ਪੰਜਾਬ ਬਾਰੇ ਅਮਿਤ ਸ਼ਾਹ ਦਾ ਬਿਆਨ ਹਾਸੋਹੀਣਾ ਜਾਂ ਸਿਆਸੀ : ਸਰਬਜੀਤ ਰਾਜ
ਪੰਜਾਬ ਬਾਰੇ ਅਮਿਤ ਸ਼ਾਹ ਦਾ ਬਿਆਨ — ਹਾਸੋਹੀਣਾ ਜਾਂ ਸੋਚੀ-ਸਮਝੀ ਸਿਆਸਤ: ਸਰਬਜੀਤ ਰਾਜ
Publish Date: Sat, 07 Mar 2026 08:49 PM (IST)
Updated Date: Sat, 07 Mar 2026 08:51 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਕੇਂਦਰ ਦੀ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤਾ ਗਿਆ ਇਹ ਬਿਆਨ ਕਿ ਪੰਜਾਬ ਵਿਚ ਵੱਡੇ ਪੱਧਰ ’ਤੇ ਧਰਮ ਪਰਿਵਰਤਨ ਹੋ ਰਿਹਾ ਹੈ, ਸੂਬੇ ਦੇ ਸਮਾਜਿਕ ਤਾਨੇਬਾਨੇ ਨੂੰ ਜਾਣਨ ਵਾਲਿਆਂ ਲਈ ਹੈਰਾਨੀ ਤੇ ਚਿੰਤਾ ਦਾ ਵਿਸ਼ਾ ਬਣਿਆ ਹੈ। ਕਈ ਵਰਗਾਂ ਦਾ ਮੰਨਣਾ ਹੈ ਕਿ ਬਿਨਾਂ ਢੁਕਵੇਂ ਅੰਕੜਿਆਂ ਦੇ ਇਸ ਤਰ੍ਹਾਂ ਦੇ ਬਿਆਨ ਸਿਰਫ਼ ਸਿਆਸੀ ਗਰਮੀ ਪੈਦਾ ਕਰਦੇ ਹਨ, ਹਕੀਕਤ ਨਹੀਂ ਦੱਸਦੇ। ਇਹ ਪ੍ਰਤੀਕਿਰਿਆ ਸਰਬਜੀਤ ਰਾਜ ਨੇ ਦਿੱਤੀ ਹੈ, ਜੋ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਸੰਥਾਪਕ ਤੇ ਨਿਰਦੇਸ਼ਕ ਹਨ। ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਪੰਜਾਬ ਵਿਚ ਕਿਸੇ ਸੁਚਿੰਤਤ ਜਾਂ ਵਿਆਪਕ ਧਰਮ ਪਰਿਵਰਤਨ ਦੀ ਲਹਿਰ ਨਹੀਂ ਚੱਲ ਰਹੀ। ਇਸ ਤਰ੍ਹਾਂ ਦੇ ਦਾਅਵੇ ਉਨ੍ਹਾਂ ਦੇ ਅਨੁਸਾਰ ਸਿਰਫ਼ ਚੋਣ ਮਾਹੌਲ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਇਥੇ ਸਦੀਆਂ ਤੋਂ ਵੱਖ-ਵੱਖ ਧਰਮਾਂ ਦੇ ਲੋਕ ਮਿਲ-ਜੁਲ ਕੇ ਵੱਸਦੇ ਆਏ ਹਨ। ਗੁਰਪੁਰਬ ਹੋਣ, ਦੀਵਾਲੀ ਹੋਵੇ, ਲੋਹੜੀ ਜਾਂ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ (ਕ੍ਰਿਸਮਸ) ਤੇ ਈਸਟਰ ਹੋਵੇ, ਇਹ ਸਾਰੇ ਤਿਉਹਾਰ ਸਾਂਝੇ ਤੌਰ ’ਤੇ ਮਨਾਏ ਜਾਂਦੇ ਹਨ। ਪੰਜਾਬ ਦੀ ਮਿੱਟੀ ਨੇ ਹਮੇਸ਼ਾ ਭਾਈਚਾਰੇ, ਸਾਂਝ ਤੇ ਪਰਸਪਰ ਸਤਿਕਾਰ ਦੀ ਖੁਸ਼ਬੂ ਫੈਲਾਈ ਹੈ। ਇਸ ਧਰਤੀ ਨੂੰ ਵੰਡਣ ਦੀ ਕੋਸ਼ਿਸ਼ ਕਦੇ ਕਾਮਯਾਬ ਨਹੀਂ ਹੋਈ। ਸਰਬਜੀਤ ਰਾਜ ਨੇ ਇਹ ਵੀ ਕਿਹਾ ਕਿ ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਆਪਣੇ ਧਰਮ ਦੀ ਪਾਲਣਾ, ਪ੍ਰਚਾਰ ਤੇ ਪ੍ਰਸਾਰ ਦੀ ਪੂਰੀ ਆਜ਼ਾਦੀ ਦਿੰਦਾ ਹੈ। ਇਸ ਪ੍ਰਸੰਗ ਵਿਚ, ਉੱਚ ਅਹੁਦੇ ’ਤੇ ਬੈਠੇ ਜ਼ਿੰਮੇਵਾਰ ਗ੍ਰਹਿ ਮੰਤਰੀ ਵੱਲੋਂ ਬਿਨਾਂ ਢੁਕਵੇਂ ਅੰਕੜਿਆਂ ਦੇ ਇਸ ਤਰ੍ਹਾਂ ਦੇ ਬਿਆਨ ਦੇਣਾ ਨਾ ਸਿਰਫ਼ ਮੰਦਭਾਗਾ ਹੈ, ਬਲਕਿ ਅਣਉਚਿਤ ਵੀ ਹੈ। ਉਨ੍ਹਾਂ ਨੇ ਆਗਾਮੀ ਜਾਤੀ ਜਨਗਣਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਸਲ ਤਸਵੀਰ ਅੰਕੜਿਆਂ ਨਾਲ ਸਾਫ਼ ਹੋ ਜਾਵੇਗੀ ਕਿ ਕਿਸ ਧਰਮ ਦੀ ਗਿਣਤੀ ਕਿੰਨੀ ਹੈ। ਉਸ ਤੋਂ ਪਹਿਲਾਂ ਅਜਿਹੇ ਬਿਆਨ ਦੋ ਫਿਰਕਿਆਂ ਵਿਚ ਪਾੜ ਪਾਉਣ ਵਾਲੇ ਲੱਗਦੇ ਹਨ। ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਲੋਕ ਇਹ ਗੱਲ ਭਲੀਭਾਂਤੀ ਜਾਣਦੇ ਹਨ ਕਿ ਬਿਨਾਂ ਸਬੂਤਾਂ ਦੇ ਕੀਤੇ ਗਏ ਸ਼ਬਦੀ ਹਮਲੇ ਸਿਰਫ਼ ਚੋਣ ਮੰਚਾਂ ਦੀ ਰੌਣਕ ਵਧਾਉਂਦੇ ਹਨ, ਸਮਾਜ ਦੀ ਭਲਾਈ ਨਹੀਂ ਕਰਦੇ। ਪੰਜਾਬ ਦਾ ਇਤਿਹਾਸ ਤੇ ਵਰਤਮਾਨ ਦੋਵੇਂ ਇਹ ਦਰਸਾਉਂਦੇ ਹਨ ਕਿ ਇਥੇ ਲੋਕ ਵੰਡ ਦੀ ਨਹੀਂ, ਏਕਤਾ ਦੀ ਰਾਜਨੀਤੀ ਨੂੰ ਤਰਜੀਹ ਦਿੰਦੇ ਹਨ। ਉੱਚ ਅਹੁਦਿਆਂ ’ਤੇ ਬੈਠੇ ਨੇਤਾਵਾਂ ਨੂੰ ਵੀ ਆਪਣੇ ਸ਼ਬਦਾਂ ਦੀ ਗੰਭੀਰਤਾ ਤੇ ਪ੍ਰਭਾਵ ਨੂੰ ਸਮਝਦਿਆਂ ਬਿਆਨ ਦੇਣੇ ਚਾਹੀਦੇ ਹਨ ਕਿਉਂਕਿ ਸ਼ਬਦ ਸਿਰਫ਼ ਆਵਾਜ਼ ਨਹੀਂ ਹੁੰਦੇ, ਉਹ ਸਮਾਜਿਕ ਮਾਹੌਲ ਨੂੰ ਘੜਦੇ ਵੀ ਹਨ।