ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ : ਡੀਐੱਸਪੀ
ਸਮਾਜ ਸੇਵਾ ਦੇ ਨਾਲ ਸਕੂਲੀ ਵਿਿਦਆਰਥੀਆਂ ਨੂੰ ਵੀ ਕੀਤਾ ਜਾਵੇ ਖੇਡਾਂ ਪ੍ਰਤੀ ਉਤਸ਼ਾਹਿਤ : ਡੀ.ਐਸ.ਪੀ. ਕਰਮਜੀਤ ਕੌਰ
Publish Date: Sun, 01 Feb 2026 07:27 PM (IST)
Updated Date: Sun, 01 Feb 2026 07:28 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਹਿਊਮਨ ਰਾਈਟਸ ਕੌਂਸਲ ਇੰਡੀਆ ਦੇ ਸੂਬਾ ਸਕੱਤਰ ਅਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਦੇ ਸੈਂਟਰਲ ਟਾਊਨ ਫਗਵਾੜਾ ਸਥਿਤ ਦਫਤਰ ਕੰਗ ਇੰਟਰਪ੍ਰਾਈਜ਼ਿਜ਼ ਵਿਖੇ ਉਸ ਸਮੇਂ ਵਿਸ਼ੇਸ਼ ਮਾਹੌਲ ਬਣ ਗਿਆ ਜਦੋਂ ਡੀਐੱਸਪੀ ਪਟਿਆਲਾ ਕਰਮਜੀਤ ਕੌਰ ਉਨ੍ਹਾਂ ਦੇ ਨਾਲ ਸ਼ਿਸ਼ਟਾਚਾਰ ਮੁਲਾਕਾਤ ਕਰਨ ਲਈ ਪਹੁੰਚੇ। ਉਨ੍ਹਾਂ ਗੁਰਦੀਪ ਸਿੰਘ ਕੰਗ ਦੇ ਸਮਾਜਿਕ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਤੇ ਸਮਾਜਿਕ ਜਾਗਰੂਕਤਾ ਲਈ ਪੁਲਿਸ ਤੇ ਜਨਤਾ ਵਿਚਕਾਰ ਆਪਸੀ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਲਾਇਨ ਗੁਰਦੀਪ ਸਿੰਘ ਕੰਗ ਨੇ ਡੀਐੱਸਪੀ ਕਰਮਜੀਤ ਕੌਰ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਤੇ ਹਿਊਮਨ ਰਾਈਟਸ ਕੌਂਸਲ ਇੰਡੀਆ ਤੇ ਲਾਇਨਜ਼ ਇੰਟਰਨੈਸ਼ਨਲ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਸਮਾਜ ਸੇਵਾ, ਮਨੁੱਖੀ ਅਧਿਕਾਰਾਂ ਦੀ ਸੁਰੱਖਿਆ, ਮਹਿਲਾ ਸਸ਼ਕਤੀਕਰਨ, ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਉਪਰਾਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡੀਐੱਸਪੀ ਕਰਮਜੀਤ ਕੌਰ ਨੇ ਸਮਾਜ ਵਿਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਦਿਲੋਂ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਅੱਜ ਦੇ ਸਮੇਂ ਵਿਚ ਅਜਿਹੀਆਂ ਸਮਾਜਿਕ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਾਨੂੰਨ ਵਿਵਸਥਾ, ਸਮਾਜਿਕ ਜਾਗਰੂਕਤਾ ਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿਚ ਲਾਇਨਜ਼ ਵਰਗੀਆਂ ਸੰਸਥਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਕੂਲ ਪੱਧਰ ’ਤੇ ਖੇਡ ਕਿੱਟਾਂ ਤੇ ਹੋਰ ਸਮੱਗਰੀ ਵੰਡ ਕੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਨ ਦੇ ਯਤਨਾਂ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਦਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਤੇ ਜਨਤਾ ਤੱਕ ਸਮਾਜ ਸੇਵਾ ਫੈਲਾਉਣ ਦਾ ਕੰਮ ਬਹੁਤ ਸ਼ਲਾਘਾਯੋਗ ਹੈ। ਅਜਿਹੇ ਸਮਰਪਿਤ ਸਮਾਜ ਸੇਵਕ ਸਮਾਜ ਵਿਚ ਸਕਾਰਾਤਮਕ ਤਬਦੀਲੀ ਦੀ ਮਜ਼ਬੂਤ ਨੀਂਹ ਰੱਖਦੇ ਹਨ। ਗੁਰਦੀਪ ਸਿੰਘ ਕੰਗ ਨੇ ਡੀਐੱਸਪੀ ਕਰਮਜੀਤ ਕੌਰ ਵਰਗੀ ਸਮਰਪਿਤ ਪੁਲਿਸ ਅਧਿਕਾਰੀ ਦਾ ਸਵਾਗਤ ਕਰਨ ’ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਰੱਖਿਆ, ਸ਼ਾਂਤੀ, ਸਦਭਾਵਨਾ ਤੇ ਲੋੜਵੰਦਾਂ ਦੀ ਮਦਦ ਲਈ ਨਿਰੰਤਰ ਕੰਮ ਕਰਨਾ ਰਿਹਾ ਹੈ ਤੇ ਸੇਵਾ ਦੀ ਇਹ ਭਾਵਨਾ ਭਵਿੱਖ ਵਿਚ ਵੀ ਜਾਰੀ ਰਹੇਗੀ। ਇਸ ਮੌਕੇ ਸਮਾਜਿਕ ਸਰੋਕਾਰਾਂ ਤੇ ਜਨਤਕ ਹਿੱਤਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵੀ ਸਾਰਥਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਿਊਮਨ ਰਾਈਟਸ ਕੌਂਸਲ ਦੇ ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ, ਗੁਲਸ਼ਨ ਸ਼ਰਮਾ ਲੱਕੀ, ਵਿਜੇ ਅਰੋੜਾ, ਅਮਿਤ ਢੀਂਗਰਾ, ਹਰੀਸ਼ ਗੁਲਾਟੀ ਆਦਿ ਮੌਜੂਦ ਸਨ।