ਪਈ ਬਾਰਿਸ਼ ਤੇ ਤੇਜ ਹਵਾਵਾਂ ਕਾਰਨ ਅੰਨਦਾਤਾ ਚਿੰਤਾ ’ਚ ਡੁਬਿਆ

ਪੱਕਣ ਕਿਨਾਰੇ ਖੜ੍ਹੀ ਕਣਕ ਦੀ ਫਸਲ ਧਰਤੀ ’ਤੇ ਵਿਛੀ, ਝਾੜ ਘਟਣ ਦਾ ਖਦਸ਼ਾ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਅੱਜ ਸਵੇਰ ਤੋਂ ਪੈ ਰਹੀ ਬਰਸਾਤ ਨੇ ਜਿਥੇ ਇਕ ਪਾਸੇ ਵਧਦੀ ਗਰਮੀ ਤੋਂ ਲੋਕਾਂ ਨੂੰ ਭਾਰੀ ਰਾਹਤ ਪਹੁੰਚਾਈ ਹੈ, ਉਥੇ ਹੀ ਬਰਸਾਤ ਨਾਲ ਚੱਲੀ ਹਨੇਰੀ ਨੇ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਸੁਲਤਾਨਪੁਰ ਲੋਧੀ ਇਲਾਕੇ ਵਿਚ ਅੱਜ ਸਵੇਰ ਤੋਂ ਰੁਕ-ਰੁਕ ਕੇ ਹੋਈ ਬਰਸਾਤ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਲਈ ਵੱਡੀ ਚਿੰਤਾ ਖੜੀ ਕਰ ਦਿੱਤੀ ਹੈ। ਕਈ ਪਿੰਡਾਂ ਵਿਚ ਪੱਕ ਕੇ ਤਿਆਰ ਹੋਈ ਕਣਕ ਦੀ ਫਸਲ ਜ਼ਮੀਨਾਂ ’ਤੇ ਵਿਛ ਗਈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਦਾ ਡਰ ਸਤਾਉਣ ਲੱਗਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕਣ ਵਾਲੀ ਹੈ ਤੇ ਕੁਝ ਦਿਨਾਂ ਤੱਕ ਕਟਾਈ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ ਪਰ ਅਚਾਨਕ ਆਈ ਤੇਜ਼ ਹਨੇਰੀ ਤੇ ਬਾਰਿਸ਼ ਕਾਰਨ ਕਈ ਖੇਤਾਂ ਵਿਚ ਖੜ੍ਹੀ ਫਸਲ ਡਿੱਗ ਪਈ। ਕਿਸਾਨਾਂ ਮੁਤਾਬਿਕ ਕਣਕ ਡਿੱਗਣ ਨਾਲ ਕਣਕ ਦਾ ਝਾੜ ਲਗਭਗ ਦੋ ਤੋਂ ਤਿੰਨ ਕੁਇੰਟਲ ਪ੍ਰਤੀ ਏਕੜ ਤੱਕ ਘੱਟ ਸਕਦਾ ਹੈ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਕਿਸਾਨ ਕਈ ਤਰ੍ਹਾਂ ਦੀਆਂ ਆਫਤਾਂ ਨਾਲ ਜੂਝ ਰਹੇ ਹਨ ਤੇ ਆਰਥਿਕ ਤੌਰ ’ਤੇ ਕਾਫੀ ਪ੍ਰਭਾਵਿਤ ਹੋ ਚੁੱਕੇ ਹਨ। ਹੁਣ ਬੇ-ਮੌਸਮੀ ਬਾਰਿਸ਼ ਨੇ ਉਨਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ।
ਬਰਸਾਤ ਨਾਲ ਮੌਸਮ ’ਚ ਆਈ ਤਬਦੀਲੀ
ਮਾਰਚ ਮਹੀਨੇ ਦੇ ਚੜ੍ਹਦਿਆਂ ਹੀ ਗਰਮੀ ਨੇ ਆਪਣੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ। ਅੱਜ ਹੋਈ ਬਰਸਾਤ ਤੇ ਤੇਜ਼ ਹਵਾਵਾਂ ਨਾਲ ਵੱਧ ਰਹੀ ਗਰਮੀ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਤੇ ਮੌਸਮ ਸੁਹਾਵਣਾ ਹੋ ਗਿਆ। ਮੀਂਹ ਨੇ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਹੈ ਤੇ ਇਸ ਨਾਲ ਤਾਪਮਾਨ ਵਿਚ ਵੀ ਕਾਫੀ ਕਮੀ ਵੇਖਣ ਨੂੰ ਮਿਲੀ ਹੈ ਤੇ ਜਿਸ ਨਾਲ ਮੌਸਮ ਕਾਫੀ ਠੰਡਾ ਹੋ ਗਿਆ। ਇਲਾਕੇ ਦੇ ਲੋਕਾਂ ਮੁਤਾਬਕ ਕੁਝ ਥਾਵਾਂ ਤੇ ਸਵੇਰ ਦੇ ਸਮੇਂ ਤੋਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਣ ਦੀ ਚਿੰਤਾ ਬਣੀ ਹੋਈ ਹੈ।
ਬਰਸਾਤ ਮੱਕੀ ਦੀ ਫਸਲ ਲਈ ਲਾਹੇਵੰਦ : ਪਰਮਿੰਦਰ ਕੁਮਾਰ
ਅੱਜ ਸਵੇਰ ਤੋਂ ਹੋ ਰਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਤੇਜ਼ ਹਵਾਵਾਂ ਚੱਲਣ ਨਾਲ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਤਾਪਮਾਨ ਵਧਣ ਨਾਲ ਕਣਕ ਦੀ ਫਸਲ ਪ੍ਰਭਾਵਿਤ ਹੋਣ ਦੇ ਚਲਦਿਆਂ ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਸਿੰਚਾਈ ਕਰਨ ਲਈ ਪਾਣੀ ਲਗਾਏ ਸਨ ਪਰ ਅੱਜ ਚੱਲੀਆਂ ਹਵਾਵਾਂ ਤੇ ਹੋਈ ਬਰਸਾਤ ਨਾਲ ਹਲਕੇ ਅੰਦਰ ਕੁਝ ਥਾਵਾਂ ’ਤੇ ਕਣਕ ਖੇਤਾਂ ਵਿਚ ਡਿੱਗਣ ਨਾਲ ਨੁਕਸਾਨ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਜਿਥੇ ਬਰਸਾਤ ਨਾਲ ਕਣਕ ਦੀ ਫਸਲ ਦਾ ਤੇਲਾ ਖਤਮ ਹੋਵੇਗਾ ਤੇ ਬਰਸਾਤ ਮੱਕੀ ਦੀ ਫਸਲ ਲਈ ਲਾਹੇਵੰਦ ਹੈ, ਉੱਥੇ ਹੀ ਕੁਝ ਥਾਵਾਂ ਤੇ ਕਣਕ ਦੀ ਫਸਲ ਲਈ ਨੁਕਸਾਨ ਦੇਹ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤ ਹੋਣ ਨਾਲ ਜਿਥੇ ਤਾਪਮਾਨ ਵਿਚ ਗਿਰਾਵਟ ਆਵੇਗੀ, ਉਥੇ ਹੀ ਇਸ ਨਾਲ ਕਣਕ ਦੀ ਫਸਲ ਦੇ ਝਾੜ ਵੀ ਸਹੀ ਮਿਕਦਾਰ ਵਿਚ ਮਿਲਣ ਦੀ ਸੰਭਾਵਨਾ ਹੈ।