-ਲਾਗਤ 7 ਤੋਂ 8

-ਲਾਗਤ 7 ਤੋਂ 8 ਰੁਪਏ ਪ੍ਰਤੀ ਕਿਲੋ ਪਰ ਵਿਕ ਰਿਹਾ 3.5 ਤੋਂ 4 ਰੁਪਏ ਕਿਲੋ, ਅਫਗਾਨਿਸਤਨ ਰਾਹੀ ਖਾੜੀ ਦੇਸ਼ਾਂ ਨੂੰ ਆਲੂ ਭੇਜਣ ਦੀ ਪ੍ਰਧਾਨ ਮੰਤਰੀ ਕੋਲੋ ਮੰਗ
ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ : ਪਿਛਲੇ ਕੁਝ ਸਾਲਾਂ ਤੋਂ ਮੰਦੀਂ ਦੀ ਮਾਰ ਝੱਲ ਰਹੇ ਆਲੂ ਉਤਪਾਦਕਾਂ ਲਈ ਮੌਜੂਦਾ ਸੀਜ਼ਨ ਵੀ ਉਮੀਦਾਂ ਦੇ ਬਿਲਕੁਲ ਉਲਟ ਨਿਕਲਿਆ ਹੈ। ਆਲੂ ਉਗਾਉਣ ਦੀ 7 ਤੋਂ 8 ਰੁਪਏ ਪ੍ਰਤੀ ਕਿਲੋ ਲਾਗਤ ਆਉਦੀ ਹੈ, ਪਰ ਬਾਜ਼ਾਰ ਵਿੱਚ ਇਸ ਵਾਰ ਕਿਸਾਨ ਦਾ ਆਲੂ 3.5 ਤੋਂ 4.00 ਰੁਪਏ ਤੱਕ ਵੀ ਖਰੀਦਣ ਲਈ ਕੋਈ ਤਿਆਰ ਨਹੀਂ ਹੈਂ। ਪੰਜਾਬ ਕੋਲ ਕੋਈ ਸਮੁੰਦਰ ਤਟ (ਪੋਰਟ) ਨਾ ਹੋਣ ਕਾਰਨ ਅਤੇ ਵਾਘਾ ਬਾਡਰ ਦੇ ਬੰਦ ਹੋਣ ਕਾਰਣ ਸੂਬੇ ਦੇ ਕਿਸਾਨਾਂ ਨੂੰ ਆਲੂ ਦੀ ਬਰਬਾਦੀ ਝੱਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਰਾਜ ਦੀ ਆਰਥਿਕਤਾ ਵੀ ਪ੍ਰਭਾਵਿਤ ਹੋ ਰਹੀ ਹੈ। ਲਗਾਤਾਰ ਮੰਦੀਂ ਕਾਰਨ ਤਬਾਹੀ ਦੇ ਕਿਨਾਰੇ ਖੜੇ ਆਲੂ ਉਤਪਾਦਕ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਵਾਘਾ ਬਾਰਡਰ ਖੋਲਿਆ ਜਾਵੇ ਅਤੇ ਆਫਗਾਨਿਸਤਾਨ ਰਾਹੀਂ ਖਾੜੀ ਤੇ ਹੋਰ ਦੇਸ਼ਾਂ ਨੂੰ ਆਲੂ ਭੇਜਣ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਕਿਸਾਨ ਬੱਚ ਸਕਣ।
ਪਿਛਲੇ ਸਾਲ ਪੰਜਾਬ ਵਿੱਚ 5.5 ਕਰੋੜ ਕਵਿੰਟਲ ਆਲੂ ਪੈਦਾ ਹੋਇਆ ਸੀ ਅਤੇ ਇਸ ਵਾਰ ਇਸ ਤੋਂ ਵੀ ਜ਼ਿਆਦਾ ਉਪਜ ਦੀ ਉਮੀਦ ਹੈ। ਸਾਲ 2024-25 ਦੌਰਾਨ ਚਾਰ ਕਰੋੜ ਬੋਰੀ ਆਲੂ ਸਟੋਰ ਕੀਤਾ ਗਿਆ ਸੀ ਤੇ ਉਸਤੋ ਪਹਿਲਾ ਕਿਸਾਨਾਂ ਨੂੰ ਇੱਕ ਕਰੋੜ ਕਵਿੰਟਲ ਆਲੂ ਸੜਕਾਂ ਉੱਤੇ ਸੁੱਟਣ ਲਈ ਮਜਬੂਰ ਹੋਣਾ ਪਿਆ ਸੀ। ਬੰਗਾਲ ਵਿੱਚ 23 ਕਰੋੜ ਬੋਰੀ ਆਲੂ ਉੱਗੇ ਸਨ ਜਿਨ੍ਹਾਂ ਵਿਚੋਂ 14 ਕਰੋੜ ਸਟੋਰ ਕੀਤੇ ਗਏ ਅਤੇ ਇਨ੍ਹਾਂ ਵਿਚੋਂ 6 ਕਰੋੜ ਆਲੂ 280 ਤੋਂ 350 ਰੁਪਏ ਦੇ ਹਿਸਾਬ ਨਾਲ ਵੇਚੇ ਗਏ। ਇਸੇ ਤਰ੍ਹਾਂ ਦੀ ਸਥਿਤੀ ਯੂਪੀ ਤੇ ਗੁਜਰਾਤ ਦੀ ਵੀ ਰਹੀ। ਯੂਪੀ ਵਿੱਚ 24 ਕਰੋੜ ਕਵਿੰਟਲ ਕੁੱਲ ਉਤਪਾਦਨ ਵਿੱਚੋਂ 18 ਕਰੋੜ ਸਟੋਰ ਹੋ ਗਏ ਜਦੋਂ ਕਿ 5 ਕਰੋੜ ਕਵਿੰਟਲ 200 ਤੋਂ 300 ਰੁਪਏ ਦੇ ਅਨੁਸਾਰ ਵੇਚੇ ਗਏ । ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਪਹਿਲਾਂ ਆਲੂ ਪਾਕਿਸਤਾਨ ਨੂੰ ਨਿਰਯਾਤ ਕੀਤਾ ਜਾਂਦਾ ਸੀ ਪਰ ਪਿਛਲੇ ਕਈ ਸਾਲਾਂ ਤੋਂ ਵਾਘਾ ਬਾਰਡਰ ਬੰਦ ਹੋਣ ਕਾਰਣ ਪਾਕਿਸਤਾਨ ਨੇ ਭਾਰਤ ਤੋਂ ਆਲੂ ਖਰੀਦਣ ਦੀ ਥਾਂ ਨੀਦਰਲੈਂਡ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਹੈ।
ਪਾਕਿਸਤਾਨ ਵਿੱਚ ਭਾਰਤੀ ਆਲੂ ਨਾ ਜਾਣ ਕਾਰਨ ਇਸਦਾ ਨੁਕਸਾਨ ਸਿਰਫ਼ ਪੰਜਾਬ ਨੂੰ ਹੀ ਨਹੀਂ, ਸਗੋਂ ਦੇਸ਼ ਦੇ ਸਾਰੇ ਆਲੂ ਉਤਪਾਦਕ ਕਿਸਾਨਾਂ ਨੂੰ ਹੋ ਰਿਹਾ ਹੈ। ਹੋਰ ਸੂਬਿਆ ਦੇ ਆਲੂ ਕਈ ਹੋਰ ਦੇਸ਼ਾਂ ਨੂੰ ਸਪਲਾਈ ਕਰ ਦਿੱਤੇ ਜਾਂਦੇ ਹਨ ਪਰ ਪੰਜਾਬ ਕੋਲ ਪਾਕਿਸਤਾਨ ਨੂੰ ਆਲੂ ਭੇਜਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ ਅਤੇ ਉਹ ਰਸਤਾ ਵੀ ਲੰਬੇ ਸਮੇੰ ਤੋ ਬੰਦ ਹੋਇਆ ਪਿਆ ਹੈ। ਪੰਜਾਬ ਪੈਟੇਟੋ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਅਤੇ ਪਿੰਡ ਬਰਿੰਦਪੁਰ ਦੇ ਕਿਸਾਨ ਹਰਦੀਪ ਸਿੰਘ ਭੋਲਾ ਅਤੇ ਕੁਲਦੀਪ ਸਿੰਘ ਢੋਟ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿੱਖ ਕੇ ਆਲੂ ਉਤਪਾਦਕ ਕਿਸਾਨਾਂ ਦੀ ਦੁਰਦਸ਼ਾ ਬਿਆਨ ਕੀਤੀ ਹੈ। ਕੁਲਦੀਪ ਸਿੰਘ ਦੱਸਦੇ ਦਹਨ ਕਿ ਆਲੂ ਉਤੇ 7 ਤੋਂ 8 ਰੁਪਏ, ਮਟਰ ਉਤੇ 15 ਰੁਪਏ, ਗਾਜਰ ਤੇ ਗੋਭੀ ਉਤੇ 6 ਰੁਪਏ, ਟਮਾਟਰ ਉਤੇ 9 ਤੋਂ 10 ਅਤੇ ਪਿਆਜ਼ ਉਤੇ 8-10 ਰੁਪਏ ਖਰਚ ਆਉਂਦਾ ਹੈ ਪਰ ਮਾਰਕੀਟ ਵਿੱਚ ਕਿਸਾਨ ਨੂੰ ਮਿਲ ਰਹੀ ਦਰ ਬਹੁਤ ਹੀ ਘੱਟ ਹੈ। ਇਸ ਕਾਰਨ ਆਲੂ ਉਗਾਉਣ ਵਾਲੇ ਕਿਸਾਨ ਕਰੋੜਾਂ ਰੁਪਏ ਦੇ ਕਰਜ਼ੇ ਵਿੱਚ ਦਬ ਗਏ ਹਨ।
ਉਹਨ੍ਹਾਂ ਨੇ ਦੱਸਿਆ ਕਿ ਆਲੂ ਦੀ ਫਸਲ ਉਗਾਉਣ ਵਾਲੇ ਕਿਸਾਨ ਵਾਜਬ ਕੀਮਤ ਨਾ ਮਿਲਣ ਕਾਰਣ ਘਾਟੇ ਵਿੱਚ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਦੀ ਆਮਦਨ ਵਧ ਰਹੀ ਹੈ ਪਰ ਕਿਸਾਨ ਦੀ ਆਮਦਨ ਘੱਟ ਰਹੀ ਹੈ। ਖੇਤੀ ਚ ਲਾਗਤ ਵੀ ਪੂਰੀ ਨਾ ਹੋਣ ਕਾਰਨ ਪਿਛਲੇ 15 ਸਾਲਾਂ ਦੌਰਾਨ 18 ਹਜ਼ਾਰ ਤੋ ਵੱਧ ਕਿਸਾਨ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕੇ ਹਨ। ਢੋਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਵਾਘਾ ਬਾਰਡਰ ਛੇਤੀ ਤੋ ਛੇਤੀ ਖੋਲਿਆ ਜਾਵੇ ਅਤੇ ਅਫਗਾਨਿਸਤਾਨ ਤੇ ਇਰਾਕ ਨਾਲ ਚਾਬਹਾਰ ਬੰਦਰਗਾਹ ਰਾਹੀਂ ਸਾਂਝੇਦਾਰੀ ਕਰਕੇ ਉਥੇ 280 ਮਿਲੀਅਨ ਅਮਰੀਕੀ ਡਾਲਰ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ। ਇਸਦੇ ਚੱਲਦਿਆ ਉੱਕਤ ਬੰਦਰਗਾਹ ਰਾਹੀਂ ਆਲੂ ਨੂੰ ਅਰਬ ਦੇਸ਼ਾਂ ਨੂੰ ਭੇਜ ਕੇ ਕਿਸਾਨਾਂ ਨੂੰ ਬਚਾਇਆ ਜਾ ਸਕਦਾ ਹੈ। ਪਿੰਡ ਬਰਿੰਦਪੁਰ ਚ ਕਰੀਬ 160 ਏਕੜ ਵਿੱਚ ਆਲੂ ਦੀ ਕਾਸ਼ਤ ਕਰਨ ਵਾਲੇ ਕਿਸਾਨ ਹਰਦੀਪ ਸਿੰਘ ਭੋਲਾ ਅਤੇ ਹਰਦੇਵ ਸਿੰਘ ਢੋਟ ਨੇ ਦੱਸਿਆ ਕਿ ਉਹਨਾ ਨੇ ਜਿਹੜੀ ਜਮੀਨ ਠੇਕੇ ਤੇ ਲਈ ਸੀ ਉਸ ਉਪਰ ਠੇਕੇ ਦੀ ਰਕਮ ਅਤੇ ਬੀਜ ਤੇ ਇਲਾਵਾ ਸਾਰੇ ਖਰਚੇ ਮਿਲਾ ਕੇ 75 ਹਜਾਰ ਰੁਪਏ ਖਰਚ ਆਇਆ ਹੈ ਲੇਕਿਨ ਆਲੂ ਸਿਰਫ 3.75 ਰੁਪਏ ਹੀ ਵਿੱਕ ਸਕਿਆ ਹੈ। ਇਸ ਕਾਰਣ ਉਹ ਵੱਡਾ ਆਰਥਿਕ ਨੁਕਸਾਨ ਝੱਲਣ ਲਈ ਮਜਬੂਰ ਹਨ।
ਕਿਸਾਨ ਜਗਜੀਤ ਸਿੰਘ ਸ਼ਿਕਾਰਪੁਰ, ਤਰਲੋਚਨ ਸਿੰਘ ਬਰਿੰਦਪੁਰ ਤੇ ਦਿਆਲ ਸਿੰਘ ਡਡਵਿੰਡੀ ਨੇ ਦੱਸਿਆ ਹੈ ਕਿ ਇਸ ਵਾਰ ਆਲੂ ਦੀ ਬਹੁਤ ਜਿਆਦਾ ਬੇਕਰਦੀ ਹੋ ਰਹੀ ਹੈ। ਨਾ ਤਾ ਕਿਸਾਨ ਆਲੂ ਨੂੰ ਸਟੋਰ ਕਰ ਸਕਦਾ ਹੈ ਅਤੇ ਨਾ ਹੀ ਉਸਦੀ ਲਾਗਤ ਪੂਰੀ ਹੋ ਰਹੀ ਹੈ, ਜਿਸਦੇ ਚੱਲਦਿਆ ਆਲੂ ਉਤਪਾਦਕ ਕਿਸਾਨਾ ਦੀ ਹਾਲਤ ਬਹੁਤ ਹੀ ਪਤਲੀ ਹੋ ਗਈ ਹੈ। ਉਹਨਾ ਨੇ ਕਿਹਾ ਕਿ ਫਸਲ ਦੀ ਬਿਜਾਈ ਤੋ ਲੇਕਰ ਭਰਾਈ ਤੱਕ ਲੇਬਰ ਤੇ ਹੋਰ ਖਰਚਿਆ ਕਾਰਣ 7-8 ਰੁਪਏ ਪ੍ਰਤਿ ਕਿਲੋ ਲਾਗਤ ਆਉਦੀ ਹੈ ਲੇਕਿਨ ਕੀਮਤ ਬਹੁਤ ਹੀ ਘੱਟ ਤਿੰਨ ਤੋ ਚਾਰ ਰੁਪਏ ਮਿਲ ਰਹੀ ਹੈ, ਜਿਸਨੇ ਕਿਸਾਨਾ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਉਹਨਾ ਨੇ ਕੇਂਦਰ ਤੇ ਪੰਜਾਬ ਸਰਕਾਰ ਤੋ ਆਲੂ ਉਤਪਾਦਕ ਕਿਸਾਨ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ।