ਡੀਸੀ ਚੌਕ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਾੜਿਆ ਪੁਤਲਾ
ਅਮਿਤ ਸ਼ਾਹ ਮੁੱਦਿਆਂ ਤੋਂ ਧਿਆਨ ਭਟਕਾਉਣ ਅਤੇ ਵੋਟਾਂ ਦਾ ਧਰੁਵੀਕਰਨ ਕਰਨ ਲਈ ਦੇ ਰਹੇ ਫਿਰਕੂ ਬਿਆਨ: ਲਾਰੈਂਸ ਚੌਧਰੀ
Publish Date: Tue, 24 Mar 2026 09:49 PM (IST)
Updated Date: Tue, 24 Mar 2026 09:52 PM (IST)

--ਸ਼ਾਹ ਜਾਣਬੁੱਝ ਕੇ ਦੇ ਰਹੇ ਫਿਰਕੂ ਬਿਆਨ : ਲਾਰੈਂਸ ਚੌਧਰੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੋਗਾ ਰੈਲੀ ਦੌਰਾਨ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਬਣਾਉਣ ਬਾਰੇ ਦਿੱਤੇ ਗਏ ਗੈਰ-ਸੰਵਿਧਾਨਕ ਬਿਆਨ ਦੇ ਵਿਰੋਧ ਵਿਚ, ਸੀਐੱਨਐੱਫ ਕਪੂਰਥਲਾ ਨੇ ਪਾਸਟਰ ਕੁਲਵੰਤ ਸੂਬਾ ਸਕੱਤਰ ਦੀ ਅਗਵਾਈ ਵਿਚ ਤੇ ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਦੇ ਸਹਿਯੋਗ ਨਾਲ ਡੀਸੀ ਚੌਕ ਕਪੂਰਥਲਾ ਵਿਖੇ ਪ੍ਰਦਰਸ਼ਨ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਸਾੜਿਆ। ਪ੍ਰਦਰਸ਼ਨਕਾਰੀਆਂ ਨੇ ਮਨੁਵਾਦੀ ਅਮਿਤ ਸ਼ਾਹ ਮੁਰਦਾਬਾਦ, ਸੰਵਿਧਾਨ ਵਿਰੋਧੀ ਤੇ ਪੰਜਾਬ ਵਿਰੋਧੀ ਅਮਿਤ ਸ਼ਾਹ ਮੁਰਦਾਬਾਦ ਤੇ ਬਹੁਜਨ ਏਕਤਾ ਜ਼ਿੰਦਾਬਾਦ ਵਰਗੇ ਨਾਅਰੇ ਲਗਾਏ। ਮੀਡੀਆ ਨਾਲ ਗੱਲ ਕਰਦੇ ਹੋਏ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਭਾਰਤ ਇਕ ਲੋਕਤੰਤਰੀ ਦੇਸ਼ ਹੈ ਤੇ ਸੰਵਿਧਾਨ ਦੇ ਤਹਿਤ ਦੇਸ਼ ਦੀਆਂ ਚਾਰ ਸੰਸਥਾਵਾਂ ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ ਤੇ ਮੀਡੀਆ ਇਸਦੇ ਮੁੱਖ ਥੰਮ੍ਹ ਹਨ। ਅਮਿਤ ਸ਼ਾਹ ਦੱਸਣ ਕਿ ਕੀ ਉਹ ਇਨ੍ਹਾਂ ਸੰਸਥਾਵਾਂ ਤੋਂ ਉੱਪਰ ਹਨ ਜੋ ਕੋਈ ਵੀ ਬਿਆਨ ਦੇ ਸਕਦੇ ਹਨ। ਉਨ੍ਹਾਂ ਧਰਮ ਪਰਿਵਰਤਨ ਵਿਰੁੱਧ ਬਿਆਨ ਦੀ ਸਖ਼ਤ ਨਿੰਦਾ ਕੀਤੀ, ਜਿਸਦਾ ਉਦੇਸ਼ ਈਸਾਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਸੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ, ਉਹ ਪਹਿਲਾਂ ਵੀ ਕਈ ਵਾਰ ਧਰਮ ਪਰਿਵਰਤਨ ਵਿਰੋਧੀ ਬਿਆਨ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਚੰਡੀਗੜ੍ਹ ਨੂੰ ਪੰਜਾਬ ਵਿਚ ਤਬਦੀਲ ਕਰਨ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਮੁੱਦਿਆਂ ਤੋਂ ਧਿਆਨ ਹਟਾਉਣ ਤੇ ਵੋਟਾਂ ਦਾ ਧਰੁਵੀਕਰਨ ਕਰਨ ਲਈ ਅਜਿਹੇ ਨੀਵੇਂ ਪੱਧਰ ਦੇ ਬਿਆਨ ਦੇ ਕੇ ਉਹ ਨਾ ਸਿਰਫ਼ ਗ੍ਰਹਿ ਮੰਤਰੀ ਦੇ ਅਹੁਦੇ ਦੀ ਸ਼ਾਨ ਨੂੰ ਨੁਕਸਾਨ ਪਹੁੰਚਾ ਰਹੇ ਹਨ, ਸਗੋਂ ਸੰਵਿਧਾਨ ਦਾ ਵੀ ਅਪਮਾਨ ਕਰ ਰਹੇ ਹਨ। ਅਮਿਤ ਸ਼ਾਹ ਨੂੰ ਆਪਣੇ ਗੈਰ-ਜ਼ਿੰਮੇਵਾਰਾਨਾ ਤੇ ਗੈਰ-ਸੰਵਿਧਾਨਕ ਬਿਆਨ ਲਈ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਰੇ ਵਿਚ ਪਾਉਣ, ਘੱਟ ਗਿਣਤੀਆਂ ਨੂੰ ਡਰਾਉਣ ਤੇ ਸੰਵਿਧਾਨਕ ਆਜ਼ਾਦੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਰਾਜਵਿੰਦਰ ਸਿੰਘ ਮਿੱਠਾ, ਬਲਦੇਵ ਰਾਜ ਅਟਵਾਲ, ਅਰੁਣਵੀਰ ਅਟਵਾਲ, ਵੰਸ਼, ਸਨੀ ਖੋਸਲਾ, ਗੌਰਵ, ਮਨਜੀਤ ਕੁਮਾਰ, ਵਿਕਰਮ ਪਾਲ, ਰਵੀ ਕੁਮਾਰ, ਥਾਮਸ, ਅਨਿਲ ਕੁਮਾਰ, ਰਾਕੇਸ਼ ਕੁਮਾਰ, ਜਰਨੈਲ, ਮੰਗਾ,ਅਨੋਸ, ਜਸ਼ਨ, ਗਗਨ, ਵਿਜੇ, ਗੌਤਮ, ਪਾਸੋ, ਕੁਲਵੰਤ ਆਦਿ ਮੌਜੂਦ ਸਨ।