ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਬੱਸ ਕੀਤੀ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਐਡਵੋਕੇਟ ਚੰਦੀ ਨੇ ਕੀਤੀ ਬੱਸ ਰਵਾਨਾ
Publish Date: Mon, 20 Apr 2026 09:02 PM (IST)
Updated Date: Mon, 20 Apr 2026 09:06 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭੇਜਣ ਦੇ ਉਦੇਸ਼ ਨਾਲ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਹਲਕਾ ਕਪੂਰਥਲਾ ਦੇ ਪਿੰਡ ਖੁਖਰੈਣ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਹਲਕਾ ਵਾਸੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋ ਰਹੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਐਡਵੋਕੇਟ ਚੰਦੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ,ਜਿਸ ਤਹਿਤ ਪੰਜਾਬ ਦੇ ਨਿਵਾਸੀਆਂ ਨੂੰ ਦੇਸ਼ ਦੇ ਪ੍ਰਮੁੱਖ ਤੀਰਥ ਅਸਥਾਨਾਂ ਦੇ ਦਰਸ਼ਨ ਮੁਫ਼ਤ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਰਹਿਣ-ਸਹਿਣ, ਖਾਣ-ਪੀਣ ਤੇ ਆਵਾਜਾਈ ਦੀ ਵਿਵਸਥਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਐਡਵੋਕੇਟ ਚੰਦੀ ਨੇ ਕਿਹਾ ਕਿ ਇਸ ਯੋਜਨਾ ਵਿਚ ਸਿੱਖ ਧਰਮ ਦੇ ਧਾਰਮਿਕ ਸਥਾਨਾਂ ਦੇ ਨਾਲ-ਨਾਲ ਹਿੰਦੂ, ਮੁਸਲਿਮ ਤੇ ਹੋਰ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਆਪਣੇ ਕੋਲੋਂ ਇਕ ਵੀ ਰੁਪਇਆ ਖਰਚ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਸਾਰਾ ਖਰਚਾ ਸਰਕਾਰ ਕਰਦੀ ਹੈ। ਯਾਤਰਾ ਦੌਰਾਨ ਰਸਤੇ ਵਿਚ ਤੇ ਯਾਤਰਾ ਵਾਲੇ ਤੀਰਥ ਸਥਾਨ ’ਤੇ ਪਹੁੰਚ ਕੇ ਵਧੀਆ ਹੋਟਲਾਂ ਤੇ ਸਰਾਵਾਂ ਦਾ ਰਹਿਣ ਲਈ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਸ਼ਰਧਾਲੂਆਂ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਕਈ ਧਾਰਮਿਕ ਸਥਾਨਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ’ਚ ਸ੍ਰੀ ਹਜ਼ੂਰ ਸਾਹਿਬ (ਨਾਂਦੇੜ, ਮਹਾਰਾਸ਼ਟਰ), ਸ੍ਰੀ ਪਟਨਾ ਸਾਹਿਬ (ਬਿਹਾਰ), ਕਾਸ਼ੀ ਵਿਸ਼ਵਨਾਥ (ਵਾਰਾਣਸੀ), ਮਾਤਾ ਵੈਸ਼ਨੋ ਦੇਵੀ (ਕਟੜਾ), ਅਜਮੇਰ ਸ਼ਰੀਫ ਦਰਗਾਹ ਤੇ ਸਾਲਾਸਰ ਬਾਲਾਜੀ ਧਾਮ ਸ਼ਾਮਲ ਹਨ।