ਪਿੰਡ ਭੌਰ ’ਚ ਸਲਾਨਾ ਛਿੰਝ ਮੇਲਾ 23 ਨੂੰ
23 ਫਰਵਰੀ ਨੂੰ ਪਿੰਡ ਭੌਰ ਵਿਖੇ ਸਲਾਨਾ ਛਿੰਝ ਮੇਲਾ ਕਰਵਾਇਆ ਜਾਵੇਗਾ
Publish Date: Tue, 17 Feb 2026 06:42 PM (IST)
Updated Date: Tue, 17 Feb 2026 06:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਡਡਵਿੰਡੀ : ਧੰਨ ਧੰਨ ਬਾਬਾ ਲੱਖ ਦਾਤਾ ਜੀ ਤੇ ਮਹੀਂਨਾਥ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ 23 ਫਰਵਰੀ, ਦਿਨ ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਪਿੰਡ ਭੌਰ ਵਿਖੇ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਅਵਤਾਰ ਸਿੰਘ ਭੌਰ ਨੇ ਦੱਸਿਆ ਕਿ ਸਵੇਰੇ 10 ਵਜੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਕਬੱਡੀ ਮੈਚਾਂ ਤੇ ਕੁਸ਼ਤੀਆਂ ਦੇ ਰੋਮਾਂਚਕ ਮੁਕਾਬਲੇ ਕਰਵਾਏ ਜਾਣਗੇ। ਸਲਾਨਾ ਛਿੰਝ ਮੇਲੇ ਦਾ ਉਦਘਾਟਨ ਸ਼ਿੰਗਾਰਾ ਸਿੰਘ ਕਾਨੂੰਗੋ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਖਾਸ ਆਕਰਸ਼ਣ ਰਹੇਗਾ, ਜਿਸ ਵਿਚ ਮਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ ਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਹੁਸ਼ਿਆਰਪੁਰ ਵਿਚਕਾਰ ਮੁਕਾਬਲਾ ਹੋਵੇਗਾ। ਲੜਕਿਆਂ ਦੇ 35 ਕਿਲੋ ਵਰਗ ਵਿਚ ਡਡਵਿੰਡੀ ਵਰਸਿਜ਼ ਸੁਲਤਾਨਪੁਰ ਲੋਧੀ ਤੇ 50 ਕਿਲੋ ਵਰਗ ਵਿਚ ਭੌਰ ਵਰਸਿਜ਼ ਡਡਵਿੰਡੀ ਵਿਚਕਾਰ ਟੱਕਰ ਹੋਵੇਗੀ। ਇਸ ਤੋਂ ਇਲਾਵਾ ਪਟਕੇ ਦੀ ਖਾਸ ਕੁਸ਼ਤੀ ਕਾਲੂ ਬਾੜੋਵਾਲ ਤੇ ਮੇਜਰ ਡੇਰਾ ਬਾਬਾ ਨਾਨਕ ਵਿਚਕਾਰ ਕਰਵਾਈ ਜਾਵੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਸੱਦੇ ਗਏ 12 ਅਖਾੜਿਆਂ ਦੀਆਂ ਕਰੀਬ 60 ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਮੇਲੇ ਦਾ ਲਾਈਵ ਟੈਲੀਕਾਸਟ ਯੂਟਿਊਬ ਚੈਨਲ “ਕਾਲਾ ਸੰਘਿਆ ਡਾਟ ਕਾਮ” ‘ਤੇ ਕੀਤਾ ਜਾਵੇਗਾ, ਜਿਸ ਰਾਹੀਂ ਦੇਸ਼-ਵਿਦੇਸ਼ ਵਿਚ ਬੈਠੇ ਪ੍ਰਵਾਸੀ ਭਾਰਤੀ ਤੇ ਹੋਰ ਦਰਸ਼ਕ ਵੀ ਮੇਲੇ ਦਾ ਅਨੰਦ ਮਾਣ ਸਕਣਗੇ। ਸਰਪੰਚ ਤੇ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਮੇਲੇ ਦੀ ਰੌਣਕ ਵਧਾਈ ਜਾਵੇ।