ਅੱਖਰ ਮੰਚ ਨੇ ਮੁੱਖ ਅਧਿਆਪਕ ਬਾਜਵਾ ਦਾ ਕੀਤਾ ਸਨਮਾਨ
ਅੱਖਰ ਮੰਚ ਵੱਲੋਂ ਸੇਵਾ ਮੁਕਤੀ ਦੇ ਸ਼ੁਭ ਮੌਕੇ ਮੁੱਖ ਅਧਿਆਪਕ ਹਰਪਿੰਦਰ ਸਿੰਘ ਬਾਜਵਾ ਦਾ ਸਨਮਾਨ
Publish Date: Sat, 04 Apr 2026 08:30 PM (IST)
Updated Date: Sat, 04 Apr 2026 08:31 PM (IST)

--- ਮੈਂ ਸੇਵਾ ਮੁਕਤੀ ਤੋਂ ਬਾਅਦ ਵੀ ਸਰਗਰਮ ਤੇ ਸੁਪਨਸਾਜ਼ ਰਹਿਣਾ ਚਾਹੁੰਦਾ ਹਾਂ : ਬਾਜਵਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਖਰ ਮੰਚ ਦੇ ਸਰਗਰਮ ਮੈਂਬਰ ਹਰਪਿੰਦਰ ਸਿੰਘ ਬਾਜਵਾ ਦੀ ਸੇਵਾ ਮੁਕਤੀ ਦੇ ਮੌਕੇ ਅੱਖਰ ਮੰਚ ਵੱਲੋਂ ਭਾਵ ਪੂਰਤ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਅੱਖਰ ਮੰਚ ਦੇ ਪ੍ਰਧਾਨ ਨੈਸ਼ਨਲ ਐਵਾਰਡੀ ਸਰਵਨ ਸਿੰਘ ਔਜਲਾ ਨੇ ਹਰਪਿੰਦਰ ਸਿੰਘ ਬਾਜਵਾ ਨੂੰ ਵਿਦਿਆ ਵਿਭਾਗ ਦਾ ਸਿਆਣਾ ਤੇ ਸਫਲ ਮੁੱਖ ਅਧਿਆਪਕ ਦੱਸਿਆ, ਜਿਸ ਨੇ ਵਿਦਿਅਕ ਸੇਵਾ ਦੇ ਨਾਲ-ਨਾਲ ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰਸ ਫਰੰਟ ਤੇ ਸਾਹਿਤਕ ਸੰਸਥਾ ਅੱਖਰ ਮੰਚ ਨਾਲ ਜੁੜ ਕੇ ਮੋਢੀ ਜ਼ਿੰਮੇਵਾਰੀਆਂ ਨਿਭਾਈਆਂ। ਉਨ੍ਹਾਂ ਕਿਹਾ ਕਿ ਚੰਗੇ ਇਨਸਾਨ, ਚੰਗੇ ਅਧਿਆਪਕ ਤੇ ਚੰਗੇ ਸੁਪਨਸਾਜ਼ ਵਜੋਂ ਹਰਪਿੰਦਰ ਸਿੰਘ ਬਾਜਵਾ ਦਾ ਸਨਮਾਨ ਅਸਲ ਵਿਚ ਅੱਖਰ ਮੰਚ ਦਾ ਸਨਮਾਨ ਹੈ। ਇਸ ਮੌਕੇ ਐਡਵੋਕੇਟ ਪਰਮਜੀਤ ਸਿੰਘ ਨੇ ਹਰਪਿੰਦਰ ਸਿੰਘ ਬਾਜਵਾ ਨੂੰ ਆਪਣਾ ਬਹੁਤ ਪਿਆਰਾ ਮਿੱਤਰ ਆਖਿਆ ਜੋ ਹਰ ਦੁੱਖ-ਸੁੱਖ ਵਿਚ ਮੇਰਾ ਸਾਥੀ ਰਿਹਾ। ਜਸਵਿੰਦਰ ਸਿੰਘ ਚਾਹਲ ਨੇ ਹਰਪਿੰਦਰ ਸਿੰਘ ਬਾਜਵਾ ਨੂੰ ਬਹੁਪੱਖੀ ਸ਼ਖਸ਼ੀਅਤ ਆਖਿਆ। ਆਰਟਿਸਟ ਜਸਬੀਰ ਸਿੰਘ ਸੰਧੂ ਨੇ ਬਾਜਵਾ ਨੂੰ ਮਿਲਾਪੜੇ ਤੇ ਮੋਹ-ਖੋਰੇ ਮਿੱਤਰ ਵਜੋਂ ਪਰਿਭਾਸ਼ਿਤ ਕੀਤਾ। ਬਾਬਾ ਨਿਰਮਲ ਸਿੰਘ ਸਪੇਨ ਨੇ ਹਰਪਿੰਦਰ ਸਿੰਘ ਬਾਜਵਾ ਨੂੰ ਆਦਰਸ਼ ਅਧਿਆਪਕ ਤੇ ਪਿਆਰਾ ਇਨਸਾਨ ਦੱਸਿਆ। ਇਸ ਮੌਕੇ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਨੇ ਸੇਵਾ ਮੁਕਤੀ ਬਾਰੇ ਵਿਸਤ੍ਰਿਤ ਚਰਚਾ ਕਰਦੇ ਹੋਏ ਅਜੋਕੇ ਮਾਹੌਲ ਬਾਰੇ ਕਵਿਤਾ ‘ਮਿਜ਼ਾਇਲਾਂ ਦੀ ਥਾਂ ਮੁਹੱਬਤ ਦੀ ਫਸਲ ਉਗਾਈਏ ਮਿੱਤਰੋ’ ਪੇਸ਼ ਕੀਤੀ। ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ ਨੇ ਕਵਿਤਾ ਦੇ ਨਾਲ-ਨਾਲ ਹਰਪਿੰਦਰ ਸਿੰਘ ਬਾਜਵਾ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰਸਿੱਧ ਸਾਹਿਤਕਾਰ ਸਰਦੂਲ ਸਿੰਘ ਔਜਲਾ ਨੇ ਬਾਜਵਾ ਨੂੰ ਕਰਮਸ਼ੀਲ ਮਨੁੱਖ ਆਖਿਆ ਤੇ ਆਪਣੀ ਕਵਿਤਾ ਸੁਣਾਈ। ਅੰਤ ਵਿਚ ਸਮਾਗਮ ਦੇ ਪ੍ਰਧਾਨ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਗੁਰਭਜਨ ਸਿੰਘ ਲਸਾਨੀ ਨੇ ਹਰਪਿੰਦਰ ਸਿੰਘ ਬਾਜਵਾ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ ਸੇਵਾ ਮੁਕਤੀ ਨੂੰ ਜੀਵਨ ਸਫਰ ਦਾ ਕੀਮਤੀ ਪੜਾਅ ਆਖਿਆ, ਉਪਰੰਤ ਉਨ੍ਹਾਂ ਨੇ ਆਪਣੀ ਕਵਿਤਾ ਨਾਲ ਮਾਹੌਲ ਵਿਚ ਸ਼ਾਇਰਾਨਾ ਰੰਗਤ ਭਰੀ। ਸਾਰੀ ਗੁਫਤਗੂ ਤੋਂ ਪਿੱਛੋਂ ਨੈਸ਼ਨਲ ਐਵਾਰਡੀ ਸਰਵਨ ਸਿੰਘ ਔਜਲਾ, ਗੁਰਭਜਨ ਸਿੰਘ ਲਸਾਨੀ, ਪ੍ਰੋਫੈਸਰ ਕੁਲਵੰਤ ਸਿੰਘ ਔਜਲਾ, ਡਾ. ਸਰਦੂਲ ਸਿੰਘ ਔਜਲਾ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਆਰਟਿਸਟ ਜਸਬੀਰ ਸਿੰਘ ਸੰਧੂ, ਐਡਵੋਕੇਟ ਪਰਮਜੀਤ ਸਿੰਘ, ਜਸਵਿੰਦਰ ਸਿੰਘ ਚਾਹਲ, ਸੁਖਜਿੰਦਰ ਸਿੰਘ ਬਾਜਵਾ, ਬਾਬਾ ਨਿਰਮਲ ਸਿੰਘ ਸਪੇਨ ਨੇ ਮਿਲ ਕੇ ਹਰਪਿੰਦਰ ਸਿੰਘ ਬਾਜਵਾ ਦਾ ਅੱਖਰ ਮੰਚ ਵੱਲੋਂ ਸਨਮਾਨ ਕੀਤਾ, ਉਪਰੰਤ ਹਰਪਿੰਦਰ ਸਿੰਘ ਬਾਜਵਾ ਨੇ ਸਨਮਾਨ ਕਰਨ ਲਈ ਅੱਖਰ ਮੰਚ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਰ ਕੰਮ ਦਿਲ ਨਾਲ ਕਰਦਾ ਹਾਂ, ਅੱਖਰ ਮੰਚ ਮੇਰਾ ਪਰਿਵਾਰ ਹੈ ਤੇ ਮੈਂ ਸੇਵਾ ਮੁਕਤੀ ਤੋਂ ਬਾਅਦ ਵੀ ਸਰਗਰਮ ਤੇ ਸੁਪਨਸਾਜ਼ ਰਹਿਣਾ ਚਾਹੁੰਦਾ ਹਾਂ।