜੀਤ ਸਿੰਘ ਸਾਹਨੀ, ਜਤਿੰਦਰਵੀਰ ਸਿੰਘ ਬਿੱਲਾ ਸਮੇਤ ਹੋਰ ਬਹੁਤ ਸਾਰੀਆਂ ਧਾਰਮਿਕ ਤੇ ਰਾਜਨੀਤਿਕ ਸ਼ਖ਼ਸ਼ੀਅਤਾਂ ਵੱਲੋਂ ਹਾਜ਼ਰੀ ਭਰੀ ਗਈ।