- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਸਿੰਘ ਵੱਲੋਂ ਸਿੱਖ ਗੁਰੂਆਂ ਬਾਰੇ ਕੀਤੀ ਗਈ ਟਿੱਪਣੀ ਤੋਂ ਬਾਅਦ ਕੋਈ ਕਾਰਵਾਈ ਨਾ ਹੋਣ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੁੱਪੀ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੈਂਕੜੇ ਵਰਕਰਾਂ ਨੇ ਵੀਰਵਾਰ ਨੂੰ ਅਕਾਲੀ ਦਲ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਰਾਸਤੀ ਸ਼ਹਿਰ ਦੇ ਮਾਲ ਰੋਡ ਸਥਿਤ ਸੈਨਿਕ ਸਕੂਲ ਦੇ ਬਾਹਰ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨ ਰਾਹੀਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਆਤਿਸ਼ੀ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ। ਇਸ ਪ੍ਰਦਰਸ਼ਨ ਦੌਰਾਨ ਆਤਿਸ਼ੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ 'ਆਪ' ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਿੱਖ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਗੁਰੂਆਂ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਵਰਤਣ ਦੇ ਦੋਸ਼ ਲਾਏ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ 'ਆਪ' ਆਗੂ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਲਈ ਜਨਤਕ ਤੌਰ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਇਹ ਦਾਅਵਾ ਕਿ ਵੀਡੀਓ ਐਡਿਟ ਕੀਤੀ ਗਈ ਸੀ, ਸਿਰਫ਼ ਆਪਣੇ ਪਾਪਾਂ ਨੂੰ ਛੁਪਾਉਣ ਦੀ ਚਾਲ ਹੈ। ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਉੱਥੇ ਹੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਫ਼ਰਾਰ ਹੋਈ ਆਤਿਸ਼ੀ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕਰਨ ਦੀ ਬਜਾਏ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਉਨ੍ਹਾਂ ਦੇ ਕੁਕਰਮਾਂ 'ਤੇ ਲੀਪਾਪੋਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਵਾਰ-ਵਾਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਰਹੇ ਹਨ। ਸਿੱਧੂ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਵਿਚ ਆਤਿਸ਼ੀ ਨੇ ਗੁਰੂਆਂ ਦਾ ਅਪਮਾਨ ਕੀਤਾ ਅਤੇ ਅਜਿਹੇ ਸ਼ਬਦ ਬੋਲੇ ਜੋ ਕਿਸੇ ਦੇ ਮੂੰਹੋਂ ਵੀ ਨਹੀਂ ਨਿਕਲ ਸਕਦੇ। ਆਤਿਸ਼ੀ ਦਾ ਇਹ ਬਿਆਨ ਬੇਹੱਦ ਨਿੰਦਣਯੋਗ ਹੈ। ਇਸ ਦਾ ਅਕਾਲੀ ਦਲ ਦੇ ਤਮਾਮ ਆਗੂਆਂ ਨੇ ਵਿਰੋਧ ਕੀਤਾ ਹੈ ਅਤੇ ਕਈ ਥਾਵਾਂ 'ਤੇ ਪ੍ਰਦਰਸ਼ਨ ਹੋਏ ਹਨ। ਉਨ੍ਹਾਂ ਕਿਹਾ ਕਿ 6 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਵਿਚ ਇਕ ਪਾਪ ਕੀਤਾ ਗਿਆ। ਇਕ ਅਜਿਹਾ ਪਾਪ ਜੋ ਦੇਸ਼ ਦੀ ਸੰਸਦ ਦੇ ਕਿਸੇ ਵੀ ਸਦਨ ਵਿਚ ਕਦੇ ਨਹੀਂ ਕੀਤਾ ਗਿਆ, ਜਿਸ ਨੇ ਅਪਰਾਧ ਕੀਤਾ ਹੈ, ਉਹ ਫ਼ਰਾਰ ਹੈ। ਉਨ੍ਹਾਂ ਕਿਹਾ ਕਿ ਘਬਰਾਈ ਅਤੇ ਡਰੀ ਹੋਈ ਆਮ ਆਦਮੀ ਪਾਰਟੀ ਤੇ ਉਨ੍ਹਾਂ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਲਾਪਤਾ ਹਨ। ਇਨ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਗਲਤੀ ਬਹੁਤ ਵੱਡੀ ਹੋਈ ਹੈ। ਇਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਹੋਰ ਥਾਵਾਂ 'ਤੇ ਵੀ ਭੁਗਤਣਾ ਪਵੇਗਾ। ਸਿੱਧੂ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਆਤਿਸ਼ੀ ਖ਼ਿਲਾਫ਼ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਆਤਿਸ਼ੀ ਨੂੰ ਵੀ ਆਪਣਾ ਅਸਤੀਫ਼ਾ ਦੇਣ ਦੇ ਨਾਲ-ਸੰਗ ਜਨਤਕ ਤੌਰ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਹਲਕਾ ਇੰਚਾਰਜ ਐੱਚਐੱਸ ਵਾਲੀਆ, ਮੰਨੂ ਵਾਲੀਆ, ਰਾਣਾ ਸੁਮਿਤ ਸਿੰਘ, ਤਨਵੀਰ ਸਿੰਘ ਰੰਧਾਵਾ, ਮਹਿੰਦਰ ਸਿੰਘ ਮੇਜਰਵਾਲ, ਗੁਰਨਾਮ ਸਿੰਘ ਕਾਦੂਪੁਰ, ਹਰਬੰਸ ਸਿੰਘ ਵਾਲੀਆ, ਪਰਮਿੰਦਰ ਸਿੰਘ ਬੋਬੀ, ਰਿੱਕੀ ਚੀਮਾ, ਜਰਨੈਲ ਸਿੰਘ ਵਾਹਦ, ਰਣਜੀਤ ਸਿੰਘ ਖੁਰਾਣਾ, ਸੁਖਦੇਵ ਸਿੰਘ ਨਾਨਕਪੁਰ, ਇੰਜੀਨੀਅਰ ਸਵਰਨ ਸਿੰਘ, ਹਰਵਿੰਦਰ ਸਿੰਘ ਮੁਲਤਾਨੀ, ਹਰਜਿੰਦਰ ਸਿੰਘ ਖੰਨੋਵਾਲ, ਜਰਨੈਲ ਸਿੰਘ ਨੱਥੂ ਚਾਹਲ, ਸੰਜੀਵ ਕੁਮਾਰ ਹੈਪੀ, ਰਾਮ ਜੀ ਦਾਸ, ਲੈਂਬਰ ਸਿੰਘ ਕਾਲੇਵਾਲ, ਨਿਰਮਲ ਸਿੰਘ ਕਾਲਵਾਂ, ਜਗਤਾਰ ਸਿੰਘ ਜੱਲੋਵਾਲ, ਸਤਨਾਮ ਸਿੰਘ, ਮੇਜਰ ਸਿੰਘ ਛੀਨਾ, ਸੰਤੋਖ ਸਿੰਘ, ਜਸਵੰਤ ਸਿੰਘ ਗੱਲੂਵਾਲ, ਤਰਲੋਚਨ ਸਿੰਘ, ਇੱਛਾ ਸਿੰਘ, ਤੇਜਾ ਸਿੰਘ, ਲਖਵਿੰਦਰ ਸਿੰਘ ਖੁਸਰੋਪੁਰ, ਅਮਰੀਕ ਸਿੰਘ ਅੰਮ੍ਰਿਤਸਰ, ਜਸਪਾਲ ਨਾਹਲ, ਰਾਜਿੰਦਰ ਸਿੰਘ ਧੰਜਲ, ਕੋਮਲ ਗਾਗਾ, ਮੱਖਣ ਸਿੰਘ ਵਾਲੀਆ, ਅਜੇ ਬਬਲਾ, ਜਗਜੀਤ ਸਿੰਘ ਸ਼ੰਮੀ, ਮਿੰਟਾ ਸਿੱਧੂ, ਮਲਕੀਤ ਸਿੰਘ ਬਾਲੋਚੱਕ, ਗੁਰਪ੍ਰੀਤ ਸਿੰਘ ਗੋਪੀ, ਸਤਨਾਮ ਸਿੰਘ ਗੋਸਲ, ਗੁਰਪ੍ਰੀਤ ਸਿੰਘ ਸੰਧੂ, ਜੋਗਿੰਦਰ ਸਿੰਘ, ਉੱਤਮ ਸਿੰਘ, ਗੁਰਮੀਤ ਸਿੰਘ ਬੁੱਟਰ, ਇੰਦਰਜੀਤ ਸਿੰਘ ਮੰਨਣ, ਹਰਜਿੰਦਰ ਸਿੰਘ ਬਡਿਆਲ, ਰਾਜਿੰਦਰ ਸਿੰਘ, ਸੁਖਜਿੰਦਰ ਸਿੰਘ, ਜਸਬੀਰ ਸਿੰਘ, ਸਰੂਪ ਸਿੰਘ ਖਲਵਾੜਾ, ਸੁਖਦੇਵ ਸਿੰਘ ਵਾਲੀਆ, ਅਵਤਾਰ ਸਿੰਘ ਮੀਰੇ, ਸਤਨਾਮ ਸਿੰਘ ਰਾਮੇ, ਸੁਖਵੰਤ ਸਿੰਘ ਠਾਕਰਵਾਲ, ਪਰਮਜੀਤ ਸਿੰਘ ਢਿੱਲੋਂ, ਦਲਜੀਤ ਸਿੰਘ ਚੀਮਾ, ਕੁਲਦੀਪ ਸਿੰਘ ਟਾਂਡੀ, ਸੁਖਜਿੰਦਰ ਸਿੰਘ ਸ਼ੇਖੋਂ, ਅਮਰਜੀਤ ਸਿੰਘ ਥਿੰਦ, ਦਿਨੇਸ਼ ਕੁਮਾਰ ਆਦਿ ਮੌਜੂਦ ਸਨ।