ਪੰਜਾਬ ’ਚ ਅਕਾਲੀ ਦਲ ਦਾ ਸਿਆਸੀ ਗ੍ਰਾਫ਼ ਚੜ੍ਹ ਰਿਹਾ : ਵਾਲੀਆ
ਪੰਜਾਬ ਵਿੱਚ ਅਕਾਲੀ ਦਲ ਦਾ ਸਿਆਸੀ ਗ੍ਰਾਫ਼ ਤੇਜ਼ੀ ਨਾਲ ਵੱਧ ਰਿਹਾ ਹੈ : ਐੱਚ.ਐੱਸ.ਵਾਲੀਆ
Publish Date: Mon, 09 Feb 2026 07:29 PM (IST)
Updated Date: Mon, 09 Feb 2026 07:32 PM (IST)

---ਕਿਹਾ-ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੀ ਰਾਜਨੀਤੀ ’ਚ ਇਕ ਵਿਸ਼ੇਸ਼ ਤੇ ਇਤਿਹਾਸਕ ਸਥਾਨ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਵਿਚ ਅਕਾਲੀ ਦਲ ਦਾ ਰਾਜਨੀਤਿਕ ਗ੍ਰਾਫ਼ ਤੇਜ਼ੀ ਨਾਲ ਉੱਪਰ ਚੜ੍ਹ ਰਿਹਾ ਹੈ। ਪਾਰਟੀ ਮੁਖੀ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਮੀਨੀ ਪੱਧਰ ’ਤੇ ਕੀਤੀ ਜਾ ਰਹੀ ਸਖ਼ਤ ਮਿਹਨਤ ਦੇ ਹੁਣ ਨਤੀਜੇ ਦਿਖਾਈ ਦੇ ਰਹੇ ਹਨ ਤੇ ਜਨਤਾ ਦਾ ਪਾਰਟੀ ਦੀਆਂ ਨੀਤੀਆਂ ਵਿਚ ਵਿਸ਼ਵਾਸ ਇਕ ਵਾਰ ਫਿਰ ਮਜ਼ਬੂਤ ਹੋਇਆ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਨੇ ਐਤਵਾਰ ਨੂੰ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਕਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੀ ਰਾਜਨੀਤੀ ਵਿਚ ਇਕ ਵਿਸ਼ੇਸ਼ ਤੇ ਇਤਿਹਾਸਕ ਸਥਾਨ ਹੈ। ਪਾਰਟੀ ਸੂਬੇ ਦੇ ਹਰ ਵਰਗ ਨਾਲ ਜੁੜਦੀ ਹੈ ਤੇ ਅਜੇ ਵੀ ਲੋਕਾਂ ਵਿਚ ਇਕ ਮਜ਼ਬੂਤ ਮੌਜੂਦਗੀ ਬਣਾਈ ਰੱਖਦੀ ਹੈ। ਐੱਚਐੱਸ ਵਾਲੀਆ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਪਿੰਡਾਂ ਦੇ ਦੌਰੇ ਤੇ ਸੰਗਠਨ ਨੂੰ ਮੁੜ ਮਜ਼ਬੂਤ ਬਣਾਉਣ ਦੇ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਪੱਕਾ ਵਿਸ਼ਵਾਸ ਹੈ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਨੂੰ ਵਿਕਾਸ ਤੇ ਖੁਸ਼ਹਾਲੀ ਦੇ ਰਾਹ ’ਤੇ ਵਾਪਸ ਲੈ ਜਾ ਸਕਦਾ ਹੈ। ਐੱਚਐੱਸ ਵਾਲੀਆ ਨੇ ਕਿਹਾ ਕਿ ਪੰਜਾਬ ਇਸ ਸਮੇਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਕੋਲ ਪੰਜਾਬ ਨੂੰ ਇਸ ਸੰਕਟ ਵਿਚੋਂ ਕੱਢਣ ਲਈ ਤਜਰਬਾ ਤੇ ਨੀਤੀਆਂ ਹਨ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਕੋਲ ਹੀ ਇਸ ਦਾ ਵਿਜ਼ਨ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਰਾਜਨੀਤੀ ਹਮੇਸ਼ਾ ਲੋਕਾਂ ਦੇ ਹਿੱਤਾਂ ’ਤੇ ਕੇਂਦ੍ਰਿਤ ਰਹੀ ਹੈ। ਆਪਣੇ ਰਾਜ ਦੌਰਾਨ ਪਾਰਟੀ ਨੇ ਸੜਕਾਂ, ਸਿਹਤ, ਸਿੱਖਿਆ ਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿਚ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਕੀਤੇ ਹਨ, ਜਿਨ੍ਹਾਂ ਦਾ ਲਾਭ ਅੱਜ ਵੀ ਲੋਕ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹੈ। ਮਹਿੰਗਾਈ, ਬੇਰੁਜ਼ਗਾਰੀ ਤੇ ਵਿਗੜਦੀ ਕਾਨੂੰਨ ਵਿਵਸਥਾ ਨੇ ਆਮ ਨਾਗਰਿਕ ਦਾ ਜੀਵਨ ਮੁਸ਼ਕਿਲ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕਲੌਤੀ ਪਾਰਟੀ ਹੈ ਜੋ ਗਲੀਆਂ ਤੋਂ ਲੈ ਕੇ ਸੰਸਦ ਭਵਨ ਤੱਕ ਲੋਕਾਂ ਦੀ ਆਵਾਜ਼ ਬੁਲੰਦ ਕਰਦੀ ਹੈ। ਅਕਾਲੀ ਦਲ ਹਮੇਸ਼ਾ ਕਿਸਾਨਾਂ, ਮਜ਼ਦੂਰਾਂ, ਕਾਰੋਬਾਰੀਆਂ ਤੇ ਨੌਜਵਾਨਾਂ ਦੇ ਹੱਕਾਂ ਲਈ ਲੜਦਾ ਰਿਹਾ ਹੈ ਤੇ ਨਤੀਜੇ ਵਜੋਂ ਲੋਕ ਹੁਣ ਪਿਛਲੀ ਵਿਕਾਸ-ਮੁਖੀ ਸਰਕਾਰ ਨੂੰ ਯਾਦ ਕਰ ਰਹੇ ਹਨ। ਐੱਚਐੱਸ ਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਹੱਕਾਂ ਦੀ ਰਾਖੀ ਤੇ ਪੰਜਾਬ ਦੀ ਤਰੱਕੀ ਨੂੰ ਅੱਗੇ ਵਧਾਉਣ ਲਈ ਆਪਣੀ ਪੂਰੀ ਵਾਹ ਲਾ ਕੇ ਲੜਦਾ ਰਹੇਗਾ।