ਅੱਖਰ ਮੰਚ ਨੇ ਪੰਜਾਬੀ ਸ਼ਾਇਰ ਚਾਂਦ ਦਾ ਕੀਤਾ ਸਨਮਾਨ
ਅੱਖਰ ਮੰਚ ਵੱਲੋਂ ਪੰਜਾਬੀ ਸ਼ਾਇਰ ਕਵਿੰਦਰ ਚਾਂਦ ਨਾਲ ਰੂ-ਬਰੂ ਤੇ ਸਨਮਾਨ ਸਮਾਰੋਹ ਕਰਵਾਇਆ
Publish Date: Mon, 09 Feb 2026 06:59 PM (IST)
Updated Date: Mon, 09 Feb 2026 07:02 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕੈਨੇਡਾ ਦੇ ਸ਼ਹਿਰ ਸਰੀ ਤੋਂ ਪੰਜਾਬ ਆਏ ਪੰਜਾਬੀ ਸ਼ਾਇਰ ਕਵਿੰਦਰ ਚਾਂਦ ਨਾਲ ਅੱਖਰ ਮੰਚ ਕਪੂਰਥਲਾ ਵੱਲੋਂ ਰੂ-ਬ-ਰੂ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਪੰਜਾਬੀ ਦੇ ਸਮਰੱਥ ਕਵੀ ਪ੍ਰੋ. ਹਰਜੀਤ ਸਿੰਘ ਅਸ਼ਕ ਨੇ ਕੀਤੀ। ਸਮਾਗਮ ਦੇ ਸ਼ੁਰੂ ਵਿਚ ਅੱਖਰ ਮੰਚ ਦੇ ਸਰਪ੍ਰਸਤ ਪ੍ਰੋ. ਕੁਲਵੰਤ ਔਜਲਾ ਦੁਆਰਾ ਆਏ ਹੋਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨਾਲ ਕਵਿੰਦਰ ਚਾਂਦ ਦੇ ਜੀਵਨ ਸਫ਼ਰ ਤੇ ਕਾਵਿ-ਵਾਰਤਾ ਨਾਲ ਸਬੰਧਤ ਜਾਣਕਾਰੀ ਦਿੰਦਿਆ ਉਨ੍ਹਾਂ ਨੂੰ ਜੀ ਆਇਆ ਕਿਹਾ। ਸਮਾਗਮ ਵਿਚ ਕਵਿੰਦਰ ਚਾਂਦ ਨੇ ਜਿਥੇ ਆਪਣੀ ਸੱਜਰੀਆਂ ਕਵਿ-ਰਚਨਾਵਾਂ ਸਾਂਝੀਆਂ ਕੀਤੀਆਂ, ਉਥੇ ਆਪਣੀ ਸਾਹਿਤਕ ਯਾਤਰਾ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਪ੍ਰਵਾਸੀ ਜ਼ਿੰਦਗੀ ਦੇ ਬਦਲਦੇ ਪਰਿਪੇਖ ਬਾਰੇ ਵੀ ਭਾਵਪੂਰਤ ਸੰਵਾਦ ਰਚਾਇਆ। ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਪ੍ਰੋ. ਕੁਲਵੰਤ ਔਜਲਾ, ਪ੍ਰੋ. ਹਰਜੀਤ ਸਿੰਘ ਅਸ਼ਕ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਲਾਸਾਨੀ, ਮੰਗਲ ਸਿੰਘ ਭੰਡਾਲ ਤੇ ਡਾ. ਸਰਦੂਲ ਸਿੰਘ ਔਜਲਾ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਮੌਕੇ ਜਿਥੇ ਅੱਖਰ ਮੰਚ ਵੱਲੋਂ ਸ਼ਾਇਰ ਕਵਿੰਦਰ ਚਾਂਦ ਦਾ ਸਨਮਾਨ ਕੀਤਾ ਗਿਆ, ਉਥੇ ਕੈਨੇਡਾ ਦੇ ਸ਼ਹਿਰ ਕੈਲਗਰੀ ਤੋਂ ਵਿਸ਼ੇਸ਼ ਤੌਰ ’ਤੇ ਸਮਾਗਮ ਵਿਚ ਪਹੁੰਚੇ ਗੁਰਮੀਤ ਸਿੰਘ ਸੰਗੋਜਲਾ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਵਿਚ ਆਰਟਿਸਟ ਜਸਬੀਰ ਸਿੰਘ ਸੰਧੂ, ਬਾਬਾ ਨਿਰਮਲ ਸਿੰਘ ਸਪੇਨ, ਰਾਜਵੰਤ ਸਿੰਘ ਡੱਬ, ਐਡਵੋਕੇਟ ਖਲਾਰ ਸਿੰਘ ਧੰਮ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਮੰਚ ਦੇ ਪ੍ਰਧਾਨ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਨੇ ਜਿਥੇ ਆਪਣੀ ਨਵੀਂ ਨਜ਼ਮ ਸਾਂਝੀ ਕੀਤੀ, ਉਥੇ ਅੱਖਰ ਮੰਚ ਦੀਆਂ ਸਾਹਿਤਕ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਆਏ ਮਹਿਮਾਨਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।