ਬਲਾਕ ਸੰਮਤੀ ਦੀ ਚੇਅਰਮੈਨੀ ਲਈ ਅਜੇ ਕੁਮਾਰ ਹੈਪੀ ਸਭਤੋ ਅੱਗੇ
ਬਲਾਕ ਸੰਮਤੀ ਦੀ ਚੇਅਰਮੈਨੀ ਲਈ ਅਜੇ ਕੁਮਾਰ ਹੈਪੀ ਸਭਤੋ ਅੱਗੇ।
Publish Date: Tue, 17 Feb 2026 09:01 PM (IST)
Updated Date: Tue, 17 Feb 2026 09:03 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬੀਤੇ ਦਿਨੀਂ ਪੰਜਾਬ ਅੰਦਰ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਤੋਂ ਬਾਅਦ ਪੰਚਾਇਤ ਸੰਮਤੀਆਂ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ ਕਰਨ ਲਈ ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਬਲਾਕ ਸੰਮਤੀ ਦਾ ਚੇਅਰਮੈਨ ਬਣਨ ਲਈ ਐੱਸਸੀ ਤੇ ਵਾਈਸ ਚੇਅਰਮੈਨ ਲਈ ਜਨਰਲ ਕੈਟਾਗਰੀ ਉਮੀਦਵਾਰ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਇਸ ਪਾਸੇ ਬਲਾਕ ਸੰਮਤੀ ਦੇ ਚੇਅਰਮੈਨ ਵੱਲ ਝਾਤ ਮਾਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਖਜੂਰਲਾ ਜ਼ੋਨ ਤੋਂ ਜੇਤੂ ਉਮੀਦਵਾਰ ਅਜੇ ਕੁਮਾਰ ਹੈਪੀ ਦਾ ਚੇਅਰਮੈਨ ਬਣਨ ਦਾ ਰਾਹ ਪੱਧਰਾ ਲੱਗ ਰਿਹਾ ਹੈ, ਜਦਕਿ ਵਾਇਸ ਪ੍ਰਧਾਨ ਲਈ ਜਸਪ੍ਰੀਤ ਬਿੱਲੂ ਭੁੱਲਾਰਾਈ ਤੇ ਗੁਰਪ੍ਰੀਤ ਸਿੰਘ ਸੰਗਤਪੁਰ ਜ਼ੋਨ ਲੱਖਪੁਰ ਵੀ ਦਾਅਵੇਦਾਰੀ ਠੋਕ ਸਕਦੇ ਹਨ। ਖਜੂਰਲਾ ਜ਼ੋਨ ਤੋਂ ਜੇਤੂ ਸਾਬਕਾ ਸਰਪੰਚ ਅਜੇ ਕੁਮਾਰ ਹੈਪੀ ਦਾ ਨਾਮ ਚੇਅਰਮੈਨ ਵਜੋਂ ਸਭ ਤੋਂ ਉੱਪਰ ਆ ਰਿਹਾ ਹੈ ਤੇ ਜੇਕਰ ਆਮ ਆਦਮੀ ਪਾਰਟੀ ਆਪਣੇ ਘੱਟ ਰਹੇ ਦੋ ਉਮੀਦਵਾਰ ਹੋਰਾਂ ਪਾਰਟੀਆਂ ’ਚੋਂ ਲਿਆਉਂਦੀ ਹੈ ਤਾਂ ਚੇਅਰਮੈਨ ਅਜੇ ਕੁਮਾਰ ਹੈਪੀ ਤੇ ਵਾਈਸ ਚੇਅਰਮੈਨ ਲਈ ਜਸਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਵਿਚੋਂ ਕੋਈ ਇਕ ਹੋ ਸਕਦਾ ਹੈ। ਬਾਕੀ ਆਉਣ ਵਾਲੇ ਸਮੇਂ ਵਿਚ ਕੀ ਤਿਕੜਮਬਾਜ਼ੀ ਹੁੰਦੀ ਹੈ ਇਹ ਦੇਖਣਾ ਦਿਲਚਸਪ ਹੋਵੇਗਾ ਕਿੳਕਿ ਆਮ ਆਦਮੀ ਪਾਰਟੀ ਦੇ ਹੀ ਐੱਸਸੀ ਸੀਟ ਤੋਂ ਦੇਸ ਰਾਜ ਝੱਮਟ ਤੇ ਸਿਮਰ ਕੁਮਾਰ ਵੀ ਜੇਤੂ ਰਹੇ ਹਨ। ਫਗਵਾੜਾ ਵਿਖੇ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਦੌਰਾਨ ਜਿਥੇ ਕਾਂਗਰਸ ਪਾਰਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਕੋਲ ਬਹੁਮਤ ਤੋਂ ਵੱਧ ਜੇਤੂ ਕੌਂਸਲਰ ਮੌਜੂਦ ਹਨ ਤੇ ਉਹ ਨਗਰ ਨਿਗਮ ਫਗਵਾੜਾ ਵਿਖੇ ਆਪਣਾ ਮੇਅਰ ਬਣਾਉਣ ਜਾ ਰਹੇ ਹਨ। ਇਸ ਦੇ ਬਾਵਜੂਦ ਕਾਂਗਰਸ ਪਾਰਟੀ ਸੱਤਾਧਾਰੀ ਪਾਰਟੀ ਦੀ ਤਿਕੜਮਬਾਜ਼ੀ ਵਿਚ ਫਸ ਗਈ ਤੇ ਬਹੁਮਤ ਵਿਚੋਂ ਕਾਂਗਰਸੀ ਕੌਂਸਲਰਾਂ ਨੂੰ ਆਪਣੇ ਵਿਚ ਰਲਾਕੇ ਆਮ ਆਦਮੀ ਪਾਰਟੀ ਦਾ ਮੇਅਰ ਨਗਰ ਨਿਗਮ ਫਗਵਾੜਾ ਵਿਖੇ ਬਣਾ ਲਿਆ। ਹੁਣ ਇਸੇ ਤਰ੍ਹਾਂ ਹੋਈਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਵੀ ਮੁੜ ਸੱਤਾਧਾਰੀ ਪਾਰਟੀ ਤੇ ਬਾਕੀ ਪਾਰਟੀਆਂ ਦੇ ਕੁੰਡੀਆਂ ਦੇ ਸਿੰਞ ਫਸਣ ਜਾ ਰਹੇ ਹਨ। ਜੇਕਰ ਗੱਲ ਕਰੀਏ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਤਾਂ ਉਸ ਨੂੰ ਬਲਾਕ ਸੰਮਤੀ ਦੀਆਂ 9 ਤੇ ਜ਼ਿਲ੍ਹਾ ਪਰਿਸ਼ਦ ਦੀ 1 ਸੀਟ ਮਿਲੀ ਹੈ। ਦੂਜੇ ਪਾਸੇ ਕਾਂਗਰਸ ਨੂੰ 5 ਅਕਾਲੀ ਦਲ ਨੂੰ 4, ਬਸਪਾ 1 ਤੇ ਆਜ਼ਾਦ ਉਮੀਦਵਾਰ ਨੂੰ 1 ਸੀਟ ਮਿਲੀ ਹੈ। ਇਸ ਦੇ ਨਾਲ ਹੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਵੀ 1 ਵੋਟ ਜੋੜੀ ਜਾਵੇਗੀ। ਜੇਕਰ ਬਾਕੀ ਸਾਰੀਆਂ ਪਾਰਟੀਆਂ ਮਿਲ ਜਾਂਦੀਆਂ ਹਨ ਤਾਂ ਉਹ ਆਪਣਾ ਚੇਅਰਮੈਨ ਬਣਾ ਸਕਦੀਆਂ ਹਨ ਜਦਕਿ ਚੇਅਰਮੈਨ ਬਣਾਉਣ ਲਈ ਸੱਤਾਧਾਰੀ ਪਾਰਟੀ ਆਪ ਨੂੰ 9 ਦੇ ਵਿਚ ਦੋ ਉਮੀਦਵਾਰ ਹੋਰ ਜੋੜਨੇ ਪੈਣਗੇ। ਉਹ ਇਕ ਬਸਪਾ ਤੇ ਇਕ ਆਜ਼ਾਦ ਨੂੰ ਲੈ ਕੇ ਚੇਅਰਮੈਨ ਬਣਾ ਸਕਦੀ ਹੈ ਪਰ ਜੇ ਦੇਖਿਆ ਜਾਵੇ ਤਾਂ ਆਜ਼ਾਦ ਉਮੀਦਵਾਰ ਨੂੰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਹਾਰ ਪਾ ਕੇ ਉਸ ’ਤੇ ਆਪਣੀ ਦਾਅਵੇਦਾਰੀ ਠੋਕ ਚੁੱਕੇ ਹਨ। ਆਉਣ ਵਾਲੇ ਸਮੇਂ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਤੋਂ ਬਾਅਦ ਦੇਖਣਾ ਦਿਲਚਸਪ ਹੋਵੇਗਾ ਕਿ ਸੱਤਾਧਾਰੀ ਪਾਰਟੀ ਨਗਰ ਨਿਗਮ ਫਗਵਾੜਾ ਵਾਂਗ ਕਾਂਗਰਸ ਅਕਾਲੀ ਬਸਪਾ ਆਜ਼ਾਦ ਵਿਚੋਂ ਕਿਹੜੇ ਉਮੀਦਵਾਰਾਂ ਨੂੰ ਆਪਣੇ ਵਿਚ ਰਲਾਕੇ ਚੇਅਰਮੈਨ ਬਣਾਉਣਗੇ ਜਾਂ ਬਾਕੀ ਸਾਰੀਆਂ ਪਾਰਟੀਆਂ ਮਿਲ ਕੇ ਆਪਣਾ ਚੇਅਰਮੈਨ ਬਣਾ ਲੈਣਗੀਆਂ। ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਉਸ ਦਾ ਪੱਲੜਾ ਵੀ ਕਾਫੀ ਮਜ਼ਬੂਤ ਜਾਪਦਾ ਹੈ ਕਿਉਂਕਿ ਅਕਾਲੀਆਂ ਕੋਲ ਚਾਰ ਬਲਾਕ ਸੰਮਤੀ ਤੇ ਇਕ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਵੀ ਹੈ। ਜੇਕਰ ਇਨ੍ਹਾਂ ਦਾ ਜੋੜ ਕੀਤਾ ਜਾਵੇ ਤਾਂ ਪੰਜ ਕਾਂਗਰਸ, ਚਾਰ ਅਕਾਲੀ, ਇਕ ਬਸਪਾ, ਇਕ ਆਜ਼ਾਦ ਤੇ ਇਕ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਵੋਟ ਦਾ ਜੋੜ 12 ਬਣਦਾ ਹੈ। ਨਗਰ ਨਿਗਮ ਫਗਵਾੜਾ ਵਿਚ ਵੀ ਸੱਤਾਧਾਰੀ ਪਾਰਟੀ ਨੇ ਕਈ ਪਾਰਟੀਆਂ ਦਾ ਰਲੇਵਾਂ ਕਰਕੇ ਆਪਣਾ ਮੇਅਰ ਬਣਾਇਆ ਸੀ ਤੇ ਹੁਣ ਜਾਂ ਤੇ ਫਗਵਾੜਾ ਵਿਖੇ ਬਾਕੀ ਸਾਰੀਆਂ ਪਾਰਟੀਆਂ ਮਿਲ ਕੇ ਆਪਣਾ ਚੇਅਰਮੈਨ ਬਣਾਉਣਗੀਆਂ ਜਾਂ ਸੱਤਾਧਾਰੀ ਪਾਰਟੀ ਫਿਰ ਤਿਕੜਮਬਾਜ਼ੀ ਕਰੇਗੀ। ਇਹ ਆਉਣ ਵਾਲੇ ਸਮੇਂ ਵਿਚ ਹੋਰ ਵੀ ਜ਼ਿਆਦਾ ਦਿਲਚਸਪ ਹੋਵੇਗਾ