ਅਜੈ ਨੰਦਨ ਨੇ ਆਰਸੀਐੱਫ ਦੇ ਜੀਐੱਮ ਦਾ ਅਹੁਦਾ ਸੰਭਾਲਿਆ
ਅਜੈ ਨੰਦਨ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਜਨਰਲ ਮੈਨੇਜਰ ਦਾ ਅਹੁਦਾ ਸੰਭਾਲਿਆ
Publish Date: Fri, 20 Feb 2026 06:46 PM (IST)
Updated Date: Fri, 20 Feb 2026 06:48 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅਜੈ ਨੰਦਨ ਨੇ 17 ਫਰਵਰੀ 2026 ਨੂੰ ਰੇਲ ਕੋਚ ਫੈਕਟਰੀ (ਆਰਸੀਐੱਫ), ਕਪੂਰਥਲਾ ਦੇ ਜਨਰਲ ਮੈਨੇਜਰ ਵਜੋਂ ਅਹੁਦਾ ਸੰਭਾਲ ਲਿਆ ਹੈ। ਅਜੈ ਨੰਦਨ ਭਾਰਤੀ ਰੇਲਵੇ ਮਕੈਨੀਕਲ ਇੰਜੀਨੀਅਰਿੰਗ ਸਰਵਿਸ (ਆਈਆਰਐੱਸਐੱਮਈ) ਦੇ 1989 ਬੈਚ ਦੇ ਅਧਿਕਾਰੀ ਹਨ। ਮੌਜੂਦਾ ਨਿਯੁਕਤੀ ਤੋਂ ਪਹਿਲਾਂ ਉਹ ਨੌਰਥ ਈਸਟ ਫਰੰਟੀਅਰ ਰੇਲਵੇ, ਗੁਹਾਟੀ ਵਿਚ ਪ੍ਰਿੰਸੀਪਲ ਚੀਫ ਮਕੈਨੀਕਲ ਇੰਜੀਨੀਅਰ (ਪੀਸੀਐੱਮਈ) ਦੇ ਤੌਰ ’ਤੇ ਸੇਵਾ ਨਿਭਾ ਰਹੇ ਸਨ। ਭਾਰਤੀ ਰੇਲਵੇ ਵਿਚ 35 ਸਾਲ ਤੋਂ ਵੱਧ ਦੇ ਵਿਸ਼ੇਸ਼ ਤਜਰਬੇ ਨਾਲ ਅਜੈ ਨੰਦਨ ਨੇ ਵੱਖ-ਵੱਖ ਜ਼ੋਨਲ ਰੇਲਵੇ, ਉਤਪਾਦਨ ਇਕਾਈਆਂ, ਰੇਲ ਮੰਡਲਾਂ ਤੇ ਰੇਲਵੇ ਬੋਰਡ ਵਿਚ ਅਹਿਮ ਅਹੁਦਿਆਂ ’ਤੇ ਕੰਮ ਕੀਤਾ ਹੈ। ਨੌਰਥ ਈਸਟ ਫਰੰਟੀਅਰ ਰੇਲਵੇ ਵਿਚ ਪੀਸੀਐੱਮਈ ਦੇ ਤੌਰ ’ਤੇ ਸੇਵਾ ਦੇਣ ਤੋਂ ਇਲਾਵਾ, ਉਹ ਨਵੀਂ ਦਿੱਲੀ, ਕੋਲਕਾਤਾ, ਮਾਲਦਾ ਟਾਊਨ, ਹਾਜ਼ੀਪੁਰ, ਕੋਟਾ, ਮੁਰਾਦਾਬਾਦ, ਜਮਾਲਪੁਰ ਸਮੇਤ ਹੋਰ ਮਹੱਤਵਪੂਰਨ ਰੇਲਵੇ ਸਥਾਨਾਂ ’ਤੇ ਵੀ ਜ਼ਿੰਮੇਵਾਰ ਅਹੁਦਿਆਂ ’ਤੇ ਰਹੇ ਹਨ। ਉਹ 2021 ਤੋਂ 2023 ਤੱਕ ਮੁਰਾਦਾਬਾਦ ਡਿਵੀਜ਼ਨ ਦੇ ਡਿਵੀਜ਼ਨਲ ਰੇਲ ਮੈਨੇਜਰ ਵਜੋਂ ਵੀ ਸੇਵਾ ਦੇ ਚੁੱਕੇ ਹਨ। ਆਪਣੇ ਕਾਰਜਕਾਲ ਦੌਰਾਨ ਅਜੈ ਨੰਦਨ ਨੂੰ ਕਈ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ ਤੇ ਉਨ੍ਹਾਂ ਨੇ ਭਾਰਤ ਤੇ ਵਿਦੇਸ਼ਾਂ ਵਿਚ ਉੱਚ ਪੱਧਰੀ ਪ੍ਰੋਗਰਾਮਾਂ ਵਿਚ ਭਾਗ ਲੈ ਕੇ ਆਪਣੀ ਤਕਨੀਕੀ ਤੇ ਪ੍ਰਬੰਧਕੀ ਕੁਸ਼ਲਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਅਹੁਦਾ ਸੰਭਾਲਣ ਤੋਂ ਬਾਅਦ ਮਹਾਂਪ੍ਰਬੰਧਕ ਅਜੈ ਨੰਦਨ ਨੇ ਆਪਣੇ ਦਫ਼ਤਰ ਵਿਚ ਸਾਰੇ ਵਿਭਾਗ ਮੁਖੀਆਂ ਨਾਲ ਇਕ ਜਾਣ-ਪਛਾਣ ਮੀਟਿੰਗ ਕੀਤੀ। ਮੀਟਿੰਗ ਦੌਰਾਨ ਮਹਾਂਪ੍ਰਬੰਧਕ ਨੂੰ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਸਮੁੱਚੀ ਜਾਣ-ਪਛਾਣ, ਕੋਚ ਨਿਰਮਾਣ ਗਤੀਵਿਧੀਆਂ ਤੇ ਅਜੋਕੇ ਸਮੇਂ ਵਿਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ। ਆਰਸੀਐੱਫ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਅਜੈ ਨੰਦਨ ਨੇ ਭਾਰਤੀ ਰੇਲਵੇ ਦੀ ਤਰੱਕੀ ਵਿਚ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਮਹੱਤਵਪੂਰਨ ਯੋਗਦਾਨ ਦੀ ਸਰਾਹਨਾ ਕੀਤੀ। ਇਸ ਤੋਂ ਇਲਾਵਾ ਅਜੈ ਨੰਦਨ ਨੇ ਕੋਚ ਨਿਰਮਾਣ ਨਾਲ ਸਬੰਧਤ ਵੱਖ-ਵੱਖ ਪੱਖਾਂ ’ਤੇ ਕੀਮਤੀ ਸੁਝਾਅ ਦਿੱਤੇ ਤੇ ਗੁਣਵੱਤਾ, ਉਤਪਾਦਕਤਾ ਤੇ ਅਨੁਸ਼ਾਸ਼ਨ ’ਤੇ ਵਿਸ਼ੇਸ਼ ਜ਼ੋਰ ਦਿੱਤਾ।