ਕਰੰਟ ਮਾਰਦਾ ਖੰਭਾ ਵਿਦਿਆਰਥੀਆਂ ਲਈ ਖ਼ਤਰਾ
ਬੱਚਿਆਂ ਦੇ ਸਕੂਲ ਜਾਣ ਵਾਲੇ ਰਸਤੇ ’ਤੇ ਕਰੰਟ ਮਾਰਦਾ ਲੋਹੇ ਦਾ ਖੰਭਾ ਬਣਿਆ ਵਿਦਿਆਰਥੀਆਂ ਦੀ ਜਾਨ ਲਈ ਖ਼ਤਰਾ
Publish Date: Mon, 23 Mar 2026 08:21 PM (IST)
Updated Date: Mon, 23 Mar 2026 08:25 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸਰਕਾਰੀ ਪ੍ਰਾਇਮਰੀ ਸਕੂਲ ਡਡਵਿੰਡੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ਨੂੰ ਜਾਣ ਵਾਲੇ ਮੁੱਖ ਰਸਤੇ ‘ਤੇ ਕਈ ਸਾਲਾਂ ਤੋਂ ਲੱਗਿਆ ਇਕ ਲੋਹੇ ਦਾ ਬਿਜਲੀ ਦਾ ਖੰਭਾ ਸਕੂਲ ਜਾਣ ਵਾਲੇ ਵਿਦਿਆਰਥੀਆਂ ਲਈ ਖਤਰੇ ਦਾ ਕਾਰਨ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਰਸਤੇ ਰਾਹੀਂ ਰੋਜ਼ਾਨਾ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਵਿਦਿਆਰਥੀ ਸਕੂਲ ਪੜ੍ਹਨ ਲਈ ਰੋਜ਼ਾਨਾ ਆਉਂਦੇ-ਜਾਂਦੇ ਰਹਿੰਦੇ ਹਨ। ਪਿੰਡ ਵਾਸੀਆਂ ਅਨੁਸਾਰ ਇਸ ਲੋਹੇ ਦੇ ਖੰਭੇ ਵਿਚ ਕਰੰਟ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਨੂੰ ਇਸ ਬਾਰੇ ਕਈ ਵਾਰ ਦਸਿਆ ਗਿਆ ਹੈ ਪਰ ਵਿਭਾਗ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਜਿਸ ਨਾਲ ਲੋਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਇਸ ਸਬੰਧੀ ਜਦੋਂ ਬਿਜਲੀ ਵਿਭਾਗ ਸਬ-ਡਿਵੀਜ਼ਨ ਖੈੜਾ ਮੰਦਿਰ ਕਪੂਰਥਲਾ ਦੇ ਐੱਸਡੀਓ ਗੁਰਨਾਮ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਇੰਨੇ ਸਾਲਾਂ ਤੋਂ ਕੋਈ ਹਾਦਸਾ ਨਹੀਂ ਵਾਪਰਿਆ ਤਾਂ ਹੁਣ ਕਿਵੇਂ ਵਾਪਰ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਖਪਤਕਾਰ ਇਸ ਸਬੰਧੀ ਬਿਜਲੀ ਵਿਭਾਗ ਕੋਲ ਆ ਕੇ ਲਿਖਤੀ ਸ਼ਿਕਾਇਤ ਕਰੇਗਾ ਤਾਂ ਉਸਦੀ ਜਾਂਚ ਕਰਕੇ ਇਸਦਾ ਹੱਲ ਕੱਢਿਆ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਿਜਲੀ ਵਿਭਾਗ ਤੁਰੰਤ ਇਸ ਖੰਭੇ ਦੀ ਜਾਂਚ ਕਰਕੇ ਸਮੱਸਿਆ ਦਾ ਪੱਕਾ ਹੱਲ ਕਰੇ ਤਾਂ ਜੋ ਕਿਸੇ ਵੀ ਅਣਚਾਹੇ ਹਾਦਸੇ ਤੋਂ ਬਚਿਆ ਜਾ ਸਕੇ ਤੇ ਲੋਹੇ ਦੇ ਖੰਬੇ ਦੀ ਜਗ੍ਹਾ ਸੀਮੈਂਟ ਵਾਲੇ ਖੰਭਾ ਲਗਾਇਆ ਜਾਵੇ ਤਾਂ ਜੋਂ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ।