ਆਂਗਣਵਾੜੀ ਵਰਕਰ ਸਮਾਰਟ ਫੋਨ ਤੋਂ ਬਿਨਾਂ ਕੰਮ ਨਹੀਂ ਕਰਨਗੀਆਂ
ਆਂਗਣਵਾੜੀ ਵਰਕਰ ਸਮਾਰਟ ਫੋਨ ਤੋਂ ਬਿਨਾਂ ਮਾਵਾਂ ਧੀਆਂ ਸਤਿਕਾਰ ਸਕੀਮ ਵਿੱਚ ਕੰਮ ਨਹੀਂ ਕਰਨਗੀਆਂ
Publish Date: Tue, 07 Apr 2026 06:45 PM (IST)
Updated Date: Tue, 07 Apr 2026 06:47 PM (IST)

ਡਾਇਰੈਕਟਰ ਦੇ ਨਾਮ ’ਤੇ ਸੀਡੀਪੀਓ ਨੂੰ ਦਿੱਤਾ ਮੰਗ ਪੱਤਰ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅੱਜ ਇਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਬਲਾਕ ਸੁਲਤਾਨਪੁਰ ਲੋਧੀ ਵੱਲੋਂ ਡਾਇਰੈਕਟਰ ਦੇ ਨਾਮ ’ਤੇ ਸੀਡੀਪੀਓ ਨੂੰ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਜੋ ਮੋਬਾਇਲ ਫੋਨ ਪੋਸ਼ਨ ਅਭਿਆਨ ਫ਼ੰਡਾਂ ਵਿਚੋਂ ਆਂਗਣਵਾੜੀ ਵਰਕਰਾਂ ਲਈ ਖਰੀਦੇ ਹਨ, ਉਹ ਫੋਨ ਆਂਗਣਵਾੜੀ ਵਰਕਰਾਂ ਨੂੰ ਹੀ ਦਿੱਤੇ ਜਾਣ। ਜੇਕਰ ਇਹ ਫੋਨ ਆਂਗਣਵਾੜੀ ਵਰਕਰ ਨੂੰ ਨਹੀਂ ਦਿੱਤੇ ਜਾਂਦੇ ਤਾਂ ਆਂਗਣਵਾੜੀ ਵਰਕਰ ਆਪਣੇ ਪਰਸਨਲ ਫੋਨ ਤੋਂ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਵਿਚ ਲਾਭਪਾਤਰੀ ਰਜਿਸਟਰ ਨਹੀਂ ਕਰਨਗੀਆਂ, ਕਿਉਂਕਿ ਉਹ ਪਹਿਲਾਂ ਹੀ ਆਪਣੇ ਫੋਨਾਂ ਤੋਂ ਪੋਸ਼ਨ ਅਭਿਆਨ ਦਾ ਕੰਮ ਕਰ ਰਹੀਆਂ ਹਨ। ਪਿਛਲੇ 8 ਸਾਲ ਤੋਂ ਵਰਕਰ, ਹੈਲਪਰ ਫੋਨਾਂ ਨੂੰ ਉਡੀਕ ਰਹੀਆਂ ਹਨ ਜਦ ਕਿ ਦੂਜੀਆਂ ਸਟੇਟਾਂ ਨੇ ਦੋ-ਦੋ ਵਾਰ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਫੋਨ ਦੇ ਦਿੱਤੇ ਹਨ, ਪ੍ਰੰਤੂ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਆਪਣੇ ਪਰਸਨਲ ਫੋਨਾਂ ਤੋਂ ਕੰਮ ਕਰਨ ਲਈ ਮਜਬੂਰ ਕਰਦੀ ਹੈ, ਜਿਸ ਦਾ ਜਥੇਬੰਦੀ ਵਿਰੋਧ ਕਰਦੀ ਹੈ। ਜਥੇਬੰਦੀ ਨੇ ਇਹ ਵੀ ਮੰਗ ਕੀਤੀ ਹੈ ਕਿ ਇਕ ਲਾਭਪਾਤਰੀ ਨੂੰ ਰਜਿਸਟਰ ਕਰਨ ਲਈ ਘੱਟ ਤੋਂ ਘੱਟ ਇਕ ਆਂਗਣਵਾੜੀ ਵਰਕਰ ਨੂੰ 100 ਤੇ ਹੈਲਪਰ ਨੂੰ 50 ਰੁਪਏ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਾਤਰਤਵੰਦਨਾ ਯੋਜਨਾ ਵਿਚ ਇਕ ਲਾਭਪਾਤਰੀ ਦੇ ਆਂਗਣਵਾੜੀ ਵਰਕਰ ਨੂੰ 200 ਤੇ ਹੈਲਪਰ ਨੂੰ 100 ਰੁਪਏ ਦਿੱਤੇ ਜਾਂਦੇ ਹਨ, ਫਿਰ ਪੰਜਾਬ ਸਰਕਾਰ ਸਿਰਫ 25 ਰੁਪਏ ਦੇ ਕੇ ਕੰਮ ਲੈਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ। ਇਸ ਸਮੇਂ ਬਲਾਕ ਪ੍ਰਧਾਨ ਮਨਜੀਤ ਕੌਰ ਦੇ ਨਾਲ ਸਰਕਲ ਪ੍ਰਧਾਨ ਹਰਜਿੰਦਰ ਕੌਰ ਟਿੱਬਾ, ਸਰਕਲ ਪ੍ਰਧਾਨ ਰਣਜੀਤ ਕੌਰ ਸੁਲਤਾਨਪੁਰ ਲੋਧੀ, ਸਰਕਲ ਪ੍ਰਧਾਨ ਸੁਖਵਿੰਦਰ ਕੌਰ ਡੱਲਾ, ਸਰਕਲ ਪ੍ਰਧਾਨ ਸੁਖਬੀਰ ਸਿੰਘ ਪਰਮਜੀਤਪੁਰ, ਸਰਕਲ ਪ੍ਰਧਾਨ ਕਮਲਜੀਤ ਕੌਰ ਬੂਸੋਵਾਲ, ਕਵਿਤਾ ਰਾਣੀ ਤਲਵੰਡੀ ਚੌਧਰੀਆਂ ਆਦਿ ਹਾਜ਼ਰ ਸਨ।