ਨਵ-ਨਿਯੁਕਤ ਏਡੀਸੀ (ਜ) ਕਪੂਰਥਲਾ ਬੱਲ ਦਾ ਸਨਮਾਨ
ਅੱਖਰ ਮੰਚ ਵੱਲੋਂ ਨਵ-ਨਿਯੁਕਤ ਵਧੀਕ ਡਿਪਟੀ ਕਮਿਸ਼ਨਰ (ਜ) ਕਪੂਰਥਲਾ ਸਕੱਤਰ ਸਿੰਘ ਬੱਲ ਦਾ ਸਨਮਾਨ
Publish Date: Tue, 21 Apr 2026 07:53 PM (IST)
Updated Date: Tue, 21 Apr 2026 07:58 PM (IST)

ਮੈਂ ਕਪੂਰਥਲਾ ’ਚ ਅਦਬੀ ਕਲਚਰ ਪੈਦਾ ਕਰਨ ਲਈ ਪੂਰੀ ਲਗਨ ਨਾਲ ਯਤਨ ਕਰਾਂਗਾ : ਸਕੱਤਰ ਸਿੰਘ ਬੱਲ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਦੇ ਨਵੇਂ ਨਿਯੁਕਤ ਹੋਏ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕਪੂਰਥਲਾ ਸਕੱਤਰ ਸਿੰਘ ਬੱਲ ਪੀਸੀਐੱਸ ਨੂੰ ਜੀ ਆਇਆਂ ਕਹਿਣ ਲਈ ਅਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਅੱਖਰ ਮੰਚ ਕਪੂਰਥਲਾ ਦੀ ਪੂਰੀ ਅਦਬੀ ਟੀਮ ਮੰਚ ਦੇ ਪ੍ਰਧਾਨ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਦੀ ਅਗਵਾਈ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਪਹੁੰਚੀ। ਮੰਚ ਦੇ ਸਰਪ੍ਰਸਤ ਪ੍ਰੋ: ਕੁਲਵੰਤ ਸਿੰਘ ਔਜਲਾ, ਗੁਰਭਜਨ ਸਿੰਘ ਲਾਸਾਨੀ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਜਸਵਿੰਦਰ ਚਾਹਲ, ਐਡਵੋਕੇਟ ਖਲਾਰ ਸਿੰਘ ਧੰਮ, ਹਰਪਿੰਦਰ ਸਿੰਘ ਬਾਜਵਾ, ਆਰਟਿਸਟ ਜਸਬੀਰ ਸਿੰਘ ਸੰਧੂ, ਊਧਮ ਸਿੰਘ ਔਜਲਾ, ਬਲਜੀਤ ਸਿੰਘ ਬਾਜਵਾ ਸਾਬਕਾ ਸਰਪੰਚ ਦਬੂਲੀਆਂ, ਡਾ. ਸਰਦੂਲ ਸਿੰਘ ਔਜਲਾ ਅਤੇ ਮੰਚ ਪ੍ਰਧਾਨ ਸਰਵਣ ਸਿੰਘ ਔਜਲਾ ਨੇ ਰਲ ਕੇ ਸਕੱਤਰ ਸਿੰਘ ਬੱਲ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਖੁਸ਼ਆਮਦੀਦ ਕਹੀ ਅਤੇ ਦਸਤਾਰ ਭੇਂਟ ਕਰਕੇ ਸਨਮਾਨਤ ਕੀਤਾ। ਇਸ ਮੌਕੇ ਬੋਲਦਿਆਂ ਸਕੱਤਰ ਸਿੰਘ ਬੱਲ ਨੇ ਕਿਹਾ ਕਿ ਕਪੂਰਥਲਾ ਮੇਰਾ ਆਪਣਾ ਸ਼ਹਿਰ ਹੈ। ਮੈਂ ਇੱਥੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਕਈ ਸਾਲ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ ਵਜੋਂ ਕਾਰਜ ਕੀਤਾ ਹੈ। ਕਾਲਜ ਦੇ ਅਦਬੀ ਮਾਹੌਲ ਨੇ ਮੈਨੂੰ ਅਦਬ ਨਾਲ ਜੋੜਿਆ। ਮੈਂ ਪੂਰੀ ਤਨਦੇਹੀ ਨਾਲ ਇੱਥੇ ਅਦਬ ਕਲਚਰ ਪੈਦਾ ਕਰਨ ਲਈ ਯਤਨ ਕਰਾਂਗਾ। ਪ੍ਰੋ: ਕੁਲਵੰਤ ਸਿੰਘ ਔਜਲਾ ਨੇ ਕਿਹਾ ਕਿ ਸਠਿਆਲੇ ਪਿੰਡ ਦੇ ਜੰਮਪਲ ਸਕੱਤਰ ਸਿੰਘ ਬੱਲ ਉਨ੍ਹਾਂ ਪੇਂਡੂ ਨੌਜਵਾਨ ਬੱਚਿਆਂ ਲਈ ਪ੍ਰੇਰਨਾ ਸ੍ਰੋਤ ਹਨ ਜੋ ਮਿਹਨਤ ਤੇ ਲਗਨ ਨਾਲ ਤਰੱਕੀ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਤੇ ਮੰਗਲ ਸਿੰਘ ਭੰਡਾਲ ਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਹ ਸਾਡੇ ਪਰਿਵਾਰ ਦੇ ਮੈਂਬਰ ਹਨ। ਸੰਬੋਧਨ ਕਰਦਿਆਂ ਸਰਵਣ ਸਿੰਘ ਔਜਲਾ ਨੇ ਕਿਹਾ ਕਿ ਅੱਖਰ ਮੰਚ ਦੇ ਬਹੁਤ ਸਾਰੇ ਸਮਾਗਮਾਂ ਵਿਚ ਸਕੱਤਰ ਸਿੰਘ ਬੱਲ ਸ਼ਿਰਕਤ ਕਰਦੇ ਰਹੇ ਹਨ। ਅਸੀਂ ਹੁਣ ਵੀ ਉਨ੍ਹਾਂ ਦੀ ਅਗਵਾਈ ਵਿਚ ਅੱਖਰ ਮੰਚ ਵੱਲੋਂ ਸਮਾਗਮ ਉਲੀਕਾਂਗੇ। ਇਸ ਮੌਕੇ ਪ੍ਰਸਿੱਧ ਲੇਖਕ ਡਾ. ਗੁਰਬਖਸ਼ ਸਿੰਘ ਭੰਡਾਲ, ਹਰਜਿੰਦਰ ਸਿੰਘ ਔਜਲਾ ਤੇ ਬਾਬਾ ਨਿਰਮਲ ਸਿੰਘ ਸਪੇਨ ਨੇ ਵੀ ਖੁਸ਼ੀ ਦੇ ਸੁਨੇਹੇ ਭੇਜੇ ਹਨ।