ਪੌਣੇ 2 ਸਾਲਾ ਬੱਚੀ ਨੇ ਕਰ ਦਿਖਾਇਆ ਹੈਰਾਨੀਜਨਕ ਕਾਰਨਾਮਾ
ਸਿਰਫ਼ 1 ਸਾਲ 10 ਮਹੀਨੇ ਦੀ ਉਮਰ ‘ਚ ਕਰ ਦਿਖਾਇਆ ਹੈਰਾਨੀਜਨਕ ਕਾਰਨਾਮਾ
Publish Date: Mon, 13 Apr 2026 07:27 PM (IST)
Updated Date: Tue, 14 Apr 2026 04:10 AM (IST)

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਫਗਵਾੜਾ ਦੀ ਧੀ ਵਰਿਹਾ ਹਾਂਡਾ ਨੇ ਬਹੁਤ ਛੋਟੀ ਉਮਰ ਵਿੱਚ ਇੱਕ ਅਜਿਹਾ ਕਾਰਨਾਮਾ ਕੀਤਾ ਹੈ ਜੋ ਹਰ ਕਿਸੇ ਦੇ ਦਿਲ ਨੂੰ ਖੁਸ਼ੀ ਨਾਲ ਭਰ ਦੇਵੇਗਾ। ਸਿਰਫ਼ 1 ਸਾਲ ਅਤੇ 10 ਮਹੀਨੇ ਦੀ ਉਮਰ ਵਿੱਚ, ਵਰਿਹਾ ਨੇ ਇੰਡੀਆ ਬੁੱਕ ਆਫ਼ ਰਿਕਾਰਡਜ਼ (ਆਈ.ਬੀ.ਆਰ.) ਵਿੱਚ ਆਪਣਾ ਨਾਮ ਦਰਜ ਕਰਵਾ ਕੇ ਪਰਿਵਾਰ ਅਤੇ ਸ਼ਹਿਰ ਨੂੰ ਮਾਣ ਮਹਿਸੂਸ ਕਰਵਾਇਆ ਹੈ। ਵਰਿਹਾ ਦੇ ਮਾਤਾ, ਸ਼ਿਵਾਨੀ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਅੱਠ ਵੱਖ-ਵੱਖ ਸ਼੍ਰੇਣੀਆਂ ਵਿੱਚ ਆਪਣੀ ਅਸਾਧਾਰਨ ਪਛਾਣ ਯੋਗਤਾ ਦਾ ਪ੍ਰਦਰਸ਼ਨ ਕਰਕੇ ਇਹ ਕਾਰਨਾਮਾ ਕੀਤਾ ਹੈ। ਇੰਨੀ ਛੋਟੀ ਉਮਰ ਵਿੱਚ ਵਰਿਹਾ ਦੀ ਯਾਦਦਾਸ਼ਤ ਤੇ ਸਿੱਖਣ ਦੀ ਗਤੀ ਹੈਰਾਨ ਕਰਨ ਵਾਲੀ ਹੈ। ਵਰਿਹਾ ਦੇ ਪਿਤਾ ਪੁਨੀਤ ਹਾਂਡਾ (ਹਾਂਡਾ ਮੈਡੀਕਲ ਹਾਲ) ਨੇ ਦੱਸਿਆ ਕਿ ਉਨ੍ਹਾਂ ਨੇ ਵਰਿਹਾ ਦੀਆਂ ਗਤੀਵਿਧੀਆਂ ਦੇ ਵੀਡੀਓ ਰਿਕਾਰਡ ਕੀਤੇ ਤੇ ਉਨ੍ਹਾਂ ਨੂੰ ਆਈ.ਬੀ.ਆਰ. ਨੂੰ ਭੇਜਿਆ, ਜਿਸ ਤੋਂ ਬਾਅਦ ਉਸਦੀ ਪ੍ਰਤਿਭਾ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦਿੱਤੀ ਗਈ ਤੇ ਉਸਨੂੰ ਰਿਕਾਰਡ ਬੁੱਕ ਵਿੱਚ ਸ਼ਾਮਲ ਕਰਦਿਆਂ ਸਰਟੀਫਿਕੇਟ, ਮੈਡਲ ਦੇ ਨਾਲ ਗਿਫਟ ਪੈਕ ਭੇਜ ਕੇ ਹੌਸਲਾ ਅਫਜਾਈ ਕੀਤੀ ਗਈ। ਵਰਿਹਾ ਦੀਆਂ ਪ੍ਰਾਪਤੀਆਂ ਵਿੱਚ ਅੰਗਰੇਜ਼ੀ ਵਰਣਮਾਲਾ ਨੂੰ ਪਛਾਣਨਾ, ਆਵਾਜਾਈ ਦੇ ਪੰਜ ਸਾਧਨਾਂ ਦੀ ਪਛਾਣ ਕਰਨਾ, ਨੌਂ ਵੱਖ-ਵੱਖ ਆਕਾਰਾਂ ਨੂੰ ਪਛਾਣਨਾ, ਰੰਗਾਂ ਦੀ ਪਹਿਚਾਣ, ਸਰੀਰ ਦੇ 15 ਅੰਗਾਂ ਦੀ ਪਛਾਣ ਕਰਨਾ ਸਮੇਤ ਅੱਠ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਹੈ। ਇੰਨੀ ਛੋਟੀ ਉਮਰ ਵਿੱਚ ਇਹ ਪ੍ਰਾਪਤੀ ਨਾ ਸਿਰਫ਼ ਉਸਦੇ ਪਰਿਵਾਰ ਲਈ ਸਗੋਂ ਪੂਰੇ ਫਗਵਾੜਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ।