ਅਕਾਲੀ ਦਲ ਦੀ ਬਲਾਕ ਸੰਮਤੀ ਮੈਂਬਰ ਆਪ ’ਚ ਸ਼ਾਮਲ
ਜੋਨ ਨੰਬਰ 1 ਡੁਮੇਲੀ ਤੋਂ ਅਕਾਲੀ ਦਲ ਦੀ ਬਲਾਕ ਸੰਮਤੀ ਮੈਂਬਰ ਬਲਬੀਰ ਕੌਰ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ
Publish Date: Mon, 23 Mar 2026 07:06 PM (IST)
Updated Date: Mon, 23 Mar 2026 07:10 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀਆਂ ਲੋਕ-ਪੱਖੀ ਨੀਤੀਆਂ ਤੇ ਸਰਕਾਰ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਬਲਾਕ ਸੰਮਤੀ ਮੈਂਬਰ ਬਲਬੀਰ ਕੌਰ ਜ਼ੋਨ ਨੰਬਰ 1, ਡੁਮੇਲੀ ਦੀ ਅਗਵਾਈ ਹੇਠ ਕਰੀਬ 50 ਪਰਿਵਾਰਾਂ ਨੇ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਬਲਬੀਰ ਕੌਰ ਸਮੇਤ ਸਮੂਹ ਪਰਿਵਾਰਾਂ ਦਾ ਸਵਾਗਤ ਕਰਨ ਲਈ ਸੀਨੀਅਰ ਆਗੂ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਅਤੇ ਪਾਰਟੀ ਦੇ ਵਿਧਾਨਸਭਾ ਹਲਕਾ ਫਗਵਾੜਾ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਸਾਬਕਾ ਮੰਤਰੀ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘਰ-ਘਰ ਤੱਕ ਸਹੂਲਤਾਂ ਪਹੁੰਚਾਈਆਂ ਹਨ, ਜਿਸ ਕਰਕੇ ਪਾਰਟੀ ਪ੍ਰਤੀ ਲੋਕਾਂ ਦਾ ਭਰੋਸਾ ਦਿਨੋਂ-ਦਿਨ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਬਲਾਕ ਸੰਮਤੀ ਮੈਂਬਰ ਤੇ ਵੱਡੀ ਗਿਣਤੀ ਵਿਚ ਪਰਿਵਾਰਾਂ ਦਾ ਪਾਰਟੀ ਨਾਲ ਜੁੜਨਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਉਕਤਾ ਚੁੱਕੇ ਹਨ ਤੇ ਹੁਣ ਸਿਰਫ਼ ਵਿਕਾਸ ਤੇ ਇਮਾਨਦਾਰ ਰਾਜਨੀਤੀ ਨੂੰ ਹੀ ਤਰਜੀਹ ਦੇ ਰਹੇ ਹਨ। ਹਲਕਾ ਇੰਚਾਰਜ ਹਰਜੀ ਮਾਨ ਨੇ ਸਮੂਹ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਲੋਕ-ਭਲਾਈ ਦੇ ਕੰਮਾਂ ਕਾਰਨ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ, ਜਿਸ ਵਿਚ ਇਸੇ ਬਜਟ ਦੌਰਾਨ ਜਨਰਲ ਵਰਗ ਦੀਆਂ ਔਰਤਾਂ ਨੂੰ ਇਕ ਹਜ਼ਾਰ ਤੇ ਐੱਸਸੀ ਭਾਈਚਾਰੇ ਦੀਆਂ ਔਰਤਾਂ ਨੂੰ ਪੰਦਰਾਂ ਸੌ ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਖਾਸ ਤੌਰ ’ਤੇ ਜ਼ਿਕਰਯੋਗ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਲੋਕ ਪਾਰਟੀ ਨਾਲ ਜੁੜਨਗੇ ਤੇ ਪੰਜਾਬ ਵਿਚ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ। ਬਲਾਕ ਸੰਮਤੀ ਮੈਂਬਰ ਬਲਬੀਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਸਰਕਾਰ ਦੇ ਪਿਛਲੇ ਕਰੀਬ ਚਾਰ ਸਾਲ ਦੇ ਕਾਰਜਕਾਲ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਆਪ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ ਤਾਂ ਕਿ ਪੰਜਾਬ ਵਿਚ ਦੁਬਾਰਾ ਇਸੇ ਸਰਕਾਰ ਨੂੰ ਹੋਰ ਭਾਰੀ ਬਹੁਮਤ ਨਾਲ ਸੱਤਾ ਵਿਚ ਲਿਆਂਦਾ ਜਾ ਸਕੇ। ਇਸ ਮੌਕੇ ਅਜੇ ਕੁਮਾਰ ਹੈਪੀ ਬਲਾਕ ਸੰਮਤੀ ਮੈਂਬਰ, ਖਜੂਰਲਾ, ਅਮਰਿੰਦਰ ਸਿੰਘ ਯੂਥ ਕੋਆਰਡੀਨੇਟਰ ਫਗਵਾੜਾ, ਸੀਮਾ ਰਾਣਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਅਤੇ ਨਰਿੰਦਰ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ ਫਗਵਾੜਾ ਤੋਂ ਇਲਾਵਾ ਨਵੇਂ ਸ਼ਾਮਲ ਹੋਏ ਮੈਂਬਰ ਬੂਟਾ ਸਿੰਘ, ਬਲਵਿੰਦਰ ਸਿੰਘ ਪੰਚ, ਸਤਨਾਮ ਸਿੰਘ, ਹਰਨੇਕ ਸਿੰਘ, ਤਰਸੇਮ ਸਿੰਘ, ਸੇਵਾ ਸਿੰਘ, ਸੇਵਾ ਸਿੰਘ, ਭੁਪਿੰਦਰ ਸਿੰਘ, ਭਜਨ ਸਿੰਘ, ਜਗੀਰ ਸਿੰਘ, ਰਜਿੰਦਰ ਸਿੰਘ, ਪ੍ਰਿਥਵੀ ਪਾਲ ਸਿੰਘ, ਮੇਵਾ ਸਿੰਘ, ਗੁਰਦੇਵ ਸਿੰਘ, ਰਾਜਾ ਸਿੰਘ, ਹੈਰੀ, ਇੰਦਰਜੀਤ ਸਿੰਘ, ਕਸ਼ਮੀਰ ਕੌਰ, ਕੁਲਵਰਨ ਸਿੰਘ, ਕ੍ਰਿਸ਼ਨ ਸਿੰਘ, ਜਸਵੀਰ ਕੌਰ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।