- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਕਸੀਕੋ ਦਾ ਬਾਰਡਰ ਪਾਰ

ਮੈਕਸੀਕੋ ਦਾ ਬਾਰਡਰ ਪਾਰ ਕਰਦਿਆਂ ਅਮਰੀਕਨ ਪੁਲਿਸ ਨੇ ਫੜਿਆ
ਦੋ ਟਰੈਵਲ ਏਜੰਟਾਂ ਵਿਰੁੱਧ ਕੇਸ ਦਰਜ, 47.75 ਲੱਖ ਠੱਗੇ
ਜਾਸੰ, ਸੁਲਤਾਨਪੁਰ ਲੋਧੀ : ਟਰੈਵਲ ਏਜੰਟ ਸਾਂਢੂ ਨੇ ਆਪਣੇ ਰਿਸ਼ਤੇਦਾਰ ਨੂੰ ਵੀ ਨਹੀਂ ਬਖ਼ਸ਼ਿਆ। ਅਮਰੀਕਾ ਦੀ ਸਿੱਧੀ ਫਲਾਈਟ ਕਰਵਾਉਣ ਦੀ ਬਜਾਏ ਜੇਲ੍ਹ ਪਹੁੰਚਾ ਦਿੱਤਾ, ਜਿਥੋਂ ਸੱਤ ਮਹੀਨਿਆਂ ਬਾਅਦ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਤੇ 47.75 ਲੱਖ ਰੁਪਏ ਵੀ ਠੱਗ ਲਏ। ਟਰੈਵਲ ਏਜੰਟ ਨੇ ਮੈਕਸੀਕੋ ਤੋਂ ਪੀੜਤ ਨੂੰ ਜਬਰੀ ਬਾਰਡਰ ਪਾਰ ਕਰਵਾ ਦਿੱਤਾ, ਜਿਥੇ ਅਮਰੀਕਨ ਪੁਲਿਸ ਨੇ ਉਸ ਨੂੰ ਫੜ ਲਿਆ ਤੇ ਜੇਲ੍ਹ ’ਚ ਸੁੱਟ ਦਿੱਤਾ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਦੋ ਟਰੈਵਲ ਏਜੰਟਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੂੰ ਦਿੱਤੀ ਸ਼ਿਕਾਇਤ ’ਚ ਜਗਤਾਰ ਸਿੰਘ ਵਾਸੀ ਪਿੰਡ ਜੈਨਪੁਰ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰੀ ’ਚ ਸਾਂਢੂ ਜੋਗਾ ਸਿੰਘ ਵਾਸੀ ਪਿੰਡ ਮਸੀਤਾਂ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਜੋਗਾ ਸਿੰਘ ਨੇ ਦੱਸਿਆ ਕਿ ਉਹ ਉਸ ਨੂੰ ਸਿੱਧੀ ਫਲਾਈਟ ਤੋਂ ਅਮਰੀਕਾ ਭੇਜ ਸਕਦਾ ਹੈ। ਇਸ ’ਤੇ ਜੁਲਾਈ 2024 ’ਚ ਉਸ ਨੇ ਜੋਗਾ ਸਿੰਘ ਤੋਂ 50 ਲੱਖ ਰੁਪਏ ’ਚ ਗੱਲ ਤੈਅ ਕਰ ਲਈ ਤੇ ਉਸ ਨੇ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਲੈਣ ਦੀ ਗੱਲ ਕਹੀ ਤੇ ਉਸ ਦਾ ਪਾਸਪੋਰਟ ਲੈ ਲਿਆ। ਕੁਝ ਦਿਨਾਂ ਬਾਅਦ ਜੋਗਾ ਸਿੰਘ ਨੇ ਉਸ ਨੂੰ ਵੀਜ਼ਾ ਦੀ ਕਾਪੀ ਦਿਖਾਈ ਤੇ 5 ਸਤੰਬਰ 2024 ਤੋਂ ਉਸ ਨੇ ਵੱਖ-ਵੱਖ ਤਰੀਕਾਂ ’ਚ ਜੋਗਾ ਸਿੰਘ ਤੇ ਜਗਜੀਤ ਸਿੰਘ ਭੁੱਲਰ ਵਾਸੀ ਜਲੰਧਰ ਨੂੰ 47.65 ਲੱਖ ਰੁਪਏ ਦੀ ਰਕਮ ਦਿੱਤੀ। ਰਕਮ ਲੈਣ ਤੋਂ ਬਾਅਦ 12 ਸਤੰਬਰ 2024 ਨੂੰ ਜੋਗਾ ਸਿੰਘ ਨੇ ਉਸ ਦੀ ਦਿੱਲੀ ਤੋਂ ਫਰਾਂਸ ਲਈ ਫਲਾਈਟ ਕਰਵਾ ਦਿੱਤੀ। ਜਗਤਾਰ ਸਿੰਘ ਨੇ ਫਰਾਂਸ ਤੋਂ ਅੱਗੇ ਦੀ ਫਲਾਈਟ ਸਪੇਨ ਤੇ ਅੱਗੇ ਅਲਸਲਵਾਡੋਰ ਦੀ ਕਰਵਾ ਦਿੱਤੀ। ਜਦ ਜਗਤਾਰ ਸਿੰਘ ਅਲਸਲਵਾਡੋਰ ਪਹੁੰਚਿਆ ਤਾਂ ਉਸ ਤੋਂ 1000 ਡਾਲਰ ਲੈ ਲਏ। ਇਸ ਤੋਂ ਬਾਅਦ ਉਸ ਨੂੰ ਗੱਡੀ ’ਚ ਬਿਠਾ ਕੇ ਗਵਾਟੇਮਾਲਾ ਸ਼ਹਿਰ ਦੇ ਬਾਹਰ ਉਤਾਰ ਦਿੱਤਾ। ਇਥੇ ਪਹਿਲਾਂ ਤੋਂ ਮੌਜੂਦ ਇਕ ਆਦਮੀ ਉਸ ਨੂੰ ਤਿੰਨ ਘੰਟੇ ਪੈਦਲ ਚਲਵਾ ਕੇ ਲੈ ਗਿਆ ਤੇ ਫਿਰ ਇਕ ਗੱਡੀ ਆਈ, ਜਿਸ ’ਚ 60-70 ਬੰਦੇ ਬੈਠੇ ਸਨ। ਗੱਡੀ ਚਾਲਕ ਨੇ ਉਸ ਨੂੰ ਜੰਗਲ ’ਚ ਛੱਡ ਦਿੱਤਾ, ਜਿਥੇ ਉਹ ਲਗਪਗ 15 ਦਿਨ ਭਟਕਦਾ ਰਿਹਾ। ਉਸ ਨੂੰ ਸਮਝ ਆ ਗਈ ਕਿ ਉਸ ਦਾ ਸਾਂਢੂ ਉਸ ਨੂੰ ਗਲਤ ਢੰਗ ਨਾਲ ਅਮਰੀਕਾ ਭੇਜ ਰਿਹਾ ਹੈ।
ਜਗਤਾਰ ਸਿੰਘ ਨੇ ਦੱਸਿਆ ਕਿ ਅਜੇ ਉਹ ਗਵਾਟੇਮਾਲਾ ਦੇ ਜੰਗਲ ’ਚ ਰਹੀ ਸੀ ਕਿ ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬਣ ਗਏ ਤੇ ਉਸ ਨੇ ਸਖਤੀ ਕਰ ਦਿੱਤੀ। ਇਸ ’ਤੇ ਉਸ ਨੇ ਜੋਗਾ ਸਿੰਘ ਨੂੰ ਕਿਹਾ ਕਿ ਉਸ ਨੂੰ ਵਾਪਸ ਭੇਜ ਦਿੱਤਾ ਜਾਵੇ ਪਰ ਉਸ ਨੇ ਡੋਂਕਰਾਂ ਰਾਹੀਂ ਉਸ ਨੂੰ ਮੈਕਸੀਕੋ ਤੋਂ ਅਮਰੀਕਾ ’ਚ ਭੇਜ ਦਿੱਤਾ। ਉਥੇ ਬਾਰਡਰ ਕਰਾਸ ਕਰਦੇ ਸਮੇਂ ਅਮਰੀਕੀ ਪੁਲਿਸ ਨੇ ਉਸ ਨੂੰ ਫੜ ਲਿਆ ਤੇ ਕੈਂਪ (ਜੇਲ੍ਹ) ’ਚ ਸੁੱਟ ਦਿੱਤਾ। 7 ਮਹੀਨੇ ਉਥੇ ਪਰੇਸ਼ਾਨ ਰਹਿਣ ਤੋਂ ਬਾਅਦ 18 ਜੁਲਾਈ 2025 ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ। ਭਾਰਤ ਆਉਣ ’ਤੇ ਉਸ ਨੇ ਜੋਗਾ ਸਿੰਘ ਤੋਂ ਰਕਮ ਵਾਪਸ ਮੰਗੀ ਤਾਂ ਪਹਿਲਾਂ ਉਹ ਬਹਾਨੇ ਬਣਾਉਂਦਾ ਰਿਹਾ ਫਿਰ ਰਕਮ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਤੇ ਉਸ ਨੂੰ ਧਮਕਾਉਣ ਲੱਗਾ। ਇਸ ’ਤੇ ਉਸ ਨੇ ਪੁਲਿਸ ’ਚ ਸ਼ਿਕਾਇਤ ਦਿੱਤੀ। ਐੱਸਐੱਸਪੀ ਨੇ ਡੀਏ ਲੀਗਲ ਦੀ ਸਲਾਹ ਤੋਂ ਬਾਅਦ ਥਾਣਾ ਸੁਲਤਾਨਪੁਰ ਲੋਧੀ ’ਚ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ, ਜਿਸ ਦੇ ਆਧਾਰ ’ਤੇ ਥਾਣਾ ਸੁਲਤਾਨਪੁਰ ਲੋਧੀ ’ਚ ਜੋਗਾ ਸਿੰਘ ਤੇ ਜਗਜੀਤ ਸਿੰਘ ਭੁੱਲਰ ਵਿਰੁੱਧ ਬੀਐੱਨਐੱਸ-13 ਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2014 ਦੇ ਤਹਿਤ ਕੇਸ ਦਰਜ ਕਰ ਲਿਆ। ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ।