ਮਿਡ ਡੇ ਮਿੱਲ ਵਰਕਰ ਯੂਨੀਅਨ ਵੱਲੋਂ ਵਿਧਾਨ ਸਭਾ ਮਾਰਚ ’ਚ ਸ਼ਾਮਲ ਹੋਣ ਦਾ ਐਲਾਨ,
8 ਮਾਰਚ ਦੇ ਵਿਧਾਨ ਸਭਾ ਮਾਰਚ ਵਿੱਚ ਸ਼ਾਮਲ ਹੋਣ ਦਾ ਐਲਾਨ,
Publish Date: Tue, 03 Mar 2026 08:39 PM (IST)
Updated Date: Tue, 03 Mar 2026 08:41 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਬਜਟ ਸੈਸ਼ਨ ਦੌਰਾਨ 8 ਮਾਰਚ ਵਾਲੇ ਦਿਨ ਮੁਹਾਲੀ ਵਿਚ ਇੱਕਤਰ ਹੋ ਕੇ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਮਿੱਡ ਡੇ ਮੀਲ ਵਰਕਰਜ਼ ਯੂਨੀਅਨ (ਸਬੰਧਤ 1406/22-ਬੀ, ਚੰਡੀਗੜ੍ਹ) ਵੱਲੋਂ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਆਗੂ ਮਮਤਾ ਸੈਦਪੁਰ ਨੇ ਜਥੇਬੰਦੀ ਦੀ ਮੀਟਿੰਗ ਕਰਨ ਤੋਂ ਬਾਅਦ ਕੀਤਾ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਅਜਿਹਾ ਕਦਮ ਪੰਜਾਬ ਸਰਕਾਰ ਵੱਲੋਂ ਸਮੁੱਚੇ ਮੁਲਾਜ਼ਮ ਵਰਗ ਦੀਆਂ ਮੰਗਾਂ ਪ੍ਰਤੀ ਪਿਛਲੇ ਚਾਰ ਸਾਲ ਤੋਂ ਧਾਰੀ ਚੁੱਪ ਕਾਰਨ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਪ ਸਰਕਾਰ ਦੇ ਆਗੂਆਂ ਵੱਲੋਂ ਮਿੱਡ ਡੇ ਮੀਲ ਕੁੱਕ ਬੀਬੀਆਂ ਨੂੰ ਹਰਿਆਣਾ ਦੇ ਬਰਾਬਰ ਮਾਣ ਭੱਤਾ ਦੇਣ ਦਾ ਐਲਾਨ ਕੀਤਾ ਸੀ ਪਰ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਇਸ ਸਰਕਾਰ ਨੇ ਮਾਣਭੱਤਾ ਵਰਕਰਾਂ ਦੀ ਕੋਈ ਸਾਰ ਨਹੀਂ ਲਈ। ਜੇਕਰ ਧਰਨਾ, ਰੈਲੀਆਂ ਦੇ ਦਬਾਅ ਹੇਠ ਮੀਟਿੰਗਾਂ ਦਿੱਤੀਆਂ ਜਾਂਦੀਆਂ ਹਨ ਤਾਂ ਨੇੜੇ ਜਾ ਕੇ ਮੀਟਿੰਗ ਦੀ ਤਰੀਕ ਬਦਲ ਦਿੱਤੀ ਜਾਂਦੀ, ਜਿਸ ਕਰਕੇ ਸਰਕਾਰ ਪ੍ਰਤੀ ਮੁਲਾਜ਼ਮਾਂ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਵਿਧਾਨ ਸਭਾ ਮਾਰਚ ਦੌਰਾਨ ਪੰਜਾਬ ਭਰ ਤੋਂ ਕੁੱਕ ਮਹਿਲਾਵਾਂ ਵੱਡੀ ਗਿਣਤੀ ਵਿਚ ਹਿੱਸਾ ਲੈਣਗੀਆਂ। ਮੀਟਿੰਗ ਵਿਚ ਰੀਨਾ, ਰੇਖਾ ਰਾਣੀ, ਪਰਮਜੀਤ ਕੌਰ, ਬਲਜੀਤ ਕੌਰ, ਦਲਜੀਤ ਕੌਰ, ਬਲਜਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।